ਹਰਜੀਤ ਸਿੰਘ
ਜ਼ੀਰਕਪੁਰ, 10 ਅਗਸਤ
ਬਲਟਾਣਾ ਵਿੱਚ ਪੈਂਦੇ ਰਵਿੰਦਰਾ ਐਨਕਲੇਵ ਵਿੱਚ ਲੰਘੇ ਦੋ ਹਫ਼ਤੇ ਤੋਂ ਚਲ ਰਹੀ ਸੀਵਰੇਜ ਓਵਰਫਲੋ ਦੀ ਸਮੱਸਿਆ ਤੋਂ ਤੰਗ ਆ ਕੇ ਅੱਜ ਕਲੋਨੀ ਵਾਸੀਆਂ ਨੇ ਨਗਰ ਕੌਂਸਲ ਦਾ ਘਿਰਾਓ ਕੀਤਾ। ਮੁਜ਼ਹਰਾਕਾਰੀਆਂ ਵਿੱਚ ਕਲੋਨੀ ਦੀ ਔਰਤਾਂ ਦੀ ਤਾਦਾਤ ਵਧ ਸੀ। ਮੁਜ਼ਹਰਾਕਾਰੀ ਔਰਤਾਂ ਨੇ ਦੋਸ਼ ਲਾਇਆ ਕਿ ਲੰਘੇ ਕਈਂ ਦਿਨਾਂ ਤੋਂ ਉਹ ਸਮੱਸਿਆ ਦਾ ਹੱਲ ਕਰਨ ਦੀ ਮੰਗ ਕਰ ਰਹੇ ਹਨ ਪਰ ਕੌਂਸਲ ਅਧਿਕਾਰੀ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਹੇ ਹਨ। ਮੌਕੇ ’ਤੇ ਅੱਜ ਕੌਂਸਲ ਦੇ ਕਾਰਜ ਸਾਧਕ ਅਫਸਰ ਦਫਤਰ ਵਿੱਚ ਨਹੀਂ ਸੀ ਜਿਸ ਕਾਰਨ ਔਰਤਾਂ ਦਾ ਗੁੱਸਾ ਜ਼ਿਆਦਾ ਭੜਕ ਗਿਆ। ਉਨ੍ਹਾਂ ਨੇ ਦੋਸ਼ ਲਾਇਆ ਕਿ ਅਧਿਕਾਰੀ ਕਦੇ ਵੀ ਆਪਣੀ ਸੀਟ ’ਤੇ ਨਹੀਂ ਮਿਲਦੇ। ਇਸ ਦੌਰਾਨ ਕੌਂਸਲ ਦੇ ਐਮ.ਈ. ਵਿਨੈ ਮਹਾਜਨ ਨੇ ਮੌਕੇ ’ਤੇ ਪਹੁੰਚ ਕੇ ਸਮੱਸਿਆ ਦਾ ਛੇਤੀ ਹੱਲ ਕਰਨ ਦਾ ਭਰੋਸਾ ਦੇ ਕੇ ਮੁਜ਼ਹਰਾਕਾਰੀਆਂ ਨੂੰ ਸ਼ਾਂਤ ਕੀਤਾ।
ਮੁਜ਼ਹਰਾਕਾਰੀ ਅੰਜਲੀ ਖੁਰਾਣਾ, ਮਹਿਤਾਬ ਸੋਨਾ, ਸ਼ਵੇਤਾ, ਅਨਿਰੁੱਧ, ਆਰਤੀ, ਬੀਨਾ ਰਾਣਾ ਆਦਿ ਨੇ ਦੱਸਿਆ ਕਿ ਲੰਘੇ ਦੋ ਹਫ਼ਤਿਆਂ ਤੋਂ ਕਲੋਨੀ ’ਚ ਸੀਵਰੇਜ ਲਾਈਨ ਜਾਮ ਹੋਣ ਕਾਰਨ ਦੂਸ਼ਿਤ ਪਾਣੀ ਓਵਰਫਲੋ ਹੋ ਕੇ ਗਲੀਆਂ ’ਚ ਫਿਰ ਰਿਹਾ ਹੈ। ਉਹ ਕਈਂ ਵਾਰ ਵਾਰਡ ਦੇ ਕੌਂਸਲਰ, ਕੌਂਸਲ ਪ੍ਰਧਾਨ ਤੇ ਅਧਿਕਾਰੀਆਂ ਨੂੰ ਸੂਚਿਤ ਕਰ ਚੁੱਕੇ ਹਨ ਪਰ ਕੋਈ ਧਿਆਨ ਨਹੀਂ ਦੇ ਰਿਹਾ। ਗਲੀਆਂ ਵਿੱਚੋਂ ਸਾਰਾ ਦਿਨ ਬਦਬੂ ਉੱਠਦੀ ਰਹਿੰਦੀ ਹੈ ਜਿਸ ਕਾਰਨ ਉਨ੍ਹਾਂ ਦਾ ਸਾਹ ਲੈਣਾ ਔਖਾ ਹੋਇਆ ਪਿਆ ਹੈ। ਕਲੋਨੀ ਵਿੱਚ ਥਾਂ ਥਾਂ ਖੜ੍ਹੇ ਦੂਸ਼ਿਤ ਪਾਣੀ ਕਾਰਨ ਬਿਮਾਰੀ ਫੈਲਣ ਦਾ ਖ਼ਦਸ਼ਾ ਬਣਿਆ ਹੋਇਆ ਹੈ। ਉਨ੍ਹਾਂ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਲੰਮੇਂ ਸਮੇਂ ਤੋਂ ਸੀਵਰੇਜ ਲਾਈਨ ਦੀ ਸਫਾਈ ਨਹੀਂ ਕੀਤੀ ਜਿਸ ਕਾਰਨ ਉਹ ਜਾਮ ਹੋ ਗਈ ਹੈ। ਇਸ ਤੋਂ ਇਲਾਵਾ ਸੀਵਰੇਜ ਲਾਈਨ ਲੋਕਾਂ ਦੀ ਸਮਰਥਾਂ ਤੋਂ ਛੋਟੀ ਹੈ ਜਿਸ ਕਾਰਨ ਇਹ ਨਿੱਤ ਦਿਹਾੜੇ ਜਾਮ ਹੋ ਜਾਂਦੀ ਹੈ। ਉਨ੍ਹਾਂ ਨੇ ਇਸ ਸਮੱਸਿਆ ਦਾ ਪੱਕਾ ਹੱਲ ਕਰਨ ਦੀ ਮੰਗ ਕੀਤੀ। ਕੌਂਸਲ ਦੇ ਪ੍ਰਧਾਨ ਉਦੈਵੀਰ ਸਿੰਘ ਢਿੱਲੋਂ ਨੇ ਕਿਹਾ ਕਿ ਅਧਿਕਾਰੀਆਂ ਨੂੰ ਸਮੱਸਿਆ ਦਾ ਹੱਲ ਕਰਨ ਦੀ ਹਦਾਇਤ ਕਰ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਸਮੱਸਿਆ ਦਾ ਪੱਕੇ ਤੌਰ ’ਤੇ ਕੌਂਸਲ ਮੀਟਿੰਗ ’ਚ ਮਤਾ ਪਾਸ ਕਰਕੇ ਹੱਲ ਕੱਢਿਆ ਜਾਏਗਾ।