ਆਤਿਸ਼ ਗੁਪਤਾ
ਚੰਡੀਗੜ੍ਹ, 22 ਅਗਸਤ
ਸਿਟੀ ਬਿਊਟੀਫੁੱਲ ਵਿੱਚ ਦੋ ਦਿਨਾਂ ਤੋਂ ਰੁਕ-ਰੁਕ ਕੇ ਪੈ ਰਹੇ ਮੀਂਹ ਕਾਰਨ ਐਤਵਾਰ ਨੂੰ ਰੱਖੜੀ ਦੇ ਤਿਉਹਾਰ ਮੌਕੇ ਮੌਸਮ ਕਾਫੀ ਖੁਸ਼ਗਵਾਰ ਰਿਹਾ। ਅੱਜ ਗੁਆਂਢੀ ਸ਼ਹਿਰ ਮੁਹਾਲੀ ਨਾਲ ਲੱਗਦੇ ਸ਼ਹਿਰ ਦੇ ਕਈ ਸੈਕਟਰਾਂ ਵਿੱਚ ਦੁਪਹਿਰ ਵੇਲੇ ਕਿਣ-ਮਿਣ ਹੁੰਦੀ ਰਹੀ ਜਦਕਿ ਬਾਕੀ ਸੈਕਟਰਾਂ ਵਿੱਚ ਬੱਦਲਵਾਈ ਰਹੀ, ਜਿਸ ਕਾਰਨ ਲੋਕਾਂ ਨੇ ਗਰਮੀ ਤੋਂ ਰਾਹਤ ਮਹਿਸੂਸ ਕੀਤੀ। ਸ਼ਹਿਰ ਦਾ ਤਾਪਮਾਨ ਆਮ ਨਾਲੋਂ ਇਕ ਡਿਗਰੀ ਘੱਟ ਦਰਜ ਕੀਤਾ ਗਿਆ। ਅੱਜ ਐਤਵਾਰ ਤੇ ਰੱਖੜੀ ਦੇ ਤਿਉਹਾਰ ਕਾਰਨ ਛੁੱਟੀ ਵਾਲਾ ਦਿਨ ਹੋਣ ਕਰ ਕੇ ਸ਼ਹਿਰ ਦੇ ਲੋਕ ਮੌਸਮ ਦਾ ਆਨੰਦ ਮਾਣਨ ਲਈ ਵੱਡੀ ਗਿਣਤੀ ਵਿਚ ਸੁਖਨਾ ਝੀਲ ਤੇ ਸੈਰ-ਸਪਾਟੇ ਵਾਲੀਆਂ ਹੋਰ ਥਾਵਾਂ ’ਤੇ ਘੁੰਮਦੇ ਦੇਖੇ ਗਏ। ਸਾਰੇ ਸ਼ਹਿਰ ਵਿਚ ਸੈਲਾਨੀਆਂ ਦੀ ਭੀੜ ਲੱਗੀ ਰਹੀ। ਮੌਸਮ ਵਿਭਾਗ ਵੱਲੋਂ 26 ਅਗਸਤ ਤੱਕ ਮੀਂਹ ਅਤੇ ਤੇਜ਼ ਹਵਾਵਾਂ ਚੱਲਣ ਦੀ ਪੇਸ਼ੀਨਗੋਈ ਕੀਤੀ ਜਾ ਰਹੀ ਹੈ। ਅੱਜ ਸਵੇਰ ਤੋਂ ਹੀ ਸ਼ਹਿਰ ਵਿੱਚ ਬੱਦਲਵਾਈ ਰਹੀ ਅਤੇ ਤੇਜ਼ ਹਵਾਵਾਂ ਚੱਲਦੀਆਂ ਰਹੀਆਂ।
ਇਸ ਦੌਰਾਨ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 31.7 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 25.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਸ਼ਹਿਰ ਵਿੱਚ ਘੰਮਣ ਵਾਲੀਆਂ ਥਾਵਾਂ ਸੁਖਨਾ ਝੀਲ, ਰੌਕ ਗਾਰਡਨ, ਰੋਜ਼ ਗਾਰਡਨ, ਐਲਾਂਤੇ ਮਾਲ, ਸੈਕਟਰ-17 ਤੇ ਸੈਕਟਰ-22 ਸਣੇ ਹੋਰਨਾਂ ਬਾਜ਼ਾਰਾਂ ਅਤੇ ਘੁੰਮਣ ਵਾਲੀਆਂ ਥਾਵਾਂ ’ਤੇ ਦਿਨ ਭਰ ਸੈਲਾਨੀਆਂ ਦੀ ਭੀੜ ਲੱਗੀ ਰਹੀ। ਲੋਕ ਠੰਢੇ ਮੌਸਮ ਦੌਰਾਨ ਜਿੱਥੇ ਰੌਕ ਗਾਰਡਨ ਵਿਚ ਘੁੰਮ ਰਹੇ ਸਨ, ਉੱਥੇ ਹੀ ਵੱਡੀ ਗਿਣਤੀ ਲੋਕ ਸੁਖਨਾ ਝੀਲ ਵਿਚ ਕਿਸ਼ਤੀਆਂ ਚਲਾਉਂਦੇ ਤੇ ਝੀਲ ਦੇ ਕੰਢੇ ਘੁੰਮ ਰਹੇ ਸਨ।
ਸ਼ਹਿਰ ਵਿੱਚ ਘੁੰਮਣ ਵਾਲਿਆਂ ਦੀ ਲੱਗੀ ਵੱਡੀ ਭੀੜ ਕਾਰਨ ਯੂਟੀ ਪ੍ਰਸ਼ਾਸਨ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਇਸ ਦੌਰਾਨ ਕਈ ਲੋਕ ਬਿਨਾਂ ਮਾਸਕ ਤੋਂ ਘੁੰਮਦੇ ਹੋਏ ਕਰੋਨਾਵਾਇਰਸ ਮਹਾਮਾਰੀ ਦੀ ਰੋਕਥਾਮ ਲਈ ਬਣਾਏ ਨਿਯਮਾਂ ਦੀ ਉਲੰਘਣਾ ਉਡਾਉਂਦੇ ਹੋਏ ਵੀ ਦੇਖੇ ਗਏ।
ਸੁਖਨਾ ਝੀਲ ਦੀ ਸੁੰਦਰਤਾ ਨੂੰ ਗ੍ਰਹਿਣ ਲਗਾ ਰਹੀ ਹੈ ਸਫ਼ਾਈ ਪ੍ਰਬੰਧਾਂ ਦੀ ਘਾਟ
ਚੰਡੀਗੜ੍ਹ: ਸੋਹਣੇ ਸ਼ਹਿਰ ਚੰਡੀਗੜ੍ਹ ਦੀ ਸੁੰਦਰਤਾ ਨੂੰ ਚਾਰ ਚੰਦ ਲਗਾਉਣ ਵਾਲੀ ਸੁਖਨਾ ਝੀਲ ਮੌਨਸੂਨ ਦੌਰਾਨ ਅਣਦੇਖੀ ਦਾ ਸ਼ਿਕਾਰ ਹੁੰਦੀ ਜਾ ਰਹੀ ਹੈ। ਸਫ਼ਾਈ ਦੇ ਪੁਖਤਾ ਪ੍ਰਬੰਧ ਨਾ ਹੋਣ ਕਾਰਨ ਝੀਲ ’ਤੇ ਘੁੰਮਣ ਆਉਣ ਵਾਲਿਆਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਹਿਲਾਂ ਸੁਖਨਾ ਝੀਲ ਵਿੱਚ ਉੱਗੇ ਕਮਲ ਦੇ ਫੁੱਲਾਂ ਦਾ ਦਾਇਰਾ ਲਗਾਤਾਰ ਝੀਲ ਨੂੰ ਢੱਕਦਾ ਜਾ ਰਿਹਾ ਸੀ, ਜਿਸ ਕਰ ਕੇ ਯੂਟੀ ਪ੍ਰਸ਼ਾਸਨ ਨੇ ਝੀਲ ਵਿੱਚੋਂ ਫੁੱਲ ਸਾਫ਼ ਕਰਨ ਦਾ ਕੰਮ ਸ਼ੁਰੂ ਕੀਤਾ ਤੇ ਝੀਲ ’ਚੋਂ ਕੱਢੇ ਇਨ੍ਹਾਂ ਫੁੱਲਾਂ ਦੀ ਝੀਲ ਕੰਢੇ ਹੀ ਢੇਰੀ ਲਾ ਦਿੱਤੀ। ਝੀਲ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਸਾਰੀ ਗੰਦਗੀ ਮੁੜ ਝੀਲ ਵਿੱਚ ਰੁੜ ਗਈ ਹੈ। ਸੁਖਨਾ ਝੀਲ ਵਿੱਚ ਘਾਹ ਵੱਡਾ ਹੁੰਦਾ ਜਾ ਰਿਹਾ ਹੈ ਜਿਸ ਕਾਰਨ ਸੈਰ ਕਰਨ ਵਾਲੇ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਨਾਲ ਹੀ ਝੀਲ ਕੰਢੇ ਜੰਗਲੀ ਘਾਹ ਵੀ ਵੱਡੀ ਹੁੰਦੀ ਜਾ ਰਹੀ ਹੈ। ਸੁਖਨਾ ਰੈਗੂਲੇਟਰੀ ਐਂਡ ਨੇੜੇ ਸਥਿਤ ਬਰਡ ਸੈਂਚਰੀ ਵਾਲੇ ਪਾਸੇ ਵੀ ਸਫ਼ਾਈ ਦਾ ਮਾੜਾ ਹਾਲ ਹੈ। ਵਾਤਾਵਰਨ ਪ੍ਰੇਮੀ ਅਤੇ ਸੈਕਟਰ-20 ਦੇ ਵਸਨੀਕ ਰੋਹਨ ਕੁਮਾਰ ਨੇ ਕਿਹਾ ਕਿ ਸੁਖਨਾ ਝੀਲ ਪ੍ਰਸ਼ਾਸਨ ਦੀ ਅਣਦੇਖੀ ਦਾ ਸ਼ਿਕਾਰ ਹੋ ਰਹੀ ਹੈ। ਇਸੇ ਤਰ੍ਹਾਂ ਝੀਲ ’ਤੇ ਸੈਰ ਕਰਨ ਵਾਲੇ ਗੁਰਿੰਦਰ ਸਿੰਘ ਨੇ ਕਿਹਾ ਕਿ ਸੁਖਨਾ ਝੀਲ ’ਤੇ ਹਰ ਰੋਜ਼ ਪ੍ਰਸ਼ਾਸਨਿਕ ਅਧਿਕਾਰੀ ਸੈਰ ਕਰਨ ਆਉਂਦੇ ਹਨ, ਪਰ ਕਿਸੇ ਵੱਲੋਂ ਅਜਿਹੀਆਂ ਚੀਜ਼ਾਂ ਵੱਲ ਧਿਆਨ ਨਹੀਂ ਦਿੱਤਾ ਜਾਂਦਾ। ਉਨ੍ਹਾਂ ਮੰਗ ਕੀਤੀ ਕਿ ਸੁਖਨਾ ਝੀਲ ਵਿੱਚ ਸਫ਼ਾਈ ਦੇ ਪੁਖਤਾ ਪ੍ਰਬੰਧ ਕੀਤੇ ਜਾਣ।