ਆਤਿਸ਼ ਗੁਪਤਾ
ਚੰਡੀਗੜ੍ਹ, 18 ਮਈ
ਚੰਡੀਗੜ੍ਹ ਵਿੱਚ ਤੜਕੇ ਪਏ ਮੀਂਹ ਨਾਲ ਚੰਡੀਗੜ੍ਹ ਦੇ ਲੋਕਾਂ ਨੇ ਦੋ ਮਹੀਨੇ ਤੋਂ ਲਗਾਤਾਰ ਪੈ ਰਹੀ ਗਰਮੀ ਤੋਂ ਰਾਹਤ ਮਹਿਸੂਸ ਕੀਤੀ ਹੈ। ਰਾਤ ਸਮੇਂ ਤੇਜ਼ ਹਨੇਰੀ ਦੇ ਨਾਲ ਪਏ ਮੀਂਹ ਤੋਂ ਬਾਅਦ ਅੱਜ ਸਾਰਾ ਦਿਨ ਧੁੱਪ ਮੱਧਮ ਰਹੀ ਅਤੇ ਮੌਸਮ ਖੁਸ਼ਗਵਾਰ ਰਿਹਾ। ਮੌਸਮ ਵਿਭਾਗ ਅਨੁਸਾਰ 20 ਤੋਂ 22 ਮਈ ਤੱਕ ਸ਼ਹਿਰ ਵਿੱਚ ਹਲਕਾ ਮੀਂਹ ਪੈਣ ਦੀ ਪੇਸ਼ੀਨਗੋਈ ਹੈ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਤੜਕੇ 2 ਵਜੇ ਦੇ ਕਰੀਬ ਸ਼ਹਿਰ ਵਿੱਚ ਤੇਜ਼ ਹਨੇਰੀ ਅਤੇ ਬਿਜਲੀ ਲਿਸ਼ਕੀ ਜਿਸ ਤੋਂ ਬਾਅਦ ਕਰੀਬ 2.40 ਵਜੇ ਮੀਂਹ ਪੈਣਾ ਸ਼ੁਰੂ ਹੋ ਗਿਆ ਜੋ ਸਵੇਰੇ 5 ਵਜੇ ਤੱਕ ਰੁਕ-ਰੁਕ ਕੇ ਪੈਂਦਾ ਰਿਹਾ। ਇਸ ਦੌਰਾਨ ਸ਼ਹਿਰ ਵਿੱਚ 5 ਐੱਮਐੱਮ ਮੀਂਹ ਦਰਜ ਕੀਤਾ ਗਿਆ। ਅੱਜ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 40.3 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 23.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੀਂਹ ਕਾਰਨ ਬੁੱਧਵਾਰ ਸਾਰਾ ਦਿਨ ਲੋਕਾਂ ਨੇ ਗਰਮੀ ਤੋਂ ਰਾਹਤ ਮਹਿਸੂਸ ਕੀਤੀ ਜਿਸ ਕਰਕੇ ਸ਼ਹਿਰ ਦੇ ਸੁਖਨਾ ਝੀਲ, ਰੌਕ ਗਾਰਡਨ, ਬਰਡ ਪਾਰਕ, ਰੋਜ਼ ਗਾਰਡਨ ਸਣੇ ਹੋਰਨਾਂ ਘੁੰਮਣ-ਫਿਰਨ ਵਾਲੀਆਂ ਥਾਵਾਂ ’ਤੇ ਲੋਕਾਂ ਦੀ ਭੀੜ ਲੱਗੀ ਰਹੀ। ਇਸ ਤੋਂ ਇਲਾਵਾ ਸੈਕਟਰ 17, 22, 18, 8, 9 ਅਤੇ 10 ਵਿੱਚ ਵੀ ਰੌਣਕ ਲੱਗੀ ਰਹੀ। ਬੁੱਧਵਾਰ ਸ਼ਾਮ ਸਮੇਂ ਵੀ ਮੌਸਮ ਵਿੱਚ ਬਹੁਤੀ ਗਰਮੀ ਨਹੀਂ ਸੀ। ਮੌਸਮ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ 20, 21 ਅਤੇ 22 ਮਈ ਨੂੰ ਸ਼ਹਿਰ ਵਿੱਚ ਹਲਕਾ ਮੀਂਹ ਪੈ ਸਕਦਾ ਹੈ। ਉਨ੍ਹਾਂ ਦੱਸਿਆ ਕਿ ਸੋਮਵਾਰ ਤੋਂ ਸ਼ਹਿਰ ਵਿੱਚ ਮੁੜ ਤਾਪਮਾਨ ਵਧਣ ਨਾਲ ਗਰਮੀ ਵਧੇਗੀ।