ਪੱਤਰ ਪ੍ਰੇਰਕ
ਚੰਡੀਗੜ੍ਹ, 12 ਮਾਰਚ
ਪੰਜਾਬ ਦੇ ਮੁਲਾਜ਼ਮਾਂ ਨੂੰ ਚੋਣਾਂ ਜਿੱਤ ਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਤੋਂ ਵੱਡੀਆਂ ਉਮੀਦਾਂ ਹਨ। ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਦੇ ਮਾੜੇ ਪ੍ਰਦਰਸ਼ਨ ਲਈ ਪੈਨਸ਼ਨਰਾਂ ਅਤੇ ਮੁਲਾਜ਼ਮ ਵਰਗ ਦੀ ਨਾਰਾਜ਼ਗੀ ਨੂੰ ਵੀ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ।
ਆਮ ਆਦਮੀ ਪਾਰਟੀ ਦੇ ਮੁਲਾਜ਼ਮ ਵਿੰਗ ਦੇ ਸੀਨੀਅਰ ਸੂਬਾ ਮੀਤ ਪ੍ਰਧਾਨ ਗੁਰਮੇਲ ਸਿੰਘ ਸਿੱਧੂ ਨੇ ਸੈਕਟਰ-17 ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੈਲਟ ਪੇਪਰ ਰਾਹੀਂ ਪਈਆਂ ਮੁਲਾਜ਼ਮ ਵਰਗ ਦੀਆਂ ਵੋਟਾਂ ਦਾ ਲਗਭਗ 80 ਫੀਸਦੀ ਕਾਂਗਰਸ ਖ਼ਿਲਾਫ਼ ਭੁਗਤਿਆ ਹੈ। ਟਰਾਂਸਪੋਰਟ ਵਿਭਾਗ ਤੋਂ ਮੁਲਾਜ਼ਮ ਆਗੂ ਜਗਜੀਵਨ ਸਿੰਘ, ਲਾਭ ਸਿੰਘ ਸੈਣੀ, ਉਦਯੋਗ ਵਿਭਾਗ ਦੇ ਪ੍ਰਧਾਨ ਰੰਜੀਵ ਕੁਮਾਰ ਸ਼ਰਮਾ, ਜਲ ਸਰੋਤ ਵਿਭਾਗ ਤੋਂ ਜਗਦੇਵ ਕੌਲ ਆਦਿ ਨੇ ਕਿਹਾ ਕਿ ਤਨਖਾਹ ਸਕੇਲਾਂ ਦੇ ਗੁਣਨਖੰਡਾਂ ਦੀਆਂ ਉਲਝਣਾਂ, ਕੱਚੇ ਮੁਲਾਜ਼ਮ ਪੱਕੇ ਨਾ ਕਰਨੇ, ਪੁਰਾਣੀ ਪੈਨਸ਼ਨ ਬਹਾਲ ਨਾ ਕਰਨੀ, ਨਵੀਂ ਭਰਤੀ ਨਾ ਕਰਨੀ ਆਦਿ ਸਾਰੇ ਅਣਸੁਲਝੇ ਮਸਲੇ ਕਾਂਗਰਸ ਪਾਰਟੀ ਦੇ ਖ਼ਿਲਾਫ਼ ਭੁਗਤੇ। ਇਸ ਮੌਕੇ ਆਮ ਆਦਮੀ ਪਾਰਟੀ ਦੀ ਜਿੱਤ ਦੀ ਖੁਸ਼ੀ ਵਿੱਚ ਸੈਕਟਰ 17 ਵਿੱਚ ਮੁਲਾਜ਼ਮਾਂ ਵੱਲੋਂ ਲੱਡੂ ਵੀ ਵੰਡੇ ਗਏ ਅਤੇ ਪਾਰਟੀ ਦੇ ਮੁਲਾਜ਼ਮ ਵਿੰਗ ਦੇ ਸੀਨੀਅਰ ਸੂਬਾ ਮੀਤ ਪ੍ਰਧਾਨ ਗੁਰਮੇਲ ਸਿੰਘ ਸਿੱਧੂ ਦਾ ਵੀ ਸਨਮਾਨ ਕੀਤਾ ਗਿਆ।
ਇਸ ਮੌਕੇ ਜਗਜੀਤ ਸਿੰਘ, ਸੁਖਚੈਨ ਸਿੰਘ, ਉਦਯੋਗ ਵਿਭਾਗ ਯੂਨੀਅਨ ਦੇ ਜਨਰਲ ਸਕੱਤਰ ਅਮਰਜੀਤ ਸਿੰਘ, ਰਵਿੰਦਰ ਸਿੰਘ, ਕੁਲਵੀਰ ਸਿੰਘ, ਸੰਦੀਪ ਸਿੰਘ, ਸਿੰਚਾਈ ਵਿਭਾਗ ਤੋਂ ਆਸ਼ੀਸ਼ ਸੈਣੀ, ਕੁਲਦੀਪ ਕੰਗ ਤੇ ਸਿਮਰਜੀਤ ਸਿੰਘ ਹਾਜ਼ਰ ਸਨ।