
ਪਿੰਡ ਮਨੌਲੀ ਸੂਰਤ ਵਿੱਚ ਮੀਂਹ ਕਾਰਨ ਧਰਤੀ ’ਤੇ ਵਿਛੀ ਹੋਈ ਕਣਕ ਦੀ ਫ਼ਸਲ ਦਿਖਾਉਂਦਾ ਹੋਇਆ ਕਿਸਾਨ ਗੁਰਪ੍ਰੀਤ ਸਿੰਘ।
ਕਰਮਜੀਤ ਸਿੰਘ ਚਿੱਲਾ
ਬਨੂੜ, 18 ਮਾਰਚ
ਇਲਾਕੇ ਵਿੱਚ ਅੱਜ ਪਏ ਬੇਮੌਸਮੇ ਮੀਂਹ ਨੇ ਕਿਸਾਨਾਂ ਦੀ ਪੱਕਣ ਨੇੜੇ ਪਹੁੰਚੀ ਕਣਕ ਦੀ ਫ਼ਸਲ ਨੂੰ ਧਰਤੀ ’ਤੇ ਵਿਛਾ ਦਿੱਤਾ ਹੈ। ਬਨੂੜ ਖੇਤਰ ਦੇ ਪਿੰਡਾਂ ਵਿੱਚ ਵੱਡੀ ਮਾਤਰਾ ਵਿੱਚ ਕਣਕ ਦੀ ਫ਼ਸਲ ਮੀਂਹ ਕਾਰਨ ਧਰਤੀ ’ਤੇ ਵਿਛ ਗਈ ਹੈ। ਕਿਸਾਨ ਜਥੇਬੰਦੀਆਂ ਨੇ ਇਸ ਮੀਂਹ ਨਾਲ ਕਣਕ ਦੇ ਝਾੜ ਉੱਤੇ ਅਸਰ ਪੈਣ ਦਾ ਖ਼ਦਸ਼ਾ ਪ੍ਰਗਟ ਕਰਦਿਆਂ ਪੰਜਾਬ ਸਰਕਾਰ ਤੋਂ ਡਿੱਗੀ ਹੋਈ ਕਣਕ ਦੀ ਤੁਰੰਤ ਗਿਰਦਾਵਰੀ ਕਰਾਉਣ ਅਤੇ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।
ਬਨੂੜ ਦੇ ਆਸ-ਪਾਸ ਦੇ ਪਿੰਡਾਂ ਤੋਂ ਇਕੱਤਰ ਜਾਣਕਾਰੀ ਅਨੁਸਾਰ ਇਸ ਖੇਤਰ ਵਿੱਚ ਮੀਂਹ ਕਾਰਨ ਵੱਡੀ ਮਾਤਰਾ ’ਚ ਕਣਕ ਦੀ ਫ਼ਸਲ ਡਿੱਗ ਗਈ ਹੈ। ਪਿੰਡ ਮਨੌਲੀ ਸੂਰਤ ਦੇ ਕਿਸਾਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਠੇਕੇ ਉੱਤੇ ਜ਼ਮੀਨ ਲੈ ਕੇ ਖੇਤੀ ਕਰਦਾ ਹੈ ਤੇ ਉਸ ਦੀ ਸਾਰੀ ਕਣਕ ਡਿੱਗ ਗਈ ਹੈ ਅਤੇ ਇਸ ਨਾਲ ਝਾੜ ’ਤੇ ਅਸਰ ਪਵੇਗਾ। ਇਸ ਤੋਂ ਪਹਿਲਾਂ ਉਸ ਦੇ ਝੋਨੇ ਅਤੇ ਉਸ ਤੋਂ ਪਹਿਲਾਂ ਕਣਕ ਦੀ ਫ਼ਸਲ ਨੇ ਵੀ ਬਹੁਤ ਘੱਟ ਝਾੜ ਦਿੱਤਾ ਸੀ ਤੇ ਹੁਣ ਫਿਰ ਕਣਕ ਦੀ ਡਿੱਗੀ ਫ਼ਸਲ ਨੇ ਉਸ ਦੇ ਸਾਰੇ ਸੁਫ਼ਨਿਆਂ ’ਤੇ ਪਾਣੀ ਫੇਰ ਦਿੱਤਾ ਹੈ। ਹੋਰਨਾਂ ਪਿੰਡਾਂ ਵਿੱਚ ਵੀ ਬੇਮੌਸਮੇ ਮੀਂਹ ਨੇ ਕਣਕ ਦਾ ਨੁਕਸਾਨ ਕੀਤਾ ਹੈ।
ਇਸੇ ਤਰ੍ਹਾਂ ਕਿਸਾਨਾਂ ਦੀ ਬਿਲਕੁੱਲ ਪੱਕੀ ਖੜ੍ਹੀ ਸਰ੍ਹੋਂ ਦੀ ਫ਼ਸਲ ਅਤੇ ਕਿਸਾਨਾਂ ਵੱਲੋਂ ਬੀਜੀਆਂ ਜਾ ਰਹੀਆਂ ਸਬਜ਼ੀਆਂ ਨੂੰ ਵੀ ਮੀਂਹ ਦੀ ਮਾਰ ਪਈ ਹੈ। ਮੌਸਮ ਵਿਭਾਗ ਵੱਲੋਂ ਅਗਲੇ ਦਿਨਾਂ ਵਿੱਚ ਵੀ ਮੀਂਹ ਜਾਰੀ ਰਹਿਣ ਦੀ ਕੀਤੀ ਗਈ ਪੇਸ਼ੀਨਗੋਈ ਨੇ ਕਿਸਾਨਾਂ ਨੂੰ ਫਿਕਰਾਂ ਵਿੱਚ ਪਾ ਦਿੱਤਾ ਹੈ। ਇਸੇ ਦੌਰਾਨ ਕਿਸਾਨ ਸਭਾ ਦੇ ਸੂਬਾਈ ਆਗੂ ਗੁਰਦਰਸ਼ਨ ਸਿੰਘ ਖਾਸਪੁਰ, ਕਿਸਾਨ ਯੂਨੀਅਨ ਰਾਜੇਵਾਲ ਗਰੁੱਪ ਦੇ ਜ਼ਿਲ੍ਹਾ ਪ੍ਰਧਾਨ ਕਿਰਪਾਲ ਸਿੰਘ ਸਿਆਊ ਤੇ ਹੋਰਨਾਂ ਆਗੂਆਂ ਨੇ ਕਣਕ ਦੀ ਡਿੱਗੀ ਹੋਈ ਫ਼ਸਲ ਦਾ ਝਾੜ ਬਹੁਤ ਜ਼ਿਆਦਾ ਘਟਣ ਦਾ ਖ਼ਦਸ਼ਾ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਲਗਾਤਾਰ ਤੀਜੀ ਫ਼ਸਲ ਨੇ ਕਿਸਾਨਾਂ ਦੀਆਂ ਆਸਾਂ ’ਤੇ ਪਾਣੀ ਫੇਰ ਦਿੱਤਾ ਹੈ।
ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਖੇਤਾਂ ਵਿੱਚ ਵਿਛੀ ਹੋਈ ਕਣਕ ਦੀ ਫ਼ਸਲ ਦੀ ਤੁਰੰਤ ਗਿਰਦਾਵਰੀ ਕਰਵਾਈ ਜਾਵੇ ਅਤੇ ਕਿਸਾਨਾਂ ਨੂੰ ਤੁਰੰਤ ਮੁਆਵਜ਼ਾ ਦਿੱਤਾ ਜਾਵੇ।
ਬੇਮੌਸਮੇ ਮੀਂਹ ਨਾਲ ਕਣਕ ਦੇ ਨਾਲ ਸੂਰਜਮੁਖੀ ਦੀ ਫ਼ਸਲ ਪ੍ਰਭਾਵਿਤ ਹੋਣ ਦਾ ਖ਼ਦਸ਼ਾ
ਅੰਬਾਲਾ (ਰਤਨ ਸਿੰਘ ਢਿੱਲੋਂ): ਇਲਾਕੇ ਵਿੱਚ ਸ਼ੁੱਕਰਵਾਰ ਦੇਰ ਰਾਤ ਤੋਂ ਰੁਕ-ਰੁਕ ਕੇ ਪੈ ਰਹੇ ਮੀਂਹ ਕਾਰਨ ਖੇਤਾਂ ਵਿੱਚ ਖੜ੍ਹੀ ਕਣਕ ਦੀ ਫਸਲ ਨੁਕਸਾਨੀ ਗਈ ਹੈ। ਹੋਰ 15 ਦਿਨਾਂ ਬਾਅਦ ਕਿਸਾਨਾਂ ਨੇ ਫਸਲ ਮੰਡੀ ਵਿਚ ਲੈ ਕੇ ਜਾਣੀ ਹੈ ਪਰ ਇਸ ਬੇਮੌਸਮੇ ਮੀਂਹ ਨੇ ਉਨ੍ਹਾਂ ਦੇ ਅਰਮਾਨਾਂ ’ਤੇ ਪਾਣੀ ਫੇਰ ਦਿੱਤਾ ਹੈ। ਮੌਸਮ ਵਿਭਾਗ ਵੱਲੋਂ ਬਾਰਿਸ਼ ਨੂੰ ਲੈ ਕੇ ਜਾਰੀ ਕੀਤੇ ਗਏ ਤਿੰਨ ਦਿਨ ਦੇ ਅਲਰਟ ਨੇ ਕਿਸਾਨਾਂ ਨੂੰ ਹੋਰ ਚਿੰਤਾ ਵਿੱਚ ਪਾ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਹੋਰ ਤਿੰਨ ਦਿਨ ਬਾਰਿਸ਼ ਹੋਈ ਤਾਂ ਉਨ੍ਹਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਵੇਗਾ। ਇਸ ਨਾਲ ਸੂਰਜਮੁਖੀ ਦੀ ਫਸਲ ਵੀ ਪ੍ਰਭਾਵਿਤ ਹੋਵੇਗੀ। ਨਹਾਉਣੀ ਪਿੰਡ ਦੇ ਕਿਸਾਨ ਆਗੂ ਅਮਰੀਕ ਸਿੰਘ ਖੱਟੜਾ ਨੇ ਦੱਸਿਆ ਕਿ ਜਿਸ ਫਸਲ ਦਾ ਸਿਰ ਭਾਰੀ ਸੀ ਉਹ ਤੇਜ਼ ਹਵਾ ਕਰ ਕੇ ਖੇਤਾਂ ਵਿੱਚ ਵਿਛ ਗਈ ਹੈ ਅਤੇ ਕਣਕ ਦੇ ਜਿਨ੍ਹਾਂ ਖੇਤਾਂ ਵਿੱਚ ਪਾਣੀ ਭਰ ਗਿਆ ਹੈ ਉਨ੍ਹਾਂ ਵਿਚਲੇ ਬੂਟਿਆਂ ਨੂੰ ਨੁਕਸਾਨ ਪਹੁੰਚਣ ਕਰ ਕੇ ਦਾਣਾ ਬਾਰੀਕ ਰਹੇਗਾ ਅਤੇ ਇਸ ਤਰ੍ਹਾਂ ਕਣਕ ਦਾ ਝਾੜ 15 ਫੀਸਦੀ ਦੇ ਕਰੀਬ ਘੱਟ ਨਿਕਲੇਗਾ। ਖੱਟੜਾ ਨੇ ਕਿਹਾ ਕਿ ਕਿਸਾਨ ਨਿਰਾਸ਼ ਹਨ, ਸਰਕਾਰ ਨੂੰ ਚਾਹੀਦਾ ਹੈ ਕਿ ਕਿਸਾਨਾਂ ਨੂੰ ਫਸਲਾਂ ਦੇ ਖ਼ਰਾਬੇ ਲਈ ਮੁਆਵਜ਼ਾ ਦੇਣ ਦਾ ਐਲਾਨ ਕਰੇ। ਟਵਿਨ ਸਿਟੀ ਅੰਬਾਲਾ ਵਿੱਚ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਕਿਣਮਿਣ ਹੁੰਦੀ ਰਹੀ। ਪਿਛਲੇ 24 ਘੰਟਿਆਂ ਦੌਰਾਨ ਅੰਬਾਲਾ ਵਿੱਚ 0.3 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਮੌਸਮ ਵਿਭਾਗ ਅਨੁਸਾਰ 20 ਮਾਰਚ ਤੱਕ ਮੌਸਮ ਆਪਣਾ ਮਿਜਾਜ਼ ਬਦਲਦਾ ਰਹੇਗਾ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ