ਸ਼ਸ਼ੀ ਪਾਲ ਜੈਨ
ਖਰੜ, 13 ਜੂਨ
ਨੈਸ਼ਨਲ ਹਾਈਵੇਅ ਨੰ. 21 ’ਤੇ ਪੁਲ ਨਿਰਮਾਣ ਕੰਪਨੀ ਦੀ ਅਣਗਿਹਲੀ ਕਾਰਨ ਦੇਸੂਮਾਜਰਾ ਵਿੱਚ ( ਵਾਰਡ ਨੰ. 12 ) ਵਿੱਚ ਹਾਈਵੇਅ ਕਿਨਾਰੇ ਖਾਲੀ ਪਈ ਜ਼ਮੀਨ ਵਿੱਚ ਸੀਵਰੇਜ ਦਾ 4-4 ਫੁੱਟ ਪਾਣੀ ਖੜ੍ਹਾ ਰਹਿਣ ਕਾਰਨ ਨਿੱਝਰ ਰੋਡ ’ਤੇ ਬਣੇ ਓਮ ਐਨਕਲੇਵ ਦੇ ਫਲ਼ੈਟਾਂ ਨੂੰ ਨੁਕਸਾਨ ਪਹੁੰਚਣਾ ਸ਼ੁਰੂ ਹੋ ਗਿਆ ਹੈ। ਇਸ ਸਬੰਧੀ ਭਾਜਪਾ ਖਰੜ ਮੰਡਲ ਪ੍ਰਧਾਨ ਪਵਨ ਮਨੋਚਾ ਦੇਸੂਮਾਜਰਾ ਨੇ ਦੱਸਿਆ ਕਿ ਨੈਸ਼ਨਲ ਹਾਈਵੇਅ 21 (ਚੰਡੀਗੜ-ਖਰੜ) ਸੜਕ ’ਤੇ ਪੁਲ ਬਣਨ ਤੋਂ ਪਹਿਲਾਂ ਸੜਕ ਦੇ ਦੋਨਾਂ ਪਾਸੇ ਸੀਵਰੇਜ ਪਾਣੀ ਦੇ ਨਿਕਾਸੀ ਦਾ ਪ੍ਰਬੰਧ ਸੀ। ਬਰਸਾਤੀ ਪਾਣੀ ਦੀ ਨਿਕਾਸੀ ਲਈ ਸੜਕ ’ਚ ਪਾਈਪ ਪਾਈ ਹੋਈ ਸੀ ਜਿਸ ਕਾਰਨ ਥੋੜਾ ਬਹੁਤਾ ਪਾਣੀ ਹੀ ਸੜਕ ਪਾਰ ਕਰਕੇ ਇਧਰ ਅਉਂਦਾ ਸੀ। ਹੁਣ ਪੁਲ ਨਿਰਮਾਣ ਕੰਪਨੀ ਵੱਲੋਂ ਸੜਕ ’ਤੇ ਪੁਲੀ ਬਣਾਈ ਗਈ ਹੈ। ਇਸ ਤੋਂ ਇਲਾਵਾ ਸੜਕ ਦੇ ਦੋਨਾਂ ਪਾਸੇ ਪਾਣੀ ਦੀ ਨਿਕਾਸੀ ਲਈ ਨਾਲੇ ਬਣਾਏ ਗਏ ਹਨ। ਪਰ ਦੇਸੂਮਾਜਰਾ ਤੋਂ ਖਰੜ ਵਾਲੇ ਪਾਸੇ ਬਣਾਇਆ ਨਾਲਾ ਚਾਲੂ ਨਹੀਂ ਕੀਤਾ ਗਿਆ। ਜਿਸ ਕਾਰਨ ਸੀਵਰੇਜ ਦਾ ਗੰਦਾ ਪਾਣੀ ਖਾਲੀ ਪਈ ਨਗਰ ਕੌਂਸਲ ਦੀ ਜ਼ਮੀਨ ਤੇ ਕਿਸਾਨਾਂ ਦੀ ਖਾਲੀ ਪਈ ਜ਼ਮੀਨ ’ਚ ਕਈ ਮਹੀਨਿਆਂ ਤੋਂ ਪਾਣੀ ਜਮਾ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਦੀ ਜ਼ਮੀਨ ਨੂੰ ਬੱਚੇ ਖੇਡਣ ਲਈ ਵਰਤਦੇ ਸੀ ਪਰ ਹੁਣ ਇਹ ਟੋਭੇ ਦਾ ਰੂਪ ਧਾਰ ਗਈ ਹੈ। ਇਥੇ ਪਾਣੀ ਜਮਾਂ ਹੋਣ ਨਾਲ ਲਾਗਲੇ ਓਮ ਐਨਕਲੇਵ ਦੇ ਦਰਜਨਾਂ ਫਲੈਟਾਂ ਦੀ ਹੋਂਦ ਨੂੰ ਖਤਰਾ ਬਣ ਗਿਆ ਹੈ ਕਿਉਂਕਿ ਸਾਰਾ ਪਾਣੀ ਨੀਹਾਂ ਅੰਦਰ ਪੈ ਰਿਹਾ ਹੈ। ਜਿਸ ਕਾਰਨ ਕੰਧਾਂ ’ਚ ਸੀਲਨ ਤੇ ਤ੍ਰੇੜਾਂ ਪੈਣੀਆਂ ਸ਼ੁਰੂ ਹੋ ਗਈਆਂ ਹਨ। ਇਸ ਤੋਂ ਇਲਾਵਾ ਇਥੇ ਮੱਛਰ ਮੱਖੀਆਂ ਤੇ ਹੋਰ ਜ਼ਹਿਰੀਲੇ ਕੀੜਿਆਂ ਦੀ ਭਰਮਾਰ ਹੋ ਗਈ ਹੈ। ਮੱਛਰ-ਮੱਖੀਆਂ ਕਾਰਨ ਕੁਝ ਲੋਕ ਬਿਮਾਰ ਵੀ ਹਨ। ਅੱਗੇ ਬਰਸਾਤ ਦਾ ਮੌਸਮ ਸ਼ੁਰੂ ਹੋਣ ਵਾਲਾ ਹੈ ਜੇ ਇਸ ਦਾ ਹੱਲ ਨਾ ਕੱਢਿਆ ਗਿਆ ਤਾਂ 7-8 ਫੁੱਟ ਪਾਣੀ ਭਰ ਜਾਵੇਗਾ ਜਿਸ ਨਾਲ ਨੀਹਾਂ ਕਮਜ਼ੋਰ ਹੋ ਕੇ ਮਕਾਨ ਡਿੱਗ ਸਕਦੇ ਹਨ ਤੇ ਇਥੇ ਬਿਮਾਰੀ ਫੈਲ ਸਕਦੀ ਹੈ ਜਿਸ ਦੀ ਜ਼ਿੰਮੇਵਾਰੀ ਸੜਕ ਨਿਰਮਾਣ ਕੰਪਨੀ ਤੇ ਪ੍ਰਸ਼ਾਸਨ ਦੀ ਹੋਵੇਗੀ। ਉਨ੍ਹਾਂ ਐੱਸਡੀਐੱਮ ਖਰੜ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਹ ਇਸ ਸਮੱਸਿਆ ਦਾ ਹੱਲ ਕਢਾ ਕੇ ਨਾਲਾ ਚਾਲੂ ਕਰਵਾਏ।
ਫ਼ਰੀਦਪੁਰ ਵਾਸੀਆਂ ਦੇ ਰਾਹ ਵਿੱਚ ਪਾਣੀ ਭਰਿਆ
ਬਨੂੜ (ਪੱਤਰ ਪ੍ਰੇਰਕ) ਪਿੰਡ ਫ਼ਰੀਦਪੁਰ ਦੇ ਵਸਨੀਕਾਂ ਦੀ ਆਰਜੀ ਰਾਹ ਵਿੱਚ ਪਾਣੀ ਭਰਨ ਨਾਲ ਦਿੱਕਤ ਵਧ ਗਈ ਹੈ। ਫ਼ਰੀਦਪੁਰ ਤੋਂ ਜਾਂਸਲਾ ਨੂੰ ਜਾਂਦੀ ਸੜਕ ’ਤੇ ਪੈਂਦੇ ਚੰਡੀਗੜ੍ਹ ਚੋਏ ’ਤੇ ਪਿਛਲੇ ਵਰ੍ਹੇ ਤੋਂ ਨਵੇਂ ਪੁਲ ਦੀ ਉਸਾਰੀ ਚੱਲ ਰਹੀ ਹੈ। ਕੁਝ ਦਿਨਾਂ ਤੋਂ ਪਿੰਡ ਫ਼ਰੀਦਪੁਰ ਤੇ ਭਟੀਰਸ ਦੇ ਵਸਨੀਕਾਂ ਲਈ ਇਥੋਂ ਜਾਂਸਲਾ ਜਾਣ ਲਈ ਆਰਜ਼ੀ ਰਾਹ ਬਣਾਇਆ ਗਿਆ ਸੀ, ਜਿਸ ਵਿੱਚ ਮੀਂਹ ਕਾਰਨ ਚਿੱਕੜ ਹੋ ਗਿਆ ਹੈ। ਪਿੰਡ ਦੇ ਨੌਜਵਾਨਾਂ ਸੋਨੂ ਫ਼ਰੀਦਪੁਰ, ਰਾਜਿੰਦਰ ਸਿੰਘ, ਗੁਰਪਾਲ ਸਿੰਘ, ਮਦਨ ਲਾਲ, ਗੁਰਵਿੰਦਰ ਸਿੰਘ ਆਦਿ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦਾ ਉਸਾਰੀ ਅਧੀਨ ਪੁਲ ਤੋਂ ਇਕ ਕਿਲੋਮੀਟਰ ਦੇ ਕਰੀਬ ਇਹ ਆਰਜ਼ੀ ਰਸਤਾ ਹੈ। ਉਨ੍ਹਾਂ ਕਿਹਾ ਕਿ ਮੀਂਹ ਕਾਰਨ ਹੁਣ ਇਸ ਰਸਤਾ ਬੰਦ ਹੋ ਗਿਆ ਹੈ ਤੇ ਉਨ੍ਹਾਂ ਨੂੰ ਜਾਂਸਲਾ ਜਾਣ ਲਈ ਦਸ ਕਿਲੋਮੀਟਰ ਦਾ ਵਾਧੂ ਪੰਧ ਨੰਡਿਆਲੀ ਨੂੰ ਹੋ ਕੇ ਜਾਣ ਲਈ ਤੈਅ ਕਰਨਾ ਪੈਂਦਾ ਹੈ। ਨੌਜਵਾਨਾਂ ਨੇ ਆਖਿਆ ਕਿ ਲੋਹੇ ਦੇ ਬਣਾਏ ਜਾ ਰਹੇ ਪੁਲ ਦੀ ਉਸਾਰੀ ਹੌਲੀ ਚੱਲ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਪੁਲ ਦੀ ਉਸਾਰੀ ਤੁਰੰਤ ਮੁਕੰਮਲ ਕੀਤੀ ਜਾਵੇ।