ਪੱਤਰ ਪ੍ਰੇਰਕ
ਪੰਚਕੂਲਾ, 2 ਨਵੰਬਰ
ਸੈੱਕਟਰ-6 ਦੀਆਂ ਝੁੱਗੀਆਂ ਤੋਂ ਕੁਝ ਦਿਨ ਪਹਿਲਾਂ ਇੱਕ ਔਰਤ ਵੱਲੋਂ ਅਗਵਾ ਕੀਤੀਆਂ ਤਿੰਨ ਬੱਚੀਆਂ ਸੁਨਾਕਸ਼ੀ (6), ਸਲੋਨੀ (4), ਸਰੋਜ (2) ਨੂੰ ਅੱਜ ਪੁਲੀਸ ਨੇ ਨਾਢਾ ਪਿੰਡ ਨੇੜਿਓਂ ਬਰਾਮਦ ਕੀਤਾ ਹੈ। ਪੁਲੀਸ ਨੇ ਮੁਲਜ਼ਮ ਔਰਤ ਨੂੰ ਫੜਨ ਲਈ ਕਈ ਟੀਮਾਂ ਬਣਾਈਆਂ ਸਨ।
ਪੁਲੀਸ ਟੀਮ ਦੀ ਅਗਵਾਈ ਏ.ਸੀ.ਪੀ. ਨੂਪੁਰ ਵਿਸ਼ਨੋਈ ਅਤੇ ਸੈੱਕਟਰ-5 ਪੁਲੀਸ ਸਟੇਸ਼ਨ ਦੇ ਇੰਚਾਰਜ ਐੱਸਐੱਚਓ ਲਲਿਤ ਕੁਮਾਰ ਕਰ ਰਹੇ ਸਨ। ਪੁਲੀਸ ਨੂੰ ਕੁਝ ਸੀਸੀਟੀਵੀ ਫੁਟੇਜ਼ ਮਿਲੀ ਸੀ ਜਿਸ ਵਿੱਚ ਇੱਕ ਅਣਪਛਾਤੀ ਔਰਤ ਬੱਚੀਆਂ ਨੂੰ ਚੱਕ ਕੇ ਲਿਜਾ ਰਹੀ ਸੀ। ਅੱਜ ਪੁਲੀਸ ਨੇ ਇਨ੍ਹਾਂ ਬੱਚੀਆਂ ਨੂੰ ਬਰਾਮਦ ਕੀਤਾ ਹੈ। ਪੁਲੀਸ ਨੇ ਮੁਲਜ਼ਮ ਔਰਤ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਨੇ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਮੁਲਜ਼ਮ ਔਰਤ ਦੀ ਤਸਵੀਰ ਜਨਤਕ ਕਰ ਦਿੱਤੀ ਸੀ। ਪੁਲੀਸ ਨੇ ਮੁਲਜ਼ਮ ਔਰਤ ਨੂੰ ਫੜਨ ਲਈ ਇਨਾਮ ਵੀ ਐਲਾਨਿਆ ਹੋਇਆ ਸੀ। ਇਸ ਮਹਿਲਾ ਨੂੰ ਫੜਨ ਲਈ ਕ੍ਰਾਈਮ ਬ੍ਰਾਂਚ ਸੈੱਕਟਰ-19 ਦੀ ਟੀਮ ਨੇ ਵੀ ਕਈ ਥਾਵਾਂ ’ਤੇ ਛਾਪੇ ਮਾਰੇ ਸਨ। ਲੜਕੀਆਂ ਨੂੰ ਬਰਾਮਦ ਕਰਨ ਦੀ ਪੁਸ਼ਟੀ ਕਰਦਿਆਂ ਸੈੱਕਟਰ-5 ਦੇ ਪੁਲੀਸ ਸਟੇਸ਼ਨ ਦੇ ਐੱਸਐਚਓ ਲਲਿਤ ਕੁਮਾਰ ਨੇ ਕਿਹਾ ਕਿ ਅੱਜ ਬੱਚੀਆਂ ਨੂੰ ਉਨ੍ਹਾਂ ਦੇ ਮਾਪਿਆਂ ਦੇ ਹਵਾਲੇ ਕਰ ਦਿੱਤਾ ਗਿਆ ਹੈ।