ਕਰਮਜੀਤ ਸਿੰਘ ਚਿੱਲਾ
ਬਨੂੜ, 22 ਜੁਲਾਈ
ਇੱਥੋਂ ਤੇਪਲਾ (ਅੰਬਾਲਾ) ਨੂੰ ਜਾਂਦੇ ਕੌਮੀ ਮਾਰਗ ਉੱਤੇ ਪਿਛਲੀ ਸਰਕਾਰ ਵੱਲੋਂ ਲੌਜਿਸਟਿਕ ਪਾਰਕ ਬਣਾਉਣ ਲਈ ਨਿਰਧਾਰਿਤ ਕੀਤੇ ਜ਼ੋਨ ਵਿੱਚ ਬਣੇ ਹੋਏ ਗੋਦਾਮਾਂ ਕਾਰਨ ਬਰਸਾਤੀ ਪਾਣੀ ਦੇ ਰਾਹ ਬੰਦ ਹੋ ਗਏ ਹਨ। ਸੜਕ ਦੇ ਦੋਵੇਂ ਪਾਸੇ ਮਿੱਟੀ ਦਾ ਉੱਚਾ ਭਰਤ ਪਾ ਕੇ ਦਰਜਨਾਂ ਗੋਦਾਮ ਬਣੇ ਹੋਏ ਹਨ। ਗੋਦਾਮਾਂ ਦੀ ਉਸਾਰੀ ਨਾਲ ਪਾਣੀ ਦੇ ਪੁਰਾਣੇ ਰਾਹ ਬੰਦ ਹੋ ਗਏ ਹਨ ਤੇ ਜਿਸ ਕਾਰਨ ਬਰਸਾਤ ਦਾ ਸਮੁੱਚਾ ਪਾਣੀ ਇੱਥੇ ਇਕੱਤਰ ਹੋਣ ਨਾਲ ਪਿੰਡ ਗੁਰਨਾ ਖੇੜੀ, ਬਾਸਮਾਂ ਅਤੇ ਬਾਸਮਾਂ ਕਲੋਨੀ ਦੇ 200 ਏਕੜ ਦੇ ਕਰੀਬ ਰਕਬੇ ਵਿੱਚ ਤਿੰਨ ਤੋਂ ਚਾਰ ਫੁੱਟ ਪਾਣੀ ਭਰ ਗਿਆ ਹੈ ਤੇ ਕਿਸਾਨਾਂ ਦਾ ਝੋਨਾ ਤੇ ਹੋਰ ਫ਼ਸਲਾਂ ਪਾਣੀ ਵਿੱਚ ਡੁੱਬ ਗਈਆਂ ਹਨ। ਪ੍ਰਭਾਵਿਤ ਕਿਸਾਨਾਂ ਹੈਪੀ ਗੁਰਨਾ ਖੇੜੀ, ਗੁਰਪ੍ਰੀਤ ਸਿੰਘ ਟੋਨੀ, ਹਰਭਜਨ ਸਿੰਘ, ਸਰਪੰਚ ਗੁਰਸੇਵਕ ਸਿੰਘ ਗੁਰਨਾ ਖੇੜੀ, ਦਲਜੀਤ ਸਿੰਘ, ਇੰਦਰਜੀਤ ਸਿੰਘ, ਬਲਵਿੰਦਰ ਸਿੰਘ ਨੇ ਦੱਸਿਆ ਕਿ ਕੌਮੀ ਮਾਰਗ ਦੇ ਨਾਲ-ਨਾਲ ਨਾਲਾ ਬਣਾ ਕੇ ਪਾਣੀ ਦਾ ਨਿਕਾਸ ਕਰਨ ਦੀ ਉਹ ਲੰਮੇਂ ਸਮੇਂ ਤੋਂ ਮੰਗ ਕਰਦੇ ਆ ਰਹੇ ਹਨ ਪਰ ਉਨ੍ਹਾਂ ਦੀ ਕਿੱਧਰੇ ਵੀ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਖਰਾਬ ਹੋਈਆਂ ਫ਼ਸਲਾਂ ਦੀ ਗਿਰਦਾਵਰੀ ਕਰਾ ਕੇ ਮੁਆਵਜ਼ੇ ਦੀ ਮੰਗ ਕੀਤੀ ਹੈ।
ਲੱਖਾਂ ਰੁਪਏ ਦੀ ਲਾਗਤ ਨਾਲ ਬਣਿਆ ਸ਼ਮਸ਼ਾਨਘਾਟ ਪਾਣੀ ਵਿੱਚ ਡੁੱਬਿਆ
ਲਾਲੜੂ (ਸਰਬਜੀਤ ਸਿੰਘ ਭੱਟੀ): ਨਗਰ ਕੌਂਸਲ ਲਾਲੜੂ ਦੇ ਵਾਰਡ ਨੰਬਰ 1 ਪਿੰਡ ਘੋਲੂਮਾਜਰਾ ਅੰਦਰ ਕਾਂਗਰਸ ਸਰਕਾਰ ਦੇ ਸਮੇਂ ਬਿਨਾਂ ਕਿਸੇ ਯੋਜਨਾ ਦੇ ਲੱਖਾਂ ਰੁਪਏ ਦੀ ਲਾਗਤ ਨਾਲ ਬਰਸਾਤੀ ਨਦੀ ਵਿੱਚ ਬਣਾਇਆ ਸ਼ਮਸ਼ਾਨ ਘਾਟ ਪਿਛਲੇ ਕਈ ਦਿਨਾਂ ਤੋਂ ਪਾਣੀ ’ਚ ਡੁੱਬਿਆ ਹੋਇਆ ਹੈ, ਜਿਸ ਦੇ ਚਲਦੇ ਪਿੰਡ ਨਿਵਾਸੀਆਂ ਨੂੰ ਮ੍ਰਿਤਕਾਂ ਦੇ ਸੰਸਕਾਰ ਕਰਨ ਲਈ ਪਿੰਡ ਤੋਂ ਕਰੀਬ 7/8 ਕਿਲੋਮੀਟਰ ਦੂਰ ਲਾਲੜੂ ਅਤੇ ਡੇਰਾਬਸੀ ਦੇ ਸ਼ਮਸ਼ਾਨਘਾਟ ਜਾਣਾ ਪੈ ਰਿਹਾ ਹੈ। ਪਿੰਡ ਘੋਲੂਮਾਜਰਾ ਨਿਵਾਸੀ ਓਮ ਪ੍ਰਕਾਸ ਧੀਮਾਨ, ਸੁਰਤਾ ਰਾਮ, ਰਾਮ ਕਰਨ ਚੌਧਰੀ ਤੇ ਹੋਰਨਾਂ ਨੇ ਦੱਸਿਆ ਕਿ ਪਿਛਲੀ ਕਾਂਗਰਸ ਸਰਕਾਰ ਵੇਲੇ ਬਿਨਾਂ ਯੋਜਨਾ ਦੇ ਨਦੀ ਵਿੱਚ ਲੱਖਾਂ ਰੁਪਏ ਦੀ ਲਾਗਤ ਨਾਲ ਮ੍ਰਿਤਕਾਂ ਦੇ ਸੰਸਕਾਰ ਲਈ ਸ਼ੈੱਡ ਪਾਇਆ ਗਿਆ, ਜਿਥੇ ਜਾਣ ਲਈ ਨਾ ਕੋਈ ਰਸਤਾ ਹੈ ਅਤੇ ਬੈਠਣ ਦਾ ਵੀ ਕੋਈ ਪ੍ਰਬੰਧ ਨਹੀ ਹੈ। ਵਾਰਡ ਨੰਬਰ 1 ਦੀ ਕੌਂਸਲਰ ਸੁਖਬੀਰ ਕੌਰ ਨੇ ਦੱਸਿਆ ਕਿ ਸ਼ਮਸ਼ਾਨ ਘਾਟ ਵਾਲੀ ਥਾਂ ਨਦੀ ਵਿੱਚ ਹੋਣ ਕਾਰਨ ਉਥੇ 400 ਤੋਂ 500 ਟਰਾਲੀਆਂ ਮਿੱਟੀ ਪਾਈ ਗਈ, ਪਰ ਨਾਲ ਲਗਦੇ ਵਿਅਕਤੀਆਂ ਨੇ ਉਕਤ ਜ਼ਮੀਨ ਦਾ ਸਟੇਅ ਲੈ ਲਈ, ਜਿਸ ਦਾ ਕੰਮ ਅੱਧ ਵਿਚਾਲੇ ਲਮਕ ਗਿਆ। ਕੌਂਸਲ ਦੇ ਕਾਰਜਸਾਧਕ ਅਫਸਰ ਰਾਜੇਸ ਸ਼ਰਮਾ ਨੇ ਕਿਹਾ ਕਿ ਉਹ ਅਜੇ ਨਵੇਂ ਨਵੇਂ ਬਦਲ ਕੇ ਆਏ ਹਨ, ਮਾਮਲੇ ਦੀ ਜਾਂਚ ਕਰਨ ਉਪਰੰਤ ਹੀ ਕੋਈ ਜੁਆਬ ਦੇਣਗੇ।