ਆਤਿਸ਼ ਗੁਪਤਾ
ਚੰਡੀਗੜ੍ਹ, 17 ਜੁਲਾਈ
ਚੰਡੀਗੜ੍ਹ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ 96 ਘੰਟਿਆਂ ਤੋਂ ਰੁਕ-ਰੁਕ ਕੇ ਪੈ ਰਹੇ ਮੀਂਹ ਕਾਰਨ ਸੁਖਨਾ ਝੀਲ ਵਿੱਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਦੇ ਨਜ਼ਦੀਕ ਪਹੁੰਚ ਗਿਆ ਹੈ। ਯੂਟੀ ਪ੍ਰਸ਼ਾਸਨ ਨੇ ਸੁਖਨਾ ਝੀਲ ਦੇ ਰੈਗੂਲੇਟਰੀ ਐਂਡ ’ਤੇ ਸਥਿਤ ਇੱਕ ਫਲੱਡ ਗੇਟ ਨੂੰ ਖੋਲ੍ਹ ਦਿੱਤਾ ਹੈ। ਇਸ ਸਮੇਂ ਸੁਖਨਾ ਝੀਨ ਵਿੱਚ ਪਾਣੀ 1162.60 ਫੁੱਟ ’ਤੇ ਸੀ ਜਦੋਂਕਿ ਖ਼ਤਰੇ ਦਾ ਨਿਸ਼ਾਨ 1163 ਫੁੱਟ ’ਤੇ ਹੈ। ਇਹ ਫਲੱਡ ਗੇਟ ਸ਼ਨਿੱਚਰਵਾਰ ਰਾਤ 1.30 ਵਜੇ ਖੋਲ੍ਹਿਆ ਗਿਆ ਜਿਸ ਨੂੰ 17 ਘੰਟੇ ਬਾਅਦ ਐਤਵਾਰ ਸ਼ਾਮ ਨੂੰ 6.30 ਵਜੇ ਬੰਦ ਕਰ ਦਿੱਤਾ ਗਿਆ।
ਸੁਖਨਾ ਝੀਲ ਵਿੱਚ ਪਿਛਲੇ ਇਕ ਹਫ਼ਤੇ ਤੋਂ ਲਗਾਤਾਰ ਪਾਣੀ ਦਾ ਪੱਧਰ ਵਧਦਾ ਜਾ ਰਿਹਾ ਹੈ। ਪ੍ਰਸ਼ਾਸਨ ਨੇ ਸੀਨੀਅਰ ਅਧਿਕਾਰੀਆਂ ਨਾਲ ਵਿਚਾਰ-ਚਰਚਾ ਉਪਰੰਤ ਬਚਾਅ ਲਈ ਸੁਖਨਾ ਝੀਲ ਦੇ ਰੈਗੂਲੇਟਰੀ ਐਂਡ ’ਤੇ ਬਣੇ ਤਿੰਨ ਫਲੱਡ ਗੇਟਾਂ ਵਿੱਚੋਂ ਇਕ ਨੂੰ ਖੋਲ੍ਹ ਦਿੱਤਾ। 17 ਘੰਟੇ ਬਾਅਦ ਪਾਣੀ ਦਾ ਪੱਧਰ 1161.90 ਫੁੱਟ ’ਤੇ ਪਹੁੰਚ ਸਕਿਆ। ਇਸ ਮੌਕੇ ਯੂਟੀ ਪ੍ਰਸ਼ਾਸਨ ਦੇ ਅਧਿਕਾਰੀ ਅਤੇ ਪੁਲੀਸ ਮੁਲਾਜ਼ਮ ਵੀ ਥਾਂ-ਥਾਂ ’ਤੇ ਤਾਇਨਾਤ ਰਹੇ।
ਸੁਖਨਾ ਝੀਲ ਵਿੱਚ ਵਧ ਰਹੇ ਪਾਣੀ ਦੇ ਪੱਧਰ ਨੂੰ ਵੇਖਦਿਆਂ ਯੂਟੀ ਪ੍ਰਸ਼ਾਸਨ ਵੱਲੋਂ ਪੰਚਕੂਲਾ ਅਤੇ ਮੁਹਾਲੀ ਪ੍ਰਸ਼ਾਸਨ ਨੂੰ ਐਲਰਟ ਜਾਰੀ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸੁਖਨਾ ਚੋਅ ਦੇ ਆਲੇ-ਦੁਆਲੇ ਇਲਾਕੇ ਵਿੱਚ ਲੋਕਾਂ ਨੂੰ ਚੌਕਸ ਕੀਤਾ ਗਿਆ ਹੈ। ਇਨ੍ਹਾਂ ਹੀ ਨਹੀਂ ਬਲਟਾਣਾ ਦੇ ਕਈ ਹੇਠਲੇ ਇਲਾਕਿਆਂ ਵਿੱਚ ਪਾਣੀ ਭਰ ਗਿਆ। ਸਨਅਤੀ ਏਰੀਆ ਫੇਜ਼-1 ਵਿੱਚ ਸ਼ਮਸ਼ਾਨਘਾਟ ਦੇ ਨਜ਼ਦੀਕ, ਮੱਖਣਮਾਜਰਾ, ਸੁਖਨਾ ਚੋਅ ਦੇ ਨਜ਼ਦੀਕ ਅੰਡਰ ਬ੍ਰਿਜ ਵਾਲੀਆਂ ਸੜਕਾਂ ਵੀ ਪਾਣੀ ਵਿੱਚ ਡੁੱਬ ਗਈਆਂ। ਇਸ ਕਰਕੇ ਆਵਾਜਾਈ ਲਈ ਬਦਲਵੇਂ ਰਾਹ ਦਾ ਪ੍ਰਬੰਧ ਕੀਤਾ। ਇਸ ਮੌਕੇ ਚੰਡੀਗੜ੍ਹ ਪੁਲੀਸ ਦੇ ਮੁਲਾਜ਼ਮਾਂ ਨੇ ਬੈਰੀਕੇਟਿੰਗ ਕਰ ਕੇ ਰਾਹ ਨੂੰ ਬੰਦ ਕਰ ਦਿੱਤਾ ਹੈ। ਸੜਕਾਂ ਦੇ ਪਾਣੀ ਵਿੱਚ ਡੁੱਬਣ ਕਰਕੇ ਚੰਡੀਗੜ੍ਹ ਟਰੈਫਿਕ ਪੁਲੀਸ ਨੇ ਸੋਸ਼ਲ ਮੀਡੀਆ ’ਤੇ ਤੁਰੰਤ ਐਲਰਟ ਜਾਰੀ ਕੀਤਾ।
ਪਾਣੀ ਦੇ ਪੱਧਰ ’ਤੇ 24 ਘੰਟੇ ਰੱਖੀ ਜਾ ਰਹੀ ਹੈ ਨਜ਼ਰ
ਯੂਟੀ ਪ੍ਰਸ਼ਾਸਨ ਨੇ ਸੁਖਨਾ ਝੀਲ ਵਿੱਚ ਪਾਣੀ ਦੇ ਪੱਧਰ ’ਤੇ ਨਜ਼ਰ ਰੱਖਣ ਲਈ 24 ਘੰਟੇ ਲਈ ਐੱਸਡੀਓ ਰੈਂਕ ਦੇ ਅਧਿਕਾਰੀ ਤਾਇਨਾਤ ਕਰ ਦਿੱਤੇ ਹਨ। ਪ੍ਰਸ਼ਾਸਨਿਕ ਅਧਿਕਾਰੀ ਹਰ ਘੰਟੇ ਸੁਖਨਾ ਝੀਲ ’ਚ ਪਾਣੀ ਦਾ ਪੱਧਰ ਨੋਟ ਕਰ ਰਹੇ ਹਨ। ਸੀਸੀਟੀਵੀ ਕੈਮਰਿਆਂ ਰਾਹੀਂ ਵੀ ਨਜ਼ਰ ਰੱਖੀ ਜਾ ਰਹੀ ਹੈ। ਇਸ ਤੋਂ ਇਲਾਵਾ ਫਲੱਡ ਲਾਈਟਾਂ ਅਤੇ ਸਾਊਂਡ ਸਿਸਟਮ ਦਾ ਵੀ ਪ੍ਰਬੰਧ ਕਰ ਲਿਆ ਗਿਆ ਹੈ।
ਚੰਡੀਗੜ੍ਹ ’ਚ 55.4, ਮੁਹਾਲੀ ’ਚ 88.5 ਤੇ ਪੰਚਕੂਲਾ ’ਚ 64.5 ਐੱਮਐੱਮ ਮੀਂਹ ਪਿਆ
ਚੰਡੀਗੜ੍ਹ: ਚੰਡੀਗੜ੍ਹ ਟ੍ਰਾਈਸਿਟੀ ਵਿੱਚ ਪਿਛਲੇ ਕੁਝ ਦਿਨਾਂ ਤੋਂ ਰੁਕ-ਰੁਕ ਕੇ ਪੈ ਰਹੇ ਮੀਂਹ ਕਰ ਕੇ ਮੌਸਮ ਸੁਹਾਵਨਾ ਹੋ ਗਿਆ ਹੈ। ਇਸ ਨਾਲ ਲੋਕਾਂ ਨੇ ਗਰਮੀ ਅਤੇ ਹੁੰਮਸ ਤੋਂ ਰਾਹਤ ਮਹਿਸੂਸ ਕੀਤੀ ਹੈ। ਸ਼ਨਿੱਚਰਵਾਰ ਨੂੰ ਦੇਰ ਰਾਤ ਸ਼ੁਰੂ ਹੋਇਆ ਮੀਂਹ ਐਤਵਾਰ ਸਵੇਰ ਤੱਕ ਪੈਂਦਾ ਰਿਹਾ ਹੈ। ਇਸ ਕਰ ਕੇ ਤਾਪਮਾਨ ਆਮ ਨਾਲੋਂ 3 ਤੋਂ 4 ਡਿਗਰੀ ਸੈਲਸੀਅਸ ਹੇਠਾਂ ਆ ਗਿਆ ਹੈ। ਮੌਸਮ ਵਿਭਾਗ ਵੱਲੋਂ 19 ਤੋਂ 21 ਜੁਲਾਈ ਤੱਕ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਚੰਡੀਗੜ੍ਹ ’ਚ 55.4 ਐੱਮਐੱਮ, ਮੁਹਾਲੀ ’ਚ 88.5 ਐੱਮਐੱਮ ਅਤੇ ਪੰਚਕੂਲਾ ’ਚ 64.5 ਐੱਮਐੱਮ ਮੀਂਹ ਪਿਆ ਹੈ। ਇਸ ਦੇ ਨਾਲ ਹੀ ਚੰਡੀਗੜ੍ਹ ਦਾ ਵੱਧ ਤੋਂ ਵੱਧ ਤਾਪਮਾਨ 34.4 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ 24.3 , ਮੁਹਾਲੀ ’ਚ ਵੱਧ ਤੋਂ ਵੱਧ 35.4 ਤੇ ਘੱਟ ਤੋਂ ਘੱਟ ਤਾਪਮਾਨ 24.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਐਤਵਾਰ ਨੂੰ ਸੁਖਨਾ ਝੀਲ, ਰੌਕ ਗਾਰਡਨ, ਰੋਜ਼ ਗਾਰਡਨ ਸਣੇ ਸ਼ਹਿਰ ਵਿੱਚ ਹੋਰਨਾਂ ਘੁੰਮਣ ਵਾਲੀਆਂ ਥਾਵਾਂ ’ਤੇ ਸੈਲਾਨੀਆਂ ਦੀ ਭੀੜ ਲੱਗੀ ਰਹੀ।
ਮੀਂਹ ਕਾਰਨ ਵੱਖ ਵੱਖ ਥਾਈਂ ਸੜਕਾਂ ਧਸੀਆਂ
ਜ਼ੀਰਕਪੁਰ (ਹਰਜੀਤ ਸਿੰਘ): ਸਥਾਨਥ ਪਟਿਆਲਾ ਸੜਕ ਤੋਂ ਏਅਰਫੋਰਸ ਹਾਈ ਗਰਾਊਂਡ ਨੂੰ ਜਾਣ ਵਾਲੀ ਸੜਕ ਮੀਂਹ ਕਾਰਨ ਥਾਂ-ਥਾਂ ਤੋਂ ਧਸ ਗਈ ਹੈ। ਸੜਕ ਧਸਣ ਕਾਰਨ ਇੱਥੇ ਵੱਡੇ ਵੱਡੇ ਟੋਏ ਪੈ ਗਏ ਹਨ ਜਿਸ ਕਰ ਕੇ ਹਾਦਸਿਆਂ ਖ਼ਤਰਾ ਪੈਦਾ ਹੋ ਗਿਆ ਹੈ। ਸਥਾਨਕ ਲੋਕਾਂ ਵੱਲੋਂ ਇਸ ਸੜਕ ਦੀ ਛੇਤੀ ਮੁਰੰਮਤ ਕਰਵਾਉਣ ਦੀ ਮੰਗ ਕੀਤੀ ਗਈ ਹੈ। ਇਸ ਸੜਕ ’ਤੇ ਵੱਡੀ ਤਾਦਾਤ ਵਿੱਚ ਰਿਹਾਇਸ਼ੀ ਸੁਸਾਇਟੀਆਂ ਵਸੀਆਂ ਹੋਈਆਂ ਹਨ। ਇਸ ਤੋਂ ਇਲਾਵਾ ਰੋਜ਼ਾਨਾ ਵੱਡੀ ਗਿਣਤੀ ਲੋਕ ਇਸ ਸੜਕ ਦੀ ਵਰਤੋਂ ਕਰਦੇ ਹਨ। ਲੰਘੇ ਮੌਨਸੂਨ ਦੌਰਾਨ ਵੀ ਸੜਕ ਥਾਂ-ਥਾਂ ਤੋਂ ਧਸ ਗਈ ਸੀ। ਇਸ ਵੇਲੇ ਇਹ ਸੜਕ ਦੋਵੇਂ ਪਾਸੇ ਤੋਂ ਧਸਣੀ ਸ਼ੁਰੂ ਹੋ ਗਈ ਹੈ। ਇੱਥੇ ਰਾਤ ਨੂੰ ਸਟਰੀਟ ਲਾਈਟ ਦਾ ਕੋਈ ਪ੍ਰਬੰਧ ਨਾ ਹੋਣ ਕਾਰਨ ਹਨੇਰੇ ਵਿੱਚ ਹਾਦਸਿਆਂ ਦਾ ਖ਼ਤਰਾ ਵਧ ਜਾਂਦਾ ਹੈ। ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਸੜਕ ਦੀ ਮੁਰੰਮਤ ਕਰਵਾਉਣ ਤੋਂ ਇਲਾਵਾ ਉਸਾਰੀ ਸਬੰਧੀ ਗੁਣਵੱਤਾ ਦੀ ਜਾਂਚ ਵੀ ਕਰਵਾਈ ਜਾਵੇਗੀ।
ਚੰਡੀਗੜ੍ਹ (ਖੇਤਰੀ ਪ੍ਰਤੀਨਿਧ): ਸ਼ਹਿਰ ਵਿੱਚ ਲੰਘੀ ਰਾਤ ਤੋਂ ਪੈ ਰਹੇ ਮੀਂਹ ਕਾਰਨ ਸੈੱਕਟਰ-49 ਸਥਿਤ ਰਿਆਨ ਇੰਟਰਨੈਸ਼ਨਲ ਸਕੂਲ ਨੇੜੇ ਸੜਕ ਦਾ ਹਿੱਸਾ ਨਿੱਘਰ ਗਿਆ। ਸੜਕ ਦੇ ਨਿੱਘਰਨ ਕਾਰਨ ਉੱਥੇ ਸੜਕ ’ਤੇ ਆਵਾਜਾਈ ਪ੍ਰਭਾਵਿਤ ਹੋਈ। ਨਿਗਮ ਦੇ ਕਰਮਚਾਰੀਆਂ ਉੱਥੇ ਬੈਰੀਕੇਡਿੰਗ ਕਰ ਕੇ ਵਾਹਨਾਂ ਨੂੰ ਦੂਜੇ ਪਾਸੇ ਵੱਲ ਮੋੜ ਦਿੱਤਾ ਗਿਆ। ਇਲਾਕਾ ਵਾਸੀ ਪੁਨੀਤ ਮਹਾਜਨ ਨੇ ਦੱਸਿਆ ਸੂਚਨਾ ਦੇਣ ਤੋਂ ਬਾਅਦ ਇੱਥੇ ਵਰਤੀ ਚੌਕਸੀ ਕਾਰਨ ਇੱਥੇ ਹਾਦਸੇ ਤੋਂ ਬਚਾਅ ਰਿਹਾ। ਮੌਕੇ ’ਤੇ ਪੁੱਜੇ ਨਿਗਮ ਦੇ ਮੁਲਾਜ਼ਮਾਂ ਨੇ ਸਾਈਕਲ ਟਰੈਕ ਬੰਦ ਕਰ ਕੇ ਸੜਕ ਦੀ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ ਹੈ।
ਬਰਸਾਤ ਨੇ ਪੰਚਕੂਲਾ ਜਲਥਲ ਕੀਤਾ
ਪੰਚਕੂਲਾ (ਪੱਤਰ ਪ੍ਰੇਰਕ): ਇੱਥੇ ਸਵੇਰੇ ਢਾਈ ਘੰਟੇ ਲਗਾਤਾਰ ਹੋਈ ਬਰਸਾਤ ਕਰ ਕੇ ਪੰਚਕੂਲਾ ਦੀਆਂ ਹਾਊਸਿੰਗ ਸੁਸਾਇਟੀਆਂ ਵਿੱਚ ਪਾਣੀ ਭਰ ਗਿਆ। ਕਈ ਥਾਈਂ ਸੀਵਰੇਜ ਓਵਰਫਲੋ ਹੋ ਗਏ। ਸੈਕਟਰ-19 ਜਿੱਥੇ ਰੇਲਵੇ ਅੰਡਰਪਾਥ ਵਾਲੀ ਥਾਂ ’ਤੇ ਗੋਡੇ ਗੋਡੇ ਪਾਣੀ ਖੜ੍ਹਾ ਹੋ ਗਿਆ। ਇਸ ਭਾਰੀ ਬਰਸਾਤ ਕਾਰਨ ਪੰਚਕੂਲਾ ਦੇ ਤਾਪਮਾਨ ਵਿੱਚ ਕਾਫ਼ੀ ਗਿਰਾਵਟ ਹੋਈ। ਪੰਚਕੂਲਾ ਦੀ ਕੌਸ਼ੱਲਿਆ ਨਦੀ, ਘੱਗਰ ਨਦੀ, ਸ਼ੀਸ਼ਵਾਂ ਨਦੀ ਅਤੇ ਕਾਂਗੜੀ ਨਦੀ ਵਿੱਚ ਪਾਣੀ ਚੜ੍ਹਿਆ ਰਿਹਾ।