ਆਤਿਸ਼ ਗੁਪਤਾ
ਚੰਡੀਗੜ੍ਹ, 14 ਜੁਲਾਈ
ਚੰਡੀਗੜ੍ਹ ਵਿੱਚ ਅੱਜ ਸ਼ਾਮ ਵੇਲੇ ਪਏ ਭਰਵੇ ਮੀਂਹ ਕਾਰਨ ਮੌਸਮ ਸੁਹਾਵਣਾ ਹੋ ਗਿਆ। ਇਸ ਤੋਂ ਪਹਿਲਾਂ ਦੁਪਹਿਰ ਤੋਂ ਹੋਈ ਬੱਦਲਵਾਈ ਅਤੇ ਕੁਝ ਥਾਵਾਂ ’ਤੇ ਰੁਕ-ਰੁਕ ਕੇ ਪਏ ਮੀਂਹ ਨਾਲ ਵੀ ਲੋਕਾਂ ਨੇ ਅਤਿ ਦੀ ਗਰਮੀ ਤੋਂ ਰਾਹਤ ਮਹਿਸੂਸ ਕੀਤੀ। ਅੱਜ ਪਏ ਮੀਂਹ ਨਾਲ ਸ਼ਹਿਰ ਦਾ ਤਾਪਮਾਨ ਹੇਠਾਂ ਡਿੱਗ ਗਿਆ ਅਤੇ ਸ਼ਹਿਰ ਵਾਸੀ ਮੌਸਮ ਦਾ ਆਨੰਦ ਮਾਣਦੇ ਦਿਖਾਈ ਦਿੱਤੇ। ਮੌਸਮ ਵਿਭਾਗ ਅਨੁਸਾਰ ਅੱਜ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 33.8 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 27.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਕਿ ਆਮ ਨਾਲੋਂ ਘੱਟ ਹੈ। ਉੱਧਰ ਮੌਸਮ ਵਿਭਾਗ ਅਨੁਸਾਰ ਅੱਜ ਦਿਨ ਵਿੱਚ 55 ਮਿਲੀਮੀਟਰ ਮੀਂਹ ਪਿਆ ਹੈ। ਸ਼ਹਿਰ ਵਿੱਚ ਸ਼ਾਮ ਸਮੇਂ ਅਚਾਨਕ ਪਏ ਤੇਜ਼ ਮੀਂਹ ਕਰ ਕੇ ਕਈ ਇਲਾਕਿਆਂ ਵਿੱਚ ਪਾਣੀ ਭਰ ਗਿਆ, ਜਿਸ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਸ਼ਾਮ ਸਮੇਂ ਪਏ ਤੇਜ਼ ਮੀਂਹ ਦੌਰਾਨ ਬਲਟਾਨਾ, ਦੜੂਆ, ਬੁੜੈਲ, ਮੌਲੀ ਜੱਗਰਾਂ, ਖੁੱਡਾ ਲਾਹੌਰਾ, ਮਨੀਮਾਜਰਾ ਸਣੇ ਹੋਰਨਾਂ ਕਈ ਇਲਾਕਿਆਂ ਦੀਆਂ ਸੜਕਾਂ ਪਾਣੀ ਵਿੱਚ ਡੁੱਬ ਗਈਆਂ। ਮੌਸਮ ਵਿਭਾਗ ਵੱਲੋਂ ਸ਼ਹਿਰ ਵਿੱਚ ਅਗਲੇ 72 ਘੰਟਿਆਂ ਦੌਰਾਨ ਹਲਕਾ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਗਈ ਹੈ। ਉਸ ਤੋਂ ਬਾਅਦ ਅਗਲਾ ਹਫ਼ਤਾ ਮੌਸਮ ਖੁਸ਼ਕ ਰਹੇਗਾ। ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਅਗਲੇ ਤਿੰਨ ਦਿਨ ਮੀਂਹ ਪੈਣ ਦੇ ਨਾਲ-ਨਾਲ ਤਾਪਮਾਨ ਵੀ ਡਿੱਗੇਗਾ, ਜਿਸ ਕਰ ਕੇ ਇਹ ਹਫ਼ਤਾ ਲੋਕਾਂ ਨੂੰ ਗਰਮੀ ਤੋਂ ਰਾਹਤ ਮਹਿਸੂਸ ਹੋਵੇਗੀ। ਇਸ ਦੇ ਨਾਲ ਹੀ ਠੰਢੀਆਂ ਹਵਾਵਾਂ ਵੀ ਚੱਲ ਸਕਦੀਆਂ ਹਨ।
ਬਨੂੜ ਦੇ ਐੱਮਸੀ ਰੋਡ ’ਤੇ ਸਥਿਤ ਦੁਕਾਨਾਂ ’ਚ ਭਰਿਆ ਪਾਣੀ
ਬਨੂੜ (ਕਰਮਜੀਤ ਸਿੰਘ ਚਿੱਲਾ): ਇੱਥੇ ਅੱਜ ਦੇਰ ਸ਼ਾਮ ਪਏ ਭਰਵੇਂ ਮੀਂਹ ਦੌਰਾਨ ਪਾਣੀ ਦਾ ਨਿਕਾਸ ਨਾ ਹੋਣ ਕਰ ਕੇ ਸਥਾਨਕ ਐੱਮਸੀ ਰੋਡ ਨੇ ਝੀਲ ਦਾ ਰੂਪ ਧਾਰ ਲਿਆ। ਕੌਮੀ ਮਾਰਗ ਤੋਂ ਲੈ ਕੇ ਨਗਰ ਕੌਂਸਲ ਦਫ਼ਤਰ ਤੱਕ ਤਿੰਨ ਤੋਂ ਚਾਰ ਫੁੱਟ ਪਾਣੀ ਭਰ ਗਿਆ, ਜਿਸ ਕਰ ਕੇ ਰੋਡ ਦੇ ਦੋਵੇਂ ਪਾਸੇ ਸਥਿਤ ਪੰਜ ਦਰਜਨ ਤੋਂ ਵੱਧ ਦੁਕਾਨਾਂ ਵਿੱਚ ਪਾਣੀ ਭਰ ਗਿਆ। ਦੁਕਾਨਾਂ ’ਚ ਪਾਣੀ ਭਰਨ ਕਾਰਨ ਦੁਕਾਨਦਾਰਾਂ ਦਾ ਸਾਮਾਨ ਖ਼ਰਾਬ ਹੋ ਗਿਆ। ਇਸੇ ਤਰਾਂ ਵਾਰਡ ਨੰਬਰ-9 ਵਿੱਚ ਪੈਂਦੇ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਨੇੜਲੇ ਖੇਤਰ ਵਿੱਚ ਪਾਣੀ ਜਮ੍ਹਾਂ ਹੋਣ ਕਾਰਨ ਕਈ ਘਰਾਂ ’ਚ ਪਾਣੀ ਭਰ ਗਿਆ। ਦੁਕਾਨਦਾਰਾਂ ਅਸ਼ਿਵੰਦਰ ਸਿੰਘ, ਮਦਨ ਲਾਲ ਬਾਂਸਲ, ਸੈਂਟੀ ਬੱਗਾ, ਰਾਜੀਵ ਗੁਜਰਾਲ, ਗੁਰਬਾਜ਼ ਸਿੰਘ, ਇੰਦਰਜੀਤ ਕਾਲਰਾ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਤਤਕਾਲੀ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਖੇਤਰ ਦੇ ਪਾਣੀ ਦੇ ਨਿਕਾਸ ਲਈ 34 ਲੱਖ ਰੁਪਏ ਦੇ ਪ੍ਰਾਜੈਕਟ ਦਾ ਕੰਮ ਸ਼ੁਰੂ ਕਰਵਾਇਆ ਸੀ। ਪਾਈਪ ਵੀ ਆ ਚੁੱਕੇ ਹਨ ਪਰ ਹਾਲੇ ਤੱਕ ਕੌਂਸਲ ਨੇ ਕੰਮ ਸ਼ੁਰੂ ਨਹੀਂ ਕਰਾਇਆ ਗਿਆ। ਦੁਕਾਨਦਾਰਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਇੱਕ ਹਫ਼ਤੇ ਦੇ ਅੰਦਰ-ਅੰਦਰ ਪਾਣੀ ਦੇ ਨਿਕਾਸ ਲਈ ਕੌਂਸਲ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਦੁਕਾਨਦਾਰ ਸਮੁੱਚੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਕੌਮੀ ਮਾਰਗ ’ਤੇ ਆਵਾਜਾਈ ਠੱਪ ਕਰ ਦੇਣਗੇ। ਇਸੇ ਦੌਰਾਨ ਅਕਾਲੀ ਕੌਂਸਲਰ ਲਛਮਣ ਸਿੰਘ ਚੰਗੇਰਾ ਨੇ ਵੀ ਆਪਣੇ ਵਾਰਡ ਵਿੱਚ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਲੋਕਾਂ ਦੇ ਘਰਾਂ ਵਿੱਚ ਪਾਣੀ ਭਰਨ ਦੀ ਗੱਲ ਆਖੀ ਹੈ।
ਵੀਰਵਾਰ ਨੂੰ ਸ਼ਾਮ 6 ਕੁ ਵਜੇ ਅਚਾਨਕ ਬਦਲੇ ਮੌਸਮ ਤੋਂ ਬਾਅਦ ਪਏ ਭਰਵੇਂ ਮੀਂਹ ਨੇ ਮੌਸਮ ਠੰਢਾ ਕਰ ਦਿੱਤਾ ਅਤੇ ਲੋਕ ਮੌਸਮ ਦਾ ਆਨੰਦ ਮਾਣਦੇ ਦਿਖਾਈ ਦਿੱਤੇ। ਇਸ ਦੌਰਾਨ ਸੁਖਨਾ ਝੀਲ, ਰੌਕ ਗਾਰਡਨ, ਰੋਜ਼ ਗਾਰਡਨ ਸਣੇ ਸ਼ਹਿਰ ਵਿੱਚ ਹੋਰਨਾਂ ਘੁੰਮਣ ਵਾਲੀਆਂ ਥਾਵਾਂ ’ਤੇ ਸੈਲਾਨੀਆਂ ਦੀ ਭੀੜ ਲੱਗੀ ਰਹੀ। ਸ਼ਾਮ ਸਮੇਂ ਲੋਕ ਸੁਖਨਾ ਝੀਲ ’ਤੇ ਵੱਡੀ ਗਿਣਤੀ ਵਿੱਚ ਪਹੁੰਚ ਕੇ ਮੌਸਮ ਅਤੇ ਮੀਂਹ ਦਾ ਆਨੰਦ ਮਾਣ ਰਹੇ ਸਨ।