ਪੱਤਰ ਪ੍ਰੇਰਕ
ਬਨੂੜ, 2 ਮਈ
ਬਨੂੜ ਨਹਿਰ ਵਿੱਚ ਪਿੰਡ ਸੂਰਜਗੜ੍ਹ ਨੇੜੇ ਬੀਤੀ ਸ਼ਾਮ ਤੀਜੀ ਵੇਰ ਪਾੜ ਪੈ ਗਿਆ। ਇਸੇ ਥਾਂ ਉੱਤੇ ਪਿਛਲੇ ਦਸ ਦਿਨਾਂ ਦੌਰਾਨ ਲਗਾਤਾਰ ਤੀਜੀ ਵਾਰ ਪਾੜ ਪਿਆ ਹੈ। ਪਾੜ ਕਾਰਨ ਦਰਜਨਾਂ ਏਕੜ ਖੇਤਾਂ ਵਿੱਚ ਪਾਣੀ ਭਰ ਗਿਆ।
ਪਿੰਡ ਸੂਰਜਗੜ੍ਹ ਦੇ ਕਿਸਾਨਾਂ ਬਹਾਦਰ ਸਿੰਘ, ਗੁਰਜਿੰਦਰ ਸਿੰਘ, ਹਰਵਿੰਦਰ ਸਿੰਘ, ਅਮਨਪ੍ਰੀਤ ਸਿੰਘ ਨੇ ਦੱਸਿਆ ਕਿ ਨਹਿਰ ਵਿੱਚ ਪਾੜ ਪੈਣ ਨਾਲ ਉਨ੍ਹਾਂ ਦੀ ਮੱਕੀ, ਸੂਰਜਮੁਖੀ, ਮਿਰਚਾਂ ਦੀ ਫ਼ਸਲ ਖਰਾਬ ਹੋ ਗਈ ਹੈ। ਉਨ੍ਹਾਂ ਕਿਹਾ ਕਿ ਤੂੜੀ ਬਣਾਉਣ ਵਾਲੇ ਨਾੜ ਵਿੱਚ ਵੀ ਪਾਣੀ ਭਰ ਗਿਆ ਹੈ। ਕਿਸਾਨਾਂ ਨੇ ਦੱਸਿਆ ਕਿ ਸਿੰਜਾਈ ਵਿਭਾਗ ਪਾੜ ਪੂਰਨ ਲਈ ਕੋਈ ਉਪਰਾਲਾ ਨਹੀਂ ਕਰਦਾ ਤੇ ਕਿਸਾਨਾਂ ਨੂੰ ਖੁਦ ਹੀ ਪਾੜ ਪੂਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਨਹਿਰ ਦੀ ਉਸਾਰੀ ਸਮੇਂ ਬੇਹਦ ਹਲਕਾ ਮਟੀਰੀਅਲ ਲਗਾਇਆ ਗਿਆ ਹੈ ਤੇ ਜਦੋਂ ਵੀ ਨਹਿਰ ਵਿੱਚ ਸਿੰਚਾਈ ਲਈ ਪਾਣੀ ਛੱਡਿਆ ਜਾਂਦਾ ਹੈ, ਉਦੋਂ ਹੀ ਪਾੜ ਪੈ ਜਾਂਦਾ ਹੈ। ਉਨ੍ਹਾਂ ਸਿੰਜਾਈ ਮੰਤਰੀ ਅਤੇ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਨਹਿਰ ਵਿੱਚ ਪਾੜ ਦੇ ਕਾਰਨਾਂ ਦੀ ਜਾਂਚ ਕਰਾਉਣ, ਖਰਾਬ ਹੋਈਆਂ ਫ਼ਸਲਾਂ ਲਈ ਮੁਆਵਜ਼ਾ ਦੇਣ ਦੀ ਮੰਗ ਕੀਤੀ।