ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 7 ਸਤੰਬਰ
ਇੱਥੋਂ ਦੇ ਟੀਡੀਆਈ ਸਿਟੀ ਸੈਕਟਰ-110 ਦੇ ਇੱਕ ਫਲੈਟ ’ਚੋਂ ਨੌਜਵਾਨ ਦੀ ਲਾਸ਼ ਮਿਲੀ ਹੈ। ਸੈਕਟਰ ਵਾਸੀਆਂ ਨੇ ਦੱਸਿਆ ਕਿ ਇਸ ਨੌਜਵਾਨ ਕੋਲ ਪਿਸਤੌਲ ਵੀ ਸੀ। ਹਾਲਾਂਕਿ ਸੋਹਾਣਾ ਪੁਲੀਸ ਸੂਚਨਾ ਮਿਲਣ ਤੋਂ ਬਾਅਦ ਮੌਕੇ ’ਤੇ ਪਹੁੰਚੀ ਅਤੇ ਲਾਸ਼ ਕਬਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕੀਤੀ ਗਈ ਪਰ ਹੁਣ ਪੁਲੀਸ ਅਧਿਕਾਰੀ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਨ ਤੋਂ ਟਲ ਰਹੇ ਹਨ।
ਉੱਧਰ, ਟੀਡੀਆਈ ਰੈਜ਼ੀਡੈਂਟ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਐੱਸ ਆਰ ਸੈਫੀ ਨੇ ਨੌਜਵਾਨ ਦੀ ਭੇਤਭਰੀ ਮੌਤ ਬਾਰੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਟੀਡੀਆਈ ਸ਼ੁਰੂ ਤੋਂ ਕਿਸੇ ਨਾ ਕਿਸੇ ਮਾਮਲੇ ਨੂੰ ਲੈ ਕੇ ਅਖ਼ਬਾਰਾਂ ਦੀਆਂ ਸੁਰਖੀਆਂ ਵਿੱਚ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮਰਨ ਵਾਲਾ ਨੌਜਵਾਨ ਇੱਥੇ ਰਹਿੰਦੇ ਇੱਕ ਕਿਰਾਏਦਾਰ ਨੌਜਵਾਨ ਕੋਲ ਰਹਿਣ ਲਈ ਆਇਆ ਸੀ। ਉਨ੍ਹਾਂ ਕਿਹਾ ਕਿ ਪੁਲੀਸ ਨੇ ਕਦੇ ਵੀ ਫਲੈਟਾਂ ਵਿੱਚ ਰਹਿੰਦੇ ਬਾਹਰਲੇ ਵਿਅਕਤੀਆਂ ਦੀ ਵੈਰੀਫਿਕੇਸ਼ਨ ਵੀ ਨਹੀਂ ਕੀਤੀ। ਉਨ੍ਹਾਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਤੋਂ ਨਿੱਜੀ ਦਖ਼ਲ ਦੇਣ ਦੀ ਮੰਗ ਕਰਦਿਆਂ ਕਿਹਾ ਕਿ ਨੌਜਵਾਨ ਦੀ ਮੌਤ ਦੀ ਡੂੰਘਾਈ ਨਾਲ ਜਾਂਚ ਕਰਵਾਈ ਜਾਵੇ ਅਤੇ ਡਰੱਗ ਮਾਫ਼ੀਆ ਅਤੇ ਗੈਂਗਸਟਰਾਂ ਨਾਲ ਜੁੜਦੇ ਤਾਰ ਖੰਘਾਲੇ ਜਾਣ। ਸੈਕਟਰ ਵਾਸੀਆਂ ਨੇ ਪੁਲੀਸ ਤੋਂ ਮੰਗ ਕੀਤੀ ਕਿ ਇਸ ਖੇਤਰ ਵਿੱਚ ਪੁਲੀਸ ਗਸ਼ਤ ਤੇਜ਼ ਕੀਤੀ ਜਾਵੇ।