ਹਰਜੀਤ ਸਿੰਘ
ਜ਼ੀਰਕਪੁਰ, 24 ਮਈ
ਪਿਆਰ ਵਿੱਚ ਧੋਖਾ ਮਿਲਣ ’ਤੇ ਨੌਜਵਾਨ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਪੁਲੀਸ ਨੇ ਉਸ ਦੀ ਕਥਿਤ ਪ੍ਰੇਮਿਕਾ ਖ਼ਿਲਾਫ਼ ਖ਼ੁਦਕੁਸ਼ੀ ਕਰਨ ਲਈ ਮਜਬੂਰ ਕਰਨ ਦੇ ਦੋਸ਼ ਹੇਠ ਕੇਸ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਮੁਖੀ ਇੰਸਪੈਕਟਰ ਦੀਪਇੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਸੂਚਨਾ ਮਿਲਣ ਮਗਰੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਡੇਰਾਬੱਸੀ ਦੇ ਮੁਰਦਾਘਰ ਵਿੱਚ ਰਖਵਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕ ਦੀ ਪਛਾਣ 19 ਸਾਲਾ ਦਾ ਹਿਤਆਰਥ ਕੁਮਾਰ ਪਾਲ ਵਾਸੀ ਸਵਾਸਤਿਕ ਵਿਹਾਰ, ਜ਼ੀਰਕਪੁਰ ਦੇ ਰੂਪ ਵਿੱਚ ਹੋਈ ਹੈ। ਮ੍ਰਿਤਕ ਖਰੜ ਦੇ ਇਕ ਕਾਲਜ ਵਿੱਚ ਪੜ੍ਹਦਾ ਸੀ। ਖੁਦਕੁਸ਼ੀ ਨੋਟ ਵਿੱਚ ਉਸ ਨੇ ਦੱਸਿਆ ਕਿ ਉਸ ਦੇ ਨਾਲ ਕਾਲਜ ਵਿੱਚ ਪੜ੍ਹਦੀ ਲੜਕੀ ਨੀਤਿਕਾ ਵਾਸੀ ਸੈਕਟਰ 41ਏ ਚੰਡੀਗੜ੍ਹ ਨਾਲ ਉਸ ਦੇ ਪੰਜ ਸਾਲਾ ਤੋਂ ਪ੍ਰੇਮ ਸਬੰਧ ਸਨ। ਲੰਘੇ ਕੁਝ ਦਿਨਾਂ ਤੋਂ ਉਸ ਦੀ ਪ੍ਰੇਮਿਕਾ ਨੇ ਉਸ ਨਾਲ ਧੋਖਾ ਕਰਦਿਆਂ ਉਸ ਨੂੰ ਛੱਡ ਦਿੱਤਾ। ਇਸ ਤੋਂ ਪ੍ਰੇਸ਼ਾਨ ਹੋ ਕੇ ਉਹ ਖ਼ੁਦਕੁਸ਼ੀ ਕਰ ਰਿਹਾ ਹੈ।