ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 13 ਫਰਵਰੀ
ਸੰਯੁਕਤ ਸਮਾਜ ਮੋਰਚਾ ਦੇ ਮੁਹਾਲੀ ਤੋਂ ਉਮੀਦਵਾਰ ਰਵਨੀਤ ਸਿੰਘ ਬਰਾੜ ਨੇ ਆਪਣਾ ਚੋਣ ਮੈਨੀਫੈਸਟੋ ਜਾਰੀ ਕੀਤਾ ਹੈ ਜਿਸ ਨੂੰ ‘ਇਕਰਾਰਨਾਮਾ’ ਦਾ ਨਾਮ ਦਿੱਤਾ ਗਿਆ ਹੈ। ਇਸ ਵਿੱਚ ਮੁਹਾਲੀ ਹਲਕੇ ਲਈ 11 ਨੁਕਾਤੀ ਪ੍ਰੋਗਰਾਮ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਚੋਣ ਮੈਨੀਫੈਸਟੋ ਵਿੱਚ ਮੁਹਾਲੀ ਦੇ ਸਰਬਪੱਖੀ ਵਿਕਾਸ ਲਈ ਲਗਪਗ ਸਾਰੇ ਪੱਖਾਂ ਨੂੰ ਛੋਹਣ ਦੀ ਕੋਸ਼ਿਸ਼ ਕੀਤੀ ਗਈ ਹੈ। ਸ੍ਰੀ ਬਰਾੜ ਨੇ ਕਿਹਾ ਕਿ ਇਸ 11 ਨੁਕਾਤੀ ਪ੍ਰੋਗਰਾਮ ਸਵੱਛ ਪ੍ਰਸ਼ਾਸਨ, ਸਰਗਰਮ ਜਨਤਕ ਭਾਗੀਦਾਰੀ, ਸਿੱਖਿਆ, ਉਦਯੋਗਿਕ ਵਿਕਾਸ, ਹਰਿਆ-ਭਰਿਆ ਸ਼ਹਿਰ, ਸਿਹਤਮੰਦ ਮੁਹਾਲੀ, ਪਿੰਡਾਂ ਵਿੱਚ ਈਕੋ ਸਿਸਟਮ, ਖੇਡਾਂ, ਘਰੇਲੂ ਕੂੜੇ ਦੀ ਸੰਭਾਲ, ਨਿੱਜੀ ਸੈਕਟਰ ਗਮਾਡਾ ਨੂੰ ਸੌਂਪਣਾ, ਸਿਹਤ ਸੰਭਾਲ, ਖੇਤੀਬਾੜੀ ਦਾ ਨਵੀਨੀਕਰਨ ਅਤੇ ਸੁਧਾਰ, ਪਰਿਵਾਰ ਅਤੇ ਔਰਤਾਂ ਦੀ ਭਲਾਈ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਸੰਯੁਕਤ ਸਮਾਜ ਮੋਰਚਾ ਸਾਰੇ ਵਰਗਾਂ ਨੂੰ ਨਾਲ ਲੈ ਕੇ ਚੱਲੇਗਾ। ਪਿੰਡ ਦੇ ਵਸਨੀਕਾਂ ਨੂੰ ਸ਼ਹਿਰਾਂ ਦੇ ਬਰਾਬਰ ਬੁਨਿਆਦੀ ਸਹੂਲਤਾਂ ਦਿੱਤੀਆਂ ਜਾਣਗੀਆਂ।
ਕਿਸਾਨ ਆਗੂ ਨੇ ਕਿਹਾ ਕਿ ਇਹ ਰਵਾਇਤੀ ਪਾਰਟੀਆਂ ਦੇ ਚੋਣ ਮੈਨੀਫੈਸਟੋ ਵਾਂਗ ਨਹੀਂ ਹੈ, ਕਿਉਂਕਿ ਸਿਆਸੀ ਪਾਰਟੀਆਂ ਦੇ ਆਗੂ ਚੋਣਾਂ ਤੋਂ ਬਾਅਦ ਅੱਧੇ ਤੋਂ ਵੱਧ ਚੋਣ ਵਾਅਦੇ ਭੁੱਲ ਜਾਂਦੇ ਹਨ ਪਰ ਉਨ੍ਹਾਂ ਨੇ ਚੋਣ ਮੈਨੀਫੈਸਟੋ ਵਿੱਚ i’ ਇਕਰਾਰਨਾਮਾ ਕੀਤਾ ਹੈ, ਉਹ ਉਸ ਨੂੰ ਵਿਧਾਇਕ ਬਣਨ ’ਤੇ ਪੂਰਾ ਕੀਤਾ ਜਾਵੇਗਾ।