ਜਗਮੋਹਨ ਸਿੰਘ
ਘਨੌਲੀ, 16 ਅਪਰੈਲ
ਕਾਂਗਰਸ ਕਮੇਟੀ ਸਰਕਲ ਘਨੌਲੀ ਦੇ ਪ੍ਰਧਾਨ ਅਮਨਦੀਪ ਸਿੰਘ ਲਾਲੀ ਅਤੇ ਕਾਂਗਰਸੀ ਆਗੂ ਸੁਰਜੀਤ ਸਿੰਘ ਬਿੱਲਾ ਨੇ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਵਿੱਚ ਲਗਾਏ ਜਾ ਰਹੇ ਨਵੇਂ 400 ਕੇ.ਵੀ. ਗਰਿੱਡ ਸਬ-ਸਟੇਸ਼ਨ ਦੀ ਉਸਾਰੀ ਲਈ ਮਿੱਟੀ ਲੈ ਕੇ ਜਾ ਰਹੇ ਟਿੱਪਰਾਂ ਨੂੰ ਭਾਖੜਾ ਨਹਿਰ ਦੇ ਪੁਲ ਨੇੜੇ ਰੋਕ ਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਨਹਿਰ ਦੀ ਪਟੜੀ ਤੋਂ ਲੰਘ ਰਹੇ ਟਿੱਪਰਾਂ ਨੂੰ ਰੋਕਣ ਦੀ ਮੰਗ ਕੀਤੀ।
ਉਕਤ ਆਗੂਆਂ ਨੇ ਦੋਸ਼ ਲਗਾਇਆ ਕਿ ਘਨੌਲੀ ਤੋਂ ਥਰਮਲ ਪਲਾਂਟ ਨੂੰ ਜਾਣ ਵਾਲੇ ਰਸਤੇ ਦੇ ਬਣੇ ਭਾਖੜਾ ਨਹਿਰ ਦਾ ਪੁਲ ਕਾਫੀ ਕਮਜ਼ੋਰ ਹੋ ਚੁੱਕਾ ਹੈ ਜਿਸ ਕਾਰਨ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀਬੀਐੱਮਬੀ) ਨੇ ਇਸ ਪੁਲ ਤੋਂ ਭਾਰੀ ਵਾਹਨਾਂ ਦੇ ਨਾ ਲੰਘਣ ਸਬੰਧੀ ਚਿਤਾਵਨੀ ਬੋਰਡ ਵੀ ਲਗਾਇਆ ਹੋਇਆ ਹੈ, ਪਰ ਰੋਜ਼ਾਨਾ ਵੱਡੀ ਗਿਣਤੀ ਟਿੱਪਰ ਮਿੱਟੀ ਲੈ ਕੇ ਇਸ ਪੁਲ ਤੋਂ ਲੰਘਦੇ ਹਨ ਜੋ ਕਿ ਬੀਬੀਐੱਮਬੀ ਨੂੰ ਦਿਖਾਈ ਨਹੀਂ ਦਿੰਦੇ। ਇਸ ਦੇ ਨਾਲ ਹੀ ਉਕਤ ਆਗੂਆਂ ਨੇ ਇਹ ਵੀ ਕਿਹਾ ਕਿ ਪੂਰੇ ਰੂਪਨਗਰ ਜ਼ਿਲ੍ਹੇ ਵਿੱਚ ਖਣਨ ਦੇ ਕੰਮ ’ਤੇ ਪੂਰਨ ਪਾਬੰਦੀ ਲੱਗੀ ਹੋਈ, ਪਰ ਇਸ ਦੇ ਬਾਵਜੂਦ ਮਿੱਟੀ ਲੈ ਕੇ ਲੰਘ ਰਹੇ ਟਿੱਪਰ ‘ਆਪ’ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕਰ ਰਹੇ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਜ਼ਿਲ੍ਹਾ ਪ੍ਰਸ਼ਾਸਨ ਨੇ ਇਨ੍ਹਾਂ ਟਿੱਪਰਾਂ ਨੂੰ ਨਾ ਰੋਕਿਆ ਤਾਂ ਉਹ ਇਲਾਕਾ ਵਾਸੀਆਂ ਨੂੰ ਨਾਲ ਲੈ ਕੇ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।
ਕੀ ਕਹਿੰਦੇ ਨੇ ਅਧਿਕਾਰੀ
ਪੀਐੱਸਟੀਸੀਐੱਲ ਦੇ ਜੇ.ਈ. ਗੁਰਸ਼ਰਨ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਮਹਿਕਮੇ ਵੱਲੋਂ ਮੈਸਰਜ਼ ਗੋਦਰੇਜ ਐਂਡ ਬੋਈ ਮੈਨੂਫੈਕਚਰਿੰਗ ਕੰਪਨੀ ਲਿਮਿਟਡ ਨੂੰ ਠੇਕਾ ਦਿੱਤਾ ਹੋਇਆ ਹੈ ਅਤੇ ਉਕਤ ਕੰਪਨੀ ਨੇ ਭਰਤ ਪਾਉਣ ਦਾ ਜ਼ਿੰਮਾ ਮੈਸਰਜ਼ ਵਿਲਸੈਕ ਕੰਟਰੈਕਟਰਜ਼ ਨੂੰ ਦਿੱਤਾ ਹੋਇਆ, ਇਸ ਕਰ ਕੇ ਇਨ੍ਹਾਂ ਟਿੱਪਰਾਂ ਨਾਲ ਉਨ੍ਹਾਂ ਦੇ ਮਹਿਕਮੇ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਉੱਧਰ, ਮੈਸਰਜ਼ ਵਿਲਸੈਕ ਕੰਟਰੈਕਟਰਜ਼ ਦੇ ਸਾਈਟ ਇੰਚਾਰਜ ਇੰਜਨੀਅਰ ਅਖਿਲੇਸ਼ ਨੇ ਕਿਹਾ ਕਿ ਉਨ੍ਹਾਂ ਵੱਲੋਂ ਕਾਰਜਕਾਰੀ ਇੰਜਨੀਅਰ ਜਲ ਨਿਕਾਸ-ਕਮ-ਮਾਈਨਿੰਗ ਮੰਡਲ ਰੂਪਨਗਰ ਤੋਂ ਮਿੱਟੀ ਪੁੱਟਣ ਅਤੇ ਬੀਬੀਐੱਮਬੀ ਤੋਂ ਪਟੜੀ ਰਾਹੀਂ ਵਾਹਨ ਲੰਘਾਉਣ ਦੀ ਮਨਜ਼ੂਰੀ ਲੈਣ ਉਪਰੰਤ ਹੀ ਭਾਖੜਾ ਨਹਿਰ ਦੀ ਪਟੜੀ ਰਾਹੀਂ ਟਿੱਪਰ ਲੰਘਾਏ ਜਾ ਰਹੇ ਹਨ ਤੇ ਇਸ ਗੱਲ ਦਾ ਪੂਰਾ ਖਿਆਲ ਰੱਖਿਆ ਜਾ ਰਿਹਾ ਹੈ ਕਿ ਪੂਰੇ ਰਸਤੇ ਦੌਰਾਨ ਮਿੱਟੀ ਦੇ ਭਰੇ ਟਿੱਪਰ ਕਿਸੇ ਵੀ ਪਿੰਡ ਦੀ ਆਬਾਦੀ ਵਿੱਚੋਂ ਨਾ ਲੰਘਣ।