ਕਰਮਜੀਤ ਸਿੰਘ ਚਿੱਲਾ
ਬਨੂੜ, 27 ਫਰਵਰੀ
ਪਿੰਡ ਧਰਮਗੜ੍ਹ ਦੀਆਂ ਔਰਤਾਂ ਦਾ ਵੱਡਾ ਜਥਾ ਬੱਚਿਆਂ ਸਮੇਤ ਅੱਜ ਦਿੱਲੀ ਦੇ ਸਿੰਘੂ ਬਾਰਡਰ ਲਈ ਰਵਾਨਾ ਹੋਇਆ। ਪਿੰਡ ਬੂਟਾਸਿੰਘ ਵਾਲਾ ਅਤੇ ਜੰਗਪੁਰਾ ਤੋਂ ਵੀ ਮਹਿਲਾਵਾਂ ਦੇ ਜਥੇ ਪਿੰਡ ਵਾਸੀਆਂ ਵੱਲੋਂ ਦਿੱਲੀ ਵਿਖੇ ਚੱਲ ਰਹੇ ਧਰਨੇ ਵਿੱਚ ਚੱਲ ਰਹੇ ਲੰਗਰ ਵਿੱਚ ਸੇਵਾ ਕਰਨ ਲਈ ਲਗਾਤਾਰ ਦਿੱਲੀ ਜਾ ਰਹੇ ਹਨ। ਧਰਮਗੜ੍ਹ ਦੀਆਂ ਮਹਿਲਾਵਾਂ ਪਰਮਜੀਤ ਕੌਰ, ਕਰਮਜੀਤ ਕੌਰ, ਰਾਜਵਿੰਦਰ ਕੌਰ, ਮਨਪ੍ਰੀਤ ਕੌਰ, ਅਮਰਜੀਤ ਕੌਰ, ਸੁਖਵਿੰਦਰ ਕੌਰ, ਨਿਰਮਲ ਕੌਰ, ਗੁਰਪ੍ਰੀਤ ਕੌਰ, ਇਕਬਾਲ ਕੌਰ ਅਤੇ ਮਨਦੀਪ ਕੌਰ ਨੇ ਦੱਸਿਆ ਕਿ ਉਹ ਲਗਾਤਾਰ ਕਿਸਾਨ ਸੰਘਰਸ਼ ਨਾਲ ਜੁੜੀਆਂ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਪਿੰਡ ਦੀਆਂ ਮਹਿਲਾਵਾਂ ਲਗਾਤਾਰ ਸਿੰਘੂ ਬਾਰਡਰ ’ਤੇ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਉਦੋਂ ਤੱਕ ਉਹ ਸੰਘਰਸ਼ ਕਰਦੀਆਂ ਰਹਿਣਗੀਆਂ।
ਪਿੰਡ ਦਾ ਸ਼ਿੰਗਾਰਾ ਸਿੰਘ ਨਾਮੀ ਕੈਂਟਰ ਚਾਲਕ ਆਪਣੀ ਗੱਡੀ ਵਿੱਚ ਪਿੰਡ ਵਾਸੀਆਂ ਨੂੰ ਦਿੱਲੀ ਲਿਜਾਉਣ ਲਈ ਲਗਾਤਾਰ ਸੇਵਾ ਕਰ ਰਿਹਾ ਹੈ। ਪਿੰਡ ਦੇ ਬਲਦੇਵ ਸਿੰਘ, ਕਰਨੈਲ ਸਿੰਘ, ਮਾਸਟਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਕਤ ਕੈਂਟਰ ਚਾਲਕ ਲਗਾਤਾਰ ਇਹ ਸੇਵਾ ਨਿਭਾਅ ਰਿਹਾ ਹੈ।