ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 22 ਸਤੰਬਰ
ਪਿਛਲੇ ਛੇ-ਸੱਤ ਸਾਲ ਤੋਂ ਨੌਕਰੀ ਹਾਸਲ ਕਰਨ ਦੀ ਤਿਆਰੀ ਵਿੱਚ ਜੁਟੇ ਪੰਜਾਬੀ ਸਟੈਨੋਗ੍ਰਾਫ਼ੀ ਦੇ ਉਮੀਦਵਾਰਾਂ ਨੂੰ ਭਰਤੀ ਪ੍ਰਕਿਰਿਆ ਸ਼ੁਰੂ ਕਰਵਾਉਣ ਲਈ ਪੰਜਾਬ ਰਾਜ ਅਧੀਨ ਸੇਵਾਵਾਂ ਚੋਣ ਬੋਰਡ ਅੱਗੇ ਨਿੱਤ ਖੱਜਲ-ਖੁਆਰ ਹੋਣਾ ਪੈ ਰਿਹਾ ਹੈ। ਹਾਲਾਂਕਿ ਐਸਐਸਐਸ ਬੋਰਡ ਵੱਲੋਂ ਪੰਜਾਬੀ ਸਟੈਨੋਗ੍ਰਾਫ਼ੀ ਦੇ ਇਸ਼ਤਿਹਾਰ ਤੋਂ ਬਾਅਦ ਆਈਆਂ ਅਸਾਮੀਆਂ ਲਈ ਭਰਤੀ ਪ੍ਰਕਿਰਿਆ ਤਾਂ ਸ਼ੁਰੂ ਕਰ ਦਿੱਤੀ ਹੈ ਪ੍ਰੰਤੂ ਪੰਜਾਬੀ ਸਟੈਨੋਗ੍ਰਾਫ਼ੀ ਦੀ ਭਰਤੀ ਲਈ ਪ੍ਰੀਖਿਆ ਲੈਣ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਜਿਸ ਕਾਰਨ ਵਿਦਿਆਰਥੀ ਦਫ਼ਤਰ ’ਚ ਰੋਜ਼ਾਨਾ ਗੇੜੇ ਮਾਰਨ ਲਈ ਮਜਬੂਰ ਹਨ। ਵਿਦਿਆਰਥੀਆਂ ਵੱਲੋਂ ਵਾਰ-ਵਾਰ ਪੁੱਛਣ ’ਤੇ ਵੀ ਬੋਰਡ ਅਧਿਕਾਰੀਆਂ ਵੱਲੋਂ ਪੇਪਰ ਸਬੰਧੀ ਕੋਈ ਪੱਕੀ ਸੂਚਨਾ ਨਹੀਂ ਦਿੱਤੀ ਜਾ ਰਹੀ ਸਿਰਫ਼ ਲਾਰੇ ਲਗਾ ਕੇ ਵਿਦਿਆਰਥੀਆਂ ਨੂੰ ਤੋਰ ਦਿੱਤਾ ਜਾਂਦਾ ਹੈ।
ਪੀੜਤ ਨੌਜਵਾਨਾਂ ਨੇ ਕਿਹਾ ਕਿ ਸਮੇਂ ਦੀਆਂ ਸਰਕਾਰ ਵੱਲੋਂ ਅਸਾਮੀਆਂ ਦੀ ਭਰਤੀ ਦੇ ਨਾਂ ’ਤੇ ਫੀਸਾਂ ਲੈ ਕੇ ਬੇਰੁਜ਼ਗਾਰਾਂ ਨੂੰ ਠੱਗਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਪਿਛਲੇ 6-7 ਸਾਲਾਂ ਤੋਂ ਸਟੈਨੋ ਦੀ ਤਿਆਰੀ ਕਰਦੇ ਆ ਰਹੇ ਹਨ। ਕਈਆਂ ਦੀ ਉਮਰ ਸੀਮਾ ਹੱਦ ਨੇੜੇ ਢੁਕਣ ਕਾਰਨ ਆਪਣੇ ਭਵਿੱਖ ਪ੍ਰਤੀ ਚਿੰਤਤ ਹਨ।
ਉਨ੍ਹਾਂ ਮੰਗ ਕੀਤੀ ਕਿ ਬੇਰੁਜ਼ਗਾਰ ਨੌਜਵਾਨਾਂ ਦਾ ਪੰਜਾਬੀ ਸਟੈਨੋ ਟਾਈਪਿਸਟਾਂ ਦੀ ਪ੍ਰੀਖਿਆ ਲੈ ਕੇ ਭਰਤੀ ਪ੍ਰਕਿਰਿਆ ਮੁਕੰਮਲ ਕੀਤੀ ਜਾਵੇ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਵੇ। ਪੀੜਤ ਨੌਜਵਾਨਾਂ ਨੇ ਪੰਜਾਬ ਸਰਕਾਰ ਅਤੇ ਐੱਸਐੱਸਐੱਸ ਬੋਰਡ ਨੂੰ ਇੱਕ ਹਫ਼ਤੇ ਦਾ ਅਲਟੀਮੇਟਮ ਦਿੰਦੇ ਹੋਏ ਚਿਤਾਵਨੀ ਦਿੱਤੀ ਕਿ ਜੇਕਰ ਇਸ ਦੌਰਾਨ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਭਰਤੀ ਸ਼ੁਰੂ ਨਹੀਂ ਕੀਤੀ ਤਾਂ ਉਨ੍ਹਾਂ ਨੂੰ ਸੜਕਾਂ ’ਤੇ ਆਉਣ ਲਈ ਮਜਬੂਰ ਹੋਣਾ ਪਵੇਗਾ।