ਆਤਿਸ਼ ਗੁਪਤਾ
ਚੰਡੀਗੜ੍ਹ, 1 ਅਗਸਤ
ਇਥੇ ਸੁਖਨਾ ਝੀਲ ਦੇ ਰੈਗੂਲੇਟਰੀ ਐਂਡ ’ਤੇ ਸਥਿਤ ਫਲੱਡ ਗੇਟ 19 ਘੰਟਿਆਂ ਬਾਅਦ ਅੱਜ ਸਵੇਰੇ 10 ਵਜੇ ਬੰਦ ਕਰ ਦਿੱਤਾ ਗਿਆ। ਇਹ ਗੇਟ ਲੰਘੇ ਦਿਨ ਬਾਅਦ ਦੁਪਹਿਰ 3.15 ਵਜੇ ਖੋਲ੍ਹਿਆ ਗਿਆ ਸੀ। ਉਦੋਂ ਝੀਲ ਵਿੱਚ ਪਾਣੀ ਦਾ ਪੱਧਰ 1162.70 ਫੁੱਟ ਸੀ, ਜਦੋਂ ਕਿ ਖਤਰੇ ਦਾ ਨਿਸ਼ਾਨ 1163 ਫੁੱਟ ’ਤੇ ਹੈ। ਸੋਮਵਾਰ ਸਵੇਰ ਸਮੇਂ ਫਲੱਡ ਗੇਟ ਬੰਦ ਕਰਨ ਸਮੇਂ ਵੀ ਸੁਖਨਾ ਝੀਲ ਵਿੱਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਇਕ ਫੁੱਟ ਹੇਠਾਂ ਹੈ ਪਰ ਝੀਲ ਵਿੱਚ ਪਾਣੀ ਦੀ ਆਮਦ ਘਟਣ ਕਰਕੇ ਫਲੱਡ ਗੇਟ ਬੰਦ ਕਰ ਦਿੱਤਾ ਹੈ। ਗੌਰਤਲਬ ਹੈ ਕਿ ਸੁਖਨਾ ਝੀਲ ਦੇ ਫਲੱਡ ਗੇਟ ਖੋਲ੍ਹਣ ਬਾਅਦ ਕਿਸ਼ਨਗੜ੍ਹ, ਦੜੂਆ, ਬਲਟਾਣਾ, ਜ਼ੀਰਕਪੁਰ ਅਤੇ ਅੱਗੇ ਘੱਗਰ ਦੇ ਨਾਲ ਲਗਦੇ ਇਲਾਕਿਆਂ ਲਈ ਮੁਸ਼ਕਿਲ ਖੜ੍ਹੀ ਹੋ ਜਾਂਦੀ ਹੈ, ਕਿਉਂਕਿ ਝੀਲ ਦਾ ਪਾਣੀ ਸੁਖਨਾ ਚੋਅ ਰਾਹੀਂ ਅੱਗੇ ਜਾ ਕੇ ਘੱਗਰ ਵਿੱਚ ਮਿਲਦਾ ਹੈ। ਚੰਡੀਗੜ੍ਹ ਅਤੇ ਆਲੇ ਦੁਆਲੇ ਕਈ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਕਰਕੇ ਸੁਖਨਾ ਝੀਲ ਵਿੱਚ ਪਾਣੀ ਦਾ ਪੱਧਰ ਵਧ ਗਿਆ ਸੀ, ਜਿਸ ਕਰਕੇ ਸੁਖਨਾ ਝੀਲ ਦੇ ਤਿੰਨ ਫਲੱਡ ਗੇਟਾਂ ਵਿੱਚੋਂ ਇਕ ਫਲੱਡ ਗੇਟ ਨੂੰ ਦੋ ਇੰਚ ਤੱਕ ਖੋਲ੍ਹ ਦਿੱਤਾ ਗਿਆ। ਇਸ ਤੋਂ ਪਹਿਲਾਂ 17 ਜੁਲਾਈ ਨੂੰ ਸੁਖਨਾ ’ਚ ਪਾਣੀ ਵਧਣ ਕਰਕੇ ਫਲੱਡ ਗੇਟ ਖੋਲ੍ਹੇ ਗਏ ਸਨ। ਅੱਜ ਸੋਮਵਾਰ ਨੂੰ ਵੀ ਸ਼ਹਿਰ ਵਿੱਚ ਕੁਝ ਥਾਵਾਂ ’ਤੇ ਕਿਣ-ਮਿਣ ਹੋਣ ਕਰਕੇ ਲੋਕਾਂ ਨੂੰ ਗਰਮੀ ਅਤੇ ਹੁੰਮਸ ਤੋਂ ਰਾਹਤ ਮਿਲੀ। ਮੌਸਮ ਵਿਭਾਗ ਅਨੁਸਾਰ ਅੱਜ ਸ਼ਹਿਰ ਵਿੱਚ 0.8 ਐੱਮਐੱਮ ਮੀਂਹ ਪਿਆ ਹੈ। ਜਦੋਂ ਕਿ ਲੰਘੇ ਦਿਨ 53 ਐੱਮਐੱਮ ਮੀਂਹ ਪਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 32.2 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 25.8 ਡਿਗਰੀ ਸੈਲਸੀਅਸ ਦਰਜ ਕੀਤਾ ਹੈ। ਮੌਸਮ ਵਿਭਾਗ ਅਨੁਸਾਰ ਅਗਲੇ 48 ਘੰਟੇ ਸ਼ਹਿਰ ਵਿੱਚ ਕਈ ਥਾਵਾਂ ’ਤੇ ਹਲਕਾ ਮੀਂਹ ਪੈ ਸਕਦਾ ਹੈ।
ਮੀਂਹ ਦੇ ਪਾਣੀ ਕਾਰਨ ਪੁਰਾਣੇ ਪੰਚਾਇਤ ਘਰ ਦੀ ਡਿੱਗੀ ਦੀਵਾਰ
ਮੋਰਿੰਡਾ (ਪੱਤਰ ਪ੍ਰੇਰਕ ): ਪਿੰਡ ਢੰਗਰਾਲੀ ਵਿੱਚ ਮੀਂਹ ਦੇ ਪਾਣੀ ਕਾਰਨ ਪੁਰਾਣੇ ਪੰਚਾਇਤ ਘਰ ਦੇ ਕਮਰੇ ਦੀ ਦੀਵਾਰ ਡਿੱਗ ਗਈ। ਪਿੰਡ ਢੰਗਰਾਲੀ ਦੇ ਸਰਪੰਚ ਗੁਰਪ੍ਰੀਤ ਸਿੰਘ ਬਾਠ ਨੇ ਦੱਸਿਆ ਕਿ ਪੰਚਾਇਤ ਘਰ ਦਾ ਇਹ ਕਮਰਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਦਫਤਰੀ ਕੰਮਾਂ ਲਈ ਵਰਤਿਆ ਜਾਂਦਾ ਸੀ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਪਏ ਮੀਂਹ ਕਾਰਨ ਇਮਾਰਤ ਕੋਲ ਕਾਫੀ ਪਾਣੀ ਜਮ੍ਹਾਂ ਹੋ ਗਿਆ, ਜਿਸ ਕਾਰਨ ਦੀਵਾਰ ਡਿੱਗ ਗਈ। ਉਨ੍ਹਾਂ ਦੱਸਿਆ ਕਿ ਇਹ ਇਮਾਰਤ ਕਾਫੀ ਪੁਰਾਣੀ ਸੀ ਅਤੇ ਇਸ ਇਮਾਰਤ ਦੇ 12 ਕਮਰਿਆਂ ਦਾ ਅਸੁਰੱਖਿਅਤ ਸਰਟੀਫਿਕੇਟ ਪੀਡਬਲਿਊਡੀ ਵਿਭਾਗ ਵੱਲੋਂ ਪੰਚਾਇਤ ਨੂੰ ਜਾਰੀ ਕਰ ਦਿੱਤਾ ਗਿਆ ਸੀ। ਇਸ ਉਪਰੰਤ ਪੰਚਾਇਤ ਵੱਲੋਂ 10 ਕਮਰਿਆਂ ਨੂੰ ਢਾਹ ਕੇ ਮੁੜ ਉਸਾਰੀ ਕਰ ਦਿੱਤੀ ਸੀ ਤੇ 2 ਕਮਰਿਆਂ ਵਿੱਚ ਸਕੂਲ ਦਾ ਦਫਤਰੀ ਕੰਮਕਾਜ ਚਲਾਇਆ ਜਾਂਦਾ ਸੀ। ਸਰਪੰਚ ਗੁਰਪ੍ਰੀਤ ਸਿੰਘ ਬਾਠ ਨੇ ਦੱਸਿਆ ਕਿ ਦੀਵਾਰ ਦੇ ਡਿੱਗਣ ਮਗਰੋਂ ਕਮਰੇ ਨੂੰ ਖਾਲੀ ਕਰ ਦਿੱਤਾ ਤੇ ਸਕੂਲ ਦੇ ਦਫਤਰੀ ਕੰਮਕਾਜ ਦਾ ਸਾਮਾਨ ਹੋਰ ਕਮਰਿਆਂ ਵਿੱਚ ਰੱਖ ਦਿੱਤਾ ਗਿਆ।