ਆਤਿਸ਼ ਗੁਪਤਾ
ਚੰਡੀਗੜ੍ਹ, 19 ਜੂਨ
ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਚਾਰ ਦਿਨਾਂ ਤੋਂ ਰੁਕ-ਰੁਕ ਕੇ ਪੈ ਰਹੇ ਮੀਂਹ ਕਾਰਨ ਮੌਸਮ ਖੁਸ਼ਗਵਾਰ ਹੋ ਗਿਆ ਹੈ। ਮੀਂਹ ਅਤੇ ਠੰਢੀਆਂ ਹਵਾਵਾਂ ਨੇ ਲੋਕਾਂ ਨੂੰ ਅੱਤਿ ਦੀ ਗਰਮੀ ਤੋਂ ਰਾਹਤ ਦਿਵਾਈ ਹੈ। ਸਿਟੀ ਬਿਊਟੀਫੁੱਲ ਵਿੱਚ ਅੱਜ ਤਾਪਮਾਨ ਆਮ ਨਾਲੋਂ ਕਾਫੀ ਹੇਠਾਂ ਰਿਹਾ ਹੈ। ਮੌਸਮ ਵਿਭਾਗ ਅਨੁਸਾਰ ਅੱਜ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 31.3 ਡਿਗਰੀ ਸੈਲਸੀਅਸ ਦਰਜ ਕੀਤਾ ਹੈ ਜੋ ਕਿ ਆਮ ਨਾਲੋਂ 7 ਡਿਗਰੀ ਸੈਲਸੀਅਸ ਘੱਟ ਸੀ। ਘਟ ਤੋਂ ਘੱਟ ਤਾਪਮਾਨ 22.7 ਡਿਗਰੀ ਸੈਲਸੀਅਸ ਦਰਜ ਕੀਤਾ ਹੈ, ਉਹ ਵੀ ਆਮ ਨਾਲੋਂ ਇਕ ਡਿਗਰੀ ਸੈਲਸੀਅਸ ਘੱਟ ਰਿਹਾ। ਇਸੇ ਤਰ੍ਹਾਂ ਸ਼ਹਿਰ ਵਿੱਚ ਐਤਵਾਰ ਤੜਕੇ ਮਾਮੂਲੀ ਕਿਣ-ਮੀਣ ਵੀ ਹੋਈ ਹੈ।
ਐਤਵਾਰ ਨੂੰ ਸਾਰਾ ਦਿਨ ਮੌਸਮ ਖੁਸ਼ਗਵਾਰ ਹੋਣ ਕਾਰਨ ਸਵੇਰ ਤੋਂ ਹੀ ਸੈਲਾਨੀ ਕੇਂਦਰਾਂ ’ਤੇ ਸੈਲਾਨੀਆਂ ਦੀਆਂ ਭੀੜਾਂ ਲੱਗੀਆਂ ਰਹੀਆਂ। ਛੁੱਟੀ ਵਾਲੇ ਦਿਨ ਸੁਹਾਵਨਾ ਮੌਸਮ ਹੋਣ ਕਾਰਨ ਸੁਖਨਾ ਝੀਲ, ਰੌਕ ਗਾਰਡਨ, ਰੋਜ਼ ਗਾਰਡਨ, ਬਰਡ ਪਾਰਕ, ਜਾਪਾਨੀ ਗਾਰਡਨ ਆਦਿ ਘੁੰਮਣ ਵਾਲੀਆਂ ਥਾਵਾਂ ’ਤੇ ਵੱਡੀ ਗਿਣਤੀ ਵਿੱਚ ਲੋਕ ਪਹੁੰਚੇ ਹੋਏ ਸਨ। ਜਿਨ੍ਹਾਂ ਨੂੰ ਸਾਂਭਣ ਅਤੇ ਆਵਾਜਾਈ ਨੂੰ ਸਹੀ ਢੰਗ ਨਾਲ ਚਲਾਉਣ ਲਈ ਸ਼ਹਿਰ ਵਿੱਚ ਘੁੰਮਣ ਵਾਲੀਆਂ ਥਾਵਾਂ ’ਤੇ ਦੋ ਦਰਜਨ ਦੇ ਕਰੀਬ ਟਰੈਫ਼ਿਕ ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ। ਮੌਸਮ ਵਿੱਚ ਆਈ ਤਬਦੀਲੀ ਤੋਂ ਬਾਅਦ ਸ਼ਹਿਰ ਦੇ ਬਾਜ਼ਾਰਾਂ ਵਿੱਚ ਵੀ ਦਿਨ ਭਰ ਲੋਕਾਂ ਦੀ ਭੀੜ ਲੱਗੀ ਰਹੀ। ਜਿੱਥੇ ਲੋਕ ਖਰੀਦਦਾਰੀ ਕਰ ਰਹੇ ਸਨ। ਮੌਸਮ ਵਿਭਾਗ ਵੱਲੋਂ 20 ਅਤੇ 21 ਜੂਨ ਨੂੰ ਸ਼ਹਿਰ ਵਿੱਚ ਰੁਕ-ਰੁਕ ਕੇ ਮੀਂਹ ਅਤੇ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਲਾਂ ਚੱਲਣ ਦੀ ਪੇਸ਼ੀਨਗੋਈ ਕੀਤੀ ਗਈ ਹੈ। ਇਸੇ ਕਰਕੇ ਵਿਭਾਗ ਨੇ ਸਿਟੀ ਬਿਊਟੀਫੁੱਲ ਵਿੱਚ ਵੀ ਓਰੈਂਜ਼ ਅਲਰਟ ਜਾਰੀ ਕਰ ਦਿੱਤਾ ਹੈ। ਮੌਸਮ ਵਿਭਾਗ ਅਨੁਸਾਰ ਜੂਨ ਮਹੀਨੇ ਵਿੱਚ ਹੁਣ ਤੱਕ 32 ਐੱਮਐੱਮ ਮੀਂਹ ਪਿਆ ਹੈ, ਜੋ ਕਿ ਆਮ ਨਾਲੋਂ 54 ਫ਼ੀਸਦ ਘੱਟ ਹੈ।
ਸ਼ਹਿਰ ਦੀ ਆਬੋ-ਹਵਾ ਵਿੱਚ ਆਇਆ ਨਿਖਾਰ
ਸਿਟੀ ਬਿਊਟੀਫੁੱਲ ਵਿੱਚ ਚਾਰ ਦਿਨਾਂ ਤੋਂ ਰੁਕ-ਰੁਕ ਪੈ ਰਹੇ ਮੀਂਹ ਕਾਰਨ ਪਾਰਾ ਆਮ ਨਾਲੋਂ ਹੇਠਾਂ ਡਿੱਗ ਗਿਆ ਹੈ। ਉੱਥੇ ਹੀ ਸ਼ਹਿਰ ਦੀ ਆਬੋ-ਹਵਾ ਵਿੱਚ ਵੀ ਨਿਖਾਰ ਆਇਆ ਹੈ। ਐਤਵਾਰ ਦਾ ਦਿਨ ਇਸ ਸਾਲ ਦਾ ਸ਼ਹਿਰ ਵਿੱਚ ਸਭ ਤੋਂ ਸਾਫ਼ ਦਿਨ ਰਿਹਾ ਹੈ। ਅੱਜ ਸ਼ਹਿਰ ਵਿੱਚ ਏਕਿਊਆਈ ਦਾ ਪੱਧਰ 72 ਦਰਜ ਕੀਤਾ ਗਿਆ ਹੈ। ਜੋ ਕਿ ਪਿਛਲੇ ਦਿਨੀ 150 ਤੋਂ ਉਪਰ ਦਰਜ ਕੀਤਾ ਜਾ ਰਿਹਾ ਹੈ। ਵਾਤਾਵਰਣ ਵਿਗਿਆਨੀਆਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਸ਼ਹਿਰ ਦੀ ਆਬੋ-ਹਵਾ ਵਿੱਚ ਹੋਰ ਸੁਧਾਰ ਹੋ ਸਕਦਾ ਹੈ।
22 ਜੂਨ ਤੱਕ ਬੂੰਦਾ-ਬਾਂਦੀ ਦੀ ਸੰਭਾਵਨਾ
ਪੰਚਕੂਲਾ (ਪੱਤਰ ਪ੍ਰੇਰਕ) ਬੀਤੇ ਚਾਰ ਦਿਨਾਂ ਤੋਂ ਮੀਂਹ ਦੀ ਬੂੰਦਾ ਬਾਂਦੀ ਕਾਰਨ ਪੰਚਕੂਲਾ ਦਾ ਮੌਸਮ ਖੁਸ਼ਗਵਾਰ ਹੋ ਗਿਆ ਹੈ ਤੇ ਗਰਮੀ ਤੋਂ ਵੀ ਲੋਕਾਂ ਨੂੰ ਰਾਹਿਤ ਮਿਲੀ ਹੈ। ਸੜਕਾਂ ਤੇ ਬਾਜ਼ਾਰਾਂ ’ਚ ਲੋਕਾਂ ਦੀ ਚਹਿਲ ਪਹਿਲ ਵਧ ਗਈ ਹੈ। ਪੰਚਕੂਲਾ ਦੇ ਪਾਰਕਾਂ ਦੇ ਪੌਦੇ ਵੀ ਇਸ ਮੀਂਹ ਕਾਰਨ ਖਿੜ ਚੁੱਕੇ ਹਨ। ਪਾਰਕਾਂ ’ਚ ਹਰਿਆਲੀ ਫਿਰ ਤੋਂ ਲੌਟ ਆਈ ਹੈ। ਮੌਸਮ ਵਿਭਾਗ ਅਨੁਸਾਰ 22 ਜੂਨ ਤੱਕ ਅਸਮਾਨ ’ਚ ਬੱਦਲ ਛਾਏ ਰਹਿਣਗੇ ਤੇ ਬੂੰਦਾ-ਬਾਂਦੀ ਰਹਿਣ ਦੀ ਸੰਭਾਵਨਾ ਹੈ। ਇਸੇ ਦੌਰਾਨ ਧੁੱਪ ਨਿਕਲਣ ਦੇ ਆਸਾਰ ਘੱਟ ਹਨ। 23 ਜੂਨ ਨੂੰ ਮੌਸਮ ਖੁੱਲ੍ਹ ਜਾਵੇਗਾ। ਪੰਚਕੂਲਾ ਵਿੱਚ ਬਰਸਾਤ ਕਾਰਨ ਬਿਜਲੀ ਦੀ ਮੰਗ ਵੀ ਘੱਟ ਹੋਈ ਹੈ। ਜਿਸ ਨਾਲ ਬਿਜਲੀ ਵਿਭਾਗ ਨੂੰ ਰਾਹਤ ਮਿਲੀ ਹੈ। ਬਰਸਾਤ ਕਾਰਨ ਪੰਚਕੂਲਾ ਵਿੱਚ ਤਾਪਮਾਨ ’ਚ ਵੀ ਗਿਰਾਵਟ ਆਈ ਹੈ।