ਨਿੱਜੀ ਪੱਤਰ ਪ੍ਰੇਰਕ
ਫ਼ਤਹਿਗੜ੍ਹ ਸਾਹਿਬ, 11 ਮਾਰਚ
ਨਗਰ ਕੌਂਸਲ ਸਰਹਿੰਦ ਦੇ ਸਾਬਕਾ ਪ੍ਰਧਾਨ ਸ਼ੇਰ ਸਿੰਘ, ਬਲਾਕ ਸਮਿਤੀ ਦੇ ਸਾਬਕਾ ਚੇਅਰਮੈਨ ਮਨਦੀਪ ਸਿੰਘ ਅਤੇ ਸਾਬਕਾ ਸਰਪੰਚ ਮੇਜਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਵਿੱਚ ਪੰਥ ਪ੍ਰਸਤੀ ਦਾ ਕਮਜ਼ੋਰ ਪੈਣਾ, ਪੰਥਕ ਰਾਜਨੀਤੀ ਨੂੰ ਤਿਲਾਂਜਲੀ ਦੇਣਾ, ਪੰਥਕ ਸਿਧਾਂਤਾਂ ਦੀ ਪਹਿਰੇਦਾਰੀ ਨਾ ਕਰਨਾ, ਰਾਜਨੀਤੀ ਨੂੰ ਵਪਾਰ ਵਜੋਂ ਵਰਤਣਾ, ਖ਼ੁਦਗਰਜ਼ੀ ਅਤੇ ਪਰਿਵਾਰਵਾਦ ਵਿਚ ਬੁਰੀ ਤਰ੍ਹਾਂ ਗ੍ਰਸਤ ਜਾਣ ਆਦਿ ਕਾਰਨਾਂ ਕਰਕੇ ਸ਼੍ਰੋਮਣੀ ਅਕਾਲੀ ਦਲ ਦਾ ਤੀਜੀ ਵਾਰੀ ਅਸੈਂਬਲੀ ਪਾਰਲੀਮੈਂਟ ਅਤੇ ਅਸੈਂਬਲੀ ਬੁਰੀ ਤਰ੍ਹਾਂ ਹਾਰ ਜਾਣਾ ਬਹੁਤ ਅਫ਼ਸੋਸਨਾਕ ਹੈ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਜਥੇਬੰਦੀ ਦੀ ਅਗਵਾਈ ਅਤੇ ਟਿਕਟਾਂ ਦੀ ਵੰਡ ਦੇ ਸਾਰੇ ਅਧਿਕਾਰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਦਿੱਤੇ ਹੋਏ ਸਨ ਅਤੇ ਪਾਰਟੀ ਦੀ ਨਮੋਸ਼ੀ ਭਰੀ ਹਾਰ ਦੀ ਜ਼ਿੰਮੇਵਾਰੀ ਪਾਰਟੀ ਪ੍ਰਧਾਨ ਸ੍ਰੀ ਬਾਦਲ ’ਤੇ ਹੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਬਾਦਲ ਨੂੰ ਬੁਰੀ ਤਰ੍ਹਾਂ ਹੋਈ ਹਾਰ ਨੂੰ ਕਬੂਲਦੇ ਹੋਏ ਨੈਤਿਕਤਾ ਦੇ ਆਧਾਰ ’ਤੇ ਪ੍ਰਧਾਨਗੀ ਤੋਂ ਅਸਤੀਫ਼ਾ ਦੇਣਾ ਚਾਹੀਦਾ ਹੈ ਤਾਂ ਜੋ ਕੋਈ ਯੋਗ ਆਗੂ ਪਾਰਟੀ ਦੀ ਅਗਵਾਈ ਕਰ ਸਕੇ ਅਤੇ ਪਾਰਟੀ ਨੂੰ ਮੁੜ ਪੈਰਾ ਸਿਰ ਖੜ੍ਹਾ ਕਰ ਸਕੇ।