ਕਰਮਜੀਤ ਸਿੰਘ ਚਿੱਲਾ
ਬਨੂੜ, 30 ਮਈ
ਸ਼ਨਿਚਰਵਾਰ ਰਾਤ ਆਏ ਤੇਜ਼ ਝੱਖੜ ਕਾਰਨ ਇਸ ਖੇਤਰ ਵਿੱਚ ਬਿਜਲੀ ਦੇ ਖੰਭਿਆਂ ਅਤੇ ਦਰੱਖਤਾਂ ਦਾ ਭਾਰੀ ਨੁਕਸਾਨ ਹੋਇਆ ਹੈ। ਹਨੇਰੀ ਕਾਰਨ ਦਰਜਨਾਂ ਦਰੱਖਤ ਟੁੱਟ ਗਏ, ਅੰਬਾਂ ਦੇ ਦਰੱਖਤਾਂ ਤੋਂ ਕੱਚੀਆਂ ਅੰਬੀਆਂ ਝੜ ਗਈਆਂ ਅਤੇ। ਸਬਜ਼ੀਆਂ ਦੀ ਵੇਲਾਂ ਵੀ ਨੁਕਸਾਨੀਆਂ ਗਈਆਂ।
ਵੱਖ-ਵੱਖ ਥਾਵਾਂ ’ਤੇ ਬਿਜਲੀ ਦੇ ਵੀਹ ਤੋਂ ਵੱਧ ਖੰਭੇ ਟੁੱਟ ਗਏ ਅਤੇ ਇੱਕ ਟਰਾਂਸਫ਼ਾਰਮਰ ਵੀ ਨੁਕਸਾਨਿਆ ਗਿਆ। ਇਸ ਕਾਰਨ ਸਮੁੱਚੇ ਖੇਤਰ ਵਿੱਚ ਸਾਰੀ ਰਾਤ ਬਿਜਲੀ ਬੰਦ ਰਹੀ। ਬਨੂੜ ਸ਼ਹਿਰ ਅਤੇ ਕੁੱਝ ਖੇਤਰਾਂ ਵਿੱਚ ਅੱਜ ਸਵੇਰੇ ਬਿਜਲੀ ਦੀ ਸਪਲਾਈ ਬਹਾਲ ਹੋ ਗਈ, ਜਦੋਂ ਕਿ ਸੂਰਜਗੜ੍ਹ ਖੇਤਰ ਦੇ ਪਿੰਡਾਂ ਅਤੇ ਦੈੜੀ ਗਰਿੱਡ ਦੇ ਬਠਲਾਣਾ ਖੇਤਰ ਦੇ ਪਿੰਡਾਂ ਦੀਆਂ ਲਾਈਨਾਂ ਦੀ ਸਪਲਾਈ ਇਹ ਖ਼ਬਰ ਲਿਖੇ ਜਾਣ ਤੱਕ ਵੀ ਠੱਪ ਪਈ ਸੀ। ਬਿਜਲੀ ਦੀ ਅਣਹੋਂਦ ਕਾਰਨ ਕਈ ਪਿੰਡਾਂ ’ਚ ਪੀਣ ਵਾਲੇ ਪਾਣੀ ਦੀ ਸਪਲਾਈ ਵੀ ਠੱਪ ਰਹੀ। ਪਾਵਰਕੌਮ ਦੇ ਬਨੂੜ ਸਥਿਤ ਐੱਸਡੀਓ ਨਤਵੇਜ ਸਿੰਘ ਨੇ ਦੱਸਿਆ ਕਿ ਝੱਖੜ ਨਾਲ ਖੰਭੇ ਟੁੱਟਣ ਕਾਰਨ ਬਿਜਲੀ ਸਪਲਾਈ ਪ੍ਰਭਾਵਿਤ ਹੋਈ ਜੋ ਬਹਾਲ ਕਰ ਦਿੱਤੀ ਜਾਵੇਗੀ।
ਮੋਰਿੰਡਾ (ਸੰਜੀਵ ਤੇਜਪਾਲ): ਝੱਖੜ ਕਾਰਨ ਮੋਰਿੰਡਾ ਇਲਾਕੇ ਵਿੱਚ ਬਿਜਲੀ ਦੇ ਖੰਭੇ, ਦਰੱਖਤ, ਦੁਕਾਨਾਂ ਦੇ ਸ਼ੈੱਡ, ਕਈ ਅਧੂਰੀਆਂ ਇਮਾਰਤਾਂ ਵੀ ਡਿੱਗ ਗਈਆਂ। ਟਰਾਂਸਫਾਰਮਰ ਡਿੱਗਣ ਕਾਰਨ ਸਾਰਾ ਦਿਨ ਬਿਜਲੀ ਸਪਲਾਈ ਬੰਦ ਰਹਿਣ ਕਰਕੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਪਿੰਡ ਓਇੰਦ ਦੇ ਲਖਵਿੰਦਰ ਸਿੰਘ ਦੀਆਂ ਤਿੰਨ ਮੋਟਰਾਂ ਦੇ ਟਰਾਂਸਫਾਰਮਰ ਅਤੇ ਖੰਭੇ ਹਨੇਰੀ ਕਾਰਨ ਟੁੱਟ ਗਏ। ਇਸ ਸਬੰਧ ਵਿੱਚ ਐੱਸ.ਡੀ.ਓ. ਮੋਰਿੰਡਾ ਸੁਰਜੀਤ ਸਿੰਘ ਨੇ ਕਿਹਾ ਕਿ ਹਨੇਰੀ ਮੋਰਿੰਡਾ ਸਬ ਡਵੀਜ਼ਨ ਵਿੱਚ ਲੱਗਪਗ 125 ਖੰਭੇ ਅਤੇ ਕਰੀਬ 30-35 ਟਰਾਂਸਫਾਰਮਰ ਡਿੱਗ ਪਏ ਅਤੇ 66 ਕੇ.ਵੀ. ਦੇ ਤਿੰਨ ਟਾਵਰ ਵੀ ਟੁੱਟ ਗਏ।
ਚਮਕੌਰ ਸਾਹਿਬ (ਸੰਜੀਵ ਬੱਬੀ): ਹਨੇਰੀ ਅਤੇ ਮੀਂਹ ਕਾਰਨ ਜਿੱਥੇ ਪਿੰਡਾਂ ਵਿੱਚ ਖੜੇ ਦਰੱਖਤ ਡਿੱਗ ਗਏ, ਉੱਥੇ ਹੀ ਮੇਨ ਸੜਕਾਂ ਤੇ ਹਵਾ ਕਾਰਨ ਡਿੱਗੇ ਦਰੱਖਤਾਂ ਦੇ ਕਾਰਨ ਕਈ ਘੰਟੇ ਆਵਾਜਾਈ ਵੀ ਬੰਦ ਰਹੀ। ਇਸ ਬੰਦ ਹੋਈ ਆਵਾਜਾਈ ਨੂੰ ਜੰਗਲਾਤ ਵਿਭਾਗ ਦੇ ਵਣ ਗਾਰਡ ਹਰਿੰਦਰ ਸ਼ੁਕਲਾ ਵੱਲੋਂ ਕਰਮਚਾਰੀਆਂ ਨਾਲ ਦਰੱਖਤਾਂ ਨੂੰ ਪਾਸੇ ਕਰਕੇ ਚਾਲੂ ਕਰਵਾਇਆ ਗਿਆ। ਤੇਜ਼ ਹਨੇਰੀ ਕਾਰਨ ਹੀ ਬੇਟ ਇਲਾਕੇ ਦੇ ਬਹੁਤਾਤ ਪਿੰਡਾਂ ਵਿੱਚ ਰਾਤ ਤੋਂ ਲੈ ਕੇ ਖਬਰ ਲਿਖੇ ਜਾਣ ਤੱਕ ਬਿਜਲੀ ਦੀ ਸਪਲਾਈ ਬੰਦ ਸੀ। ਬਿਜਲੀ ਸਪਲਾਈ ਬਾਰੇ ਪੁੱਛਣ ਲਈ ਜੇਈ ਅਮਰਜੀਤ ਸਿੰਘ ਕਈ ਵਾਰ ਫੋਨ ਕੀਤਾ ਪਰ ਉਨ੍ਹਾਂ ਫੋਨ ਨਹੀਂ ਚੁੱਕਿਆ। ਝੱਖੜ ਨੇ ਅੰਬਾਂ ਦੇ ਬੂਟਿਆਂ ’ਤੇ ਫਲ ਨੂੰ ਵੀ ਕਾਫੀ ਨੁਕਸਾਨ ਪਹੁੰਚਾਇਆ ਹੈ। ਨਜ਼ਦੀਕੀ ਕਸਬਾ ਬੇਲਾ ਵਿੱਚ ਬਸ ਸਟੈਂਡ ’ਤੇ ਖੋਖਿਆਂ ਦਾ, ਸੰਧੂਆਂ ਮਾਰਗ ’ਤੇ ਮੇਨ ਗੇਟ ਸਮੇਤ ਸੱਲ੍ਹੋਮਾਜਰਾ ਮਾਰਗ ’ਤੇ ਰਹਿੰਦੇ ਗੱਡੀਆਂ ਵਾਲਿਆਂ ਦੀਆਂ ਝੌਂਪੜੀਆਂ ਦਾ ਵੀ ਕਾਫੀ ਨੁਕਸਾਨ ਹੋਇਆ। ਝੁੱਗੀਆਂ ਵਿੱਚ ਰਹਿੰਦੇ ਰਾਣਾ, ਨਾਹਰੋਂ, ਰਾਣੀ ਅਤੇ ਅੰਗਰੇਜੋ ਨੇ ਦੱਸਿਆ ਕਿ ਹਨੇਰੀ ਕਾਰਨ ਝੁੱਗੀਆਂ ਦੀਆਂ ਛੱਤਾਂ ਦੀਆਂ ਤਰਪਾਲਾਂ ਪਾਟ ਗਈਆਂ ਅਤੇ ਅੰਦਰ ਪਿਆ ਸਾਮਾਨ ਵੀ ਖਰਾਬ ਹੋ ਗਿਆ, ਜਿਸ ਕਾਰਨ ਉਨ੍ਹਾਂ ਕੋਲ ਹੁਣ ਖਾਣ ਲਈ ਰਾਸ਼ਨ ਨਹੀਂ ਹੈ।
ਖਰੜ (ਸ਼ਸ਼ੀਪਾਲ ਜੈਨ): ਝੱਖੜ ਕਾਰਨ ਬਿਜਲੀ ਦੀਆਂ ਲਾਈਨਾਂ ’ਤੇ ਰੁੱਖ ਡਿੱਗਣ ਕਾਰਨ ਲੋਕਕਈ-ਕਈ ਘੰਟੇ ਬਿਜਲੀ ਸਪਲਾਈ ਨੂੰ ਤਰਸਦੇ ਰਹੇ। ਜਾਣਕਾਰੀ ਅਨੁਸਾਰ ਛੱਜੂਮਾਜਰਾ, ਅਮਾਰਿਆ ਗਰੀਨ, ਗਾਰਡਨ ਕਲੋਨੀ, ਐਕਮੇ ਹਾਈਟਸ, ਸਵਰਾਜ ਐਨਕਲੇਵ ਆਦਿ ਦੇ ਵਿੱਚ ਬਿਜਲੀ ਪ੍ਰਭਾਵਿਤ ਹੋਈ। ਪਾਵਰਕੌਮ ਦੇ ਐਡੀਸ਼ਨਲ ਸੁਪਰਡੈਂਟ ਇੰਜਨੀਅਰ ਅਮਨਦੀਪ ਸਿੰਘ ਧਨੋਆ ਨੇ ਦੱਸਿਆ ਕਿ ਝੱਖੜ ਕਾਰਨ ਖਰੜ, ਮੋਰਿੰਡਾ ਅਤੇ ਕੁਰਾਲੀ ਵਿੱਚ ਬਿਜਲੀ ਦੀਆਂ ਕਾਫੀ ਲਾਈਨਾਂ ’ਤੇ ਅਸਰ ਪਿਆ ਹੈ। ਮੋਰਿੰਡਾ ਖੇਤਰ ਵਿੱਚ 66 ਕੇ.ਵੀ. ਦੇ 6 ਟਾਵਰ ਜ਼ਮੀਨ ’ਤੇ ਡਿੱਗ ਪਏ। ਇਸ ਨਾਲ ਜਿੱਥੇ ਬਿਜਲੀ ਸਪਲਾਈ ਪ੍ਰਭਾਵਿਤ ਹੋਈ ਉੱਥੇ ਹੀ ਪਾਵਰਕੌਮ ਨੂੰ 35-40 ਲੱਖ ਰੁਪਏ ਦਾ ਨੁਕਸਾਨ ਵੀ ਹੋਇਆ ਹੈ। ਉਨ੍ਹਾਂ ਦੱਸਿਆ ਕਿ ਜ਼ਿਆਦਾਤਰ ਖੇਤਰਾਂ ਵਿੱਚ ਬਿਜਲੀ ਚਾਲੂ ਕਰ ਦਿੱਤੀ ਗਈ ਹੈ।
ਕੁਰਾਲੀ (ਮਿਹਰ ਸਿੰਘ): ਲੰਘੀ ਰਾਤ ਚੱਲੇ ਤੇਜ਼ ਝੱਖੜ ਤੇਜ਼ ਝੱਖੜ ਕਾਰਨ ਇਲਾਕੇ ਤੇ ਸ਼ਹਿਰ ਵਿੱਚ ਸੈਂਕੜੇ ਦਰੱਖ਼ਤ ਝੱਖੜ ਕਾਰਨ ਡਿੱਗ ਪਏ ਜਿਸ ਕਾਰਨ ਪਾਵਰਕੌਮ ਦੇ ਸਥਾਨਕ ਉੱਪ ਮੰਡਲ ਅਧੀਨ ਪੈਂਦੇ ਖੇਤਰ ਵਿੱਚ ਬਿਜਲੀ ਦੇ 26 ਖੰਭੇ ਟੁੱਟ ਕੇ ਡਿੱਗ ਗਏ ਅਤੇ ਬਿਜਲੀ ਦੀਆਂ ਤਾਰਾਂ ਵੀ ਨੁਕਸਾਨੀਆਂ ਗਈਆਂ ਜਦਕਿ ਅੱਧਾ ਦਰਜਨ ਟਰਾਂਸਫਾਰਮਰ ਵੀ ਸੜ ਗਏ ਜਿਸ ਕਾਰਨ ਦਰਜਨਾਂ ਪਿੰਡਾਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਈ। ਪਾਵਰਕੌਮ ਦੇ ਨੁਕਸਾਨ ਦਾ ਜਾਇਜ਼ਾ ਲੈਣ ਲਈ ਸਹਾਇਕ ਕਾਰਜਕਾਰੀ ਇੰਜਨੀਅਰ ਰਣਧੀਰ ਸਿੰਘ ਅਤੇ ਐਕਸੀਅਨ ਅਮਨਦੀਪ ਸਿੰਘ ਧਨੋਆ ਨੇ ਅੱਜ ਸ਼ਹਿਰ ਦਾ ਦੌਰੇ ਕੀਤੇ। ਰੂਪਨਗਰ ਰੋਡ ’ਤੇ ਟੈਲੀਫੋਨ ਐਕਸਚੇਂਜ ਨੇੜੇ ਖੜ੍ਹਾ ਇੱਕ ਦਰੱਖ਼ਤ ਸੜਕ ’ਤੇ ਬਣੇ ਘਰ ’ਤੇ ਡਿੱਗ ਪਿਆ ਜਿਸ ਕਾਰਨ ਘਰ ਦਾ ਇੱਕ ਹਿੱਸਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਪਰ ਪਰਿਵਾਰਕ ਮੈਂਬਰਾਂ ਦਾ ਬਚਾਅ ਰਿਹਾ।
ਸੰਭਾਲਕੀ ਵਾਸੀਆਂ ਵੱਲੋਂ ਧਰਨਾ; ਮੌਲੀ ਬੈਦਵਾਨ ਦੇ ਲੋਕਾਂ ਨੇ ਚੱਕਾ ਜਾਮ ਕੀਤਾ
ਐਸ.ਏ.ਐਸ. ਨਗਰ (ਮੁਹਾਲੀ) (ਪੱਤਰ ਪ੍ਰੇਰਕ): ਮੁਹਾਲੀ ਨੇੜਲੇ ਪਿੰਡ ਸੰਭਾਲਕੀ (ਸੈਕਟਰ-86) ਦੇ ਵਸਨੀਕਾਂ ਨੇ ਬਿਜਲੀ ਸਪਲਾਈ ਬਹਾਲ ਨਾ ਹੋਣ ’ਤੇ ਅੱਜ ਬਿਜਲੀ ਗਰਿੱਡ ਦੇ ਅੰਦਰ ਧਰਨਾ ਲਗਾ ਦਿੱਤਾ। ਪਿੰਡ ਵਾਸੀਆਂ ਨੇ ਐੱਸਡੀਐੱਮ ਨੂੰ ਪੱਤਰ ਲਿਖ ਕਿਹਾ ਕਿ ਸ਼ਨਿਚਰਵਾਰ ਰਾਤ ਆਏ ਤੂਫ਼ਾਨ ਕਾਰਨ ਬਿਜਲੀ ਗੁੱਲ ਹੋ ਗਈ ਸੀ ਜੋ ਅੱਜ ਐਤਵਾਰ ਨੂੰ ਦਿਨ ਵਿੱਚ ਵੀ ਬਿਜਲੀ ਸਪਲਾਈ ਬਹਾਲ ਨਹੀਂ ਹੋ ਸਕੀ। ਪਿੰਡ ਵਾਸੀ ਅਸ਼ਵਨੀ ਸ਼ਰਮਾ, ਹਰਬੰਸ ਲਾਲ, ਜੈ ਪ੍ਰਕਾਸ਼, ਵੈਦ ਪ੍ਰਕਾਸ਼, ਧਰਮਪਾਲ, ਸਰਪੰਚ ਅਰਵਿੰਦ ਕੁਮਾਰ, ਸੁਮਨ ਲਤਾ, ਰਜਨ ਰਾਣੀ ਨੇ ਦੱਸਿਆ ਕਿ ਨੇੜਲੇ ਪਿੰਡਾਂ ਵਿੱਚ ਅੱਜ ਦੁਪਹਿਰ 12 ਵਜੇ ਬਿਜਲੀ ਸਪਲਾਈ ਚੱਲ ਪਈ ਸੀ ਪਰ ਉਨ੍ਹਾਂ ਦੇ ਪਿੰਡ ਸਪਲਾਈ ਚਾਲੂ ਨਹੀਂ ਹੋਈ, ਜੋ ਕਿ ਪ੍ਰੀਤ ਸਿਟੀ ਵਿੱਚ ਲੱਗੇ ਟਰਾਂਸਫ਼ਾਰਮਰਾਂ ਤੋਂ ਆਉਂਦੀ ਹੈ। ਉਨ੍ਹਾਂ ਦੱਸਿਆ ਕਿ ਜਦੋਂ ਪਿੰਡ ਵਾਸੀ ਸ਼ਿਕਾਇਤ ਲੈ ਕੇ ਬਿਜਲੀ ਗਰਿੱਡ ਪਹੁੰਚੇ ਤਾਂ ਉੱਥੇ ਤਾਇਨਾਤ ਕਰਮਚਾਰੀਆਂ ਨੇ ਬਦਸਲੂਕੀ ਕੀਤੀ, ਜਿਸ ਕਾਰਨ ਪਿੰਡ ਵਾਸੀਆਂ ਨੇ ਗਰਿੱਡ ਅੰਦਰ ਧਰਨਾ ਸ਼ੁਰੂ ਕਰ ਦਿੱਤਾ। ਖ਼ਬਰ ਲਿਖੇ ਜਾਣ ਤੱਕ ਵੀ ਧਰਨਾ ਜਾਰੀ ਸੀ। ਇਸੇ ਦੌਰਾਨ ਪ੍ਰੀਤ ਸਿਟੀ ਦੇ ਵਸਨੀਕਾਂ ’ਤੇ ਸੰਭਾਲਕੀ ਵਾਸੀਆਂ ਨਾਲ ਝਗੜਾ ਕਰਨ ਦੇ ਦੋਸ਼ ਲੱਗੇ ਹਨ। ਇੱਟਾਂ ਲੱਗਣ ਕਾਰਨ ਦੋ ਪਿੰਡ ਵਾਸੀ ਜ਼ਖ਼ਮੀ ਹੋਏ ਹਨ। ਜਿਨ੍ਹਾਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਬਿਜਲੀ ਸਪਲਾਈ ਬਹਾਲ ਅਤੇ ਝਗੜਾ ਕਰਨ ਵਾਲੇ ਵਿਅਕਤੀਆਂ ਪੁਲੀਸ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਇਸੇ ਦੌਰਾਨ ਸ਼ਾਮ ਨੂੰ ਇੱਥੋਂ ਦੇ ਸੈਕਟਰ-80 (ਮੌਲੀ ਬੈਦਵਾਨ) ਦੇ ਵਸਨੀਕਾਂ ਨੇ ਬਿਜਲੀ ਸਪਲਾਈ ਬਹਾਲ ਨਾ ਹੋਣ ਖ਼ਿਲਾਫ਼ ਚੱਕਾ ਜਾਮ ਕਰਕੇ ਨਾਅਰੇਬਾਜ਼ੀ ਕੀਤੀ। ਸਰਪੰਚ ਬਾਲ ਕ੍ਰਿਸ਼ਨ ਗੋਇਲ ਅਤੇ ਹੋਰ ਪਿੰਡ ਵਾਸੀਆਂ ਨੇ ਦੱਸਿਆ ਕਿ ਝੱਖੜ ਕਾਰਨ ਸ਼ਨਿਚਰਵਾਰ ਕਰੀਬ 10 ਵਜੇ ਬਿਜਲੀ ਗੁੱਲ ਹੋ ਗਈ ਸੀ ਜੋ ਅੱਜ ਦੂਜੇ ਦਿਨ ਸ਼ਾਮ 6 ਵਜੇ ਤੱਕ ਵੀ ਬਹਾਲ ਨਹੀਂ ਹੋਈ। ਇਸ ਸਬੰਧੀ ਪਾਵਰਕੌਮ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਸ਼ਿਕਾਇਤ ਦੇਣ ਦੇ ਬਾਵਜੂਦ ਕਿਸੇ ਨੇ ਗੱਲ ਨਹੀਂ ਸੁਣੀ। ਇਹੀ ਨਹੀਂ ਪਿਛਲੇ ਤਿੰਨ ਦਿਨਾਂ ਤੋਂ ਪਾਣੀ ਦੀ ਸਪਲਾਈ ਵੀ ਪ੍ਰਭਾਵਿਤ ਹੈ। ਇਸ ਕਾਰਨ ਰੋਹ ਵਿੱਚ ਆਏ ਪਿੰਡ ਵਾਸੀਆਂ ਨੇ ਸ਼ਾਮ ਨੂੰ ਧਰਨਾ ਪ੍ਰਦਰਸ਼ਨ ਕੀਤਾ ਅਤੇ ਸੜਕ ਜਾਮ ਕਰਕੇ ਨਾਅਰੇਬਾਜ਼ੀ ਕੀਤੀ। ਦੇਰ ਸ਼ਾਮ ਕਰੀਬ ਸੱਤ ਵਜੇ ਸੋਹਾਣਾ ਪੁਲੀਸ ਅਤੇ ਪਾਵਰਕੌਮ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਖ਼ਬਰ ਲਿਖੇ ਜਾਣ ਤੱਕ ਬਿਜਲੀ ਗੁੱਲ ਸੀ।