ਖੇਤਰੀ ਪ੍ਰਤੀਨਿਧ
ਐਸ.ਏ.ਐਸ.ਨਗਰ(ਮੁਹਾਲੀ), 19 ਜੁਲਾਈ
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਜ਼ਿਲ੍ਹਾ ਇਕਾਈ ਨੇ ਅੱਜ ਪੰਜਾਬ ਦੇ ਰਾਜਪਾਲ ਲਈ ਐਸਡੀਐਮ ਸਰਬਜੀਤ ਕੌਰ ਨੂੰ ਮੰਗ ਪੱਤਰ ਦੇ ਕੇ ਪਾਰਟੀ ਪ੍ਰਧਾਨ ਅਤੇ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਦੀ ਦਸਤਾਰ ਲਾਹੁਣ ਵਾਲੇ ਲਈ ਪੰਜ ਲੱਖ ਦਾ ਇਨਾਮ ਐਲਾਨਣ ਵਾਲੇ ਜਸਵੰਤ ਸਿੰਘ ਭਾਰੜਾ ਅਤੇ ਹੋਰਨਾਂ ਖ਼ਿਲਾਫ਼ ਤੁਰੰਤ ਪਰਚਾ ਦਰਜ ਕਰਨ ਦੀ ਮੰਗ ਕੀਤੀ।
ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਭਾਟੀਆ, ਸੇਵਾ ਸਿੰਘ ਗੀਗੇਮਾਜਰਾ, ਗੁਰਮੇਲ ਸਿੰਘ ਮਨੌਲੀ, ਬਲਬੀਰ ਸਿੰਘ ਸੋਹਾਣਾ, ਨੈਬ ਸਿੰਘ ਗੀਗੇਮਾਜਰਾ, ਧਰਮਪ੍ਰੀਤ ਸਿੰਘ, ਸੁਖਚੈਨ ਸਿੰਘ ਆਦਿ ਵੱਲੋਂ ਦਿੱਤੇ ਮੰਗ ਪੱਤਰ ਵਿੱਚ ਆਖਿਆ ਗਿਆ ਕਿ ਸੰਸਦ ਮੈਂਬਰ ਮਾਨ ਵਿਰੁੱਧ ਇਹ ਸਭ ਕੁੱਝ ਸਰਕਾਰੀ ਸ਼ਹਿ ਉੱਤੇ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋ ਚੁੱਕੀ ਹੈ ਤੇ ਆਪਣੀਆਂ ਕਮਜ਼ੋਰੀਆਂ ਉੱਤੇ ਪਰਦਾ ਪਾਉਣ ਅਤੇ ਲੋਕਾਂ ਦਾ ਧਿਆਨ ਮੁੱਖ ਮੁੱਦਿਆਂ ਤੋਂ ਪਾਸੇ ਕਰਨ ਲਈ ਅਜਿਹਾ ਕੁੱਝ ਕਰਵਾ ਰਹੀ ਹੈ।