ਮੁਕੇਸ਼ ਕੁਮਾਰ
ਚੰਡੀਗੜ੍ਹ, 18 ਜੁਲਾਈ
ਇੱਥੇ ਸੈਕਟਰ 26 ਸਥਿਤ ਬਾਪੂ ਧਾਮ ਕਲੋਨੀ ਵਿੱਚ ਗੈਰਕਾਨੂੰਨੀ ਕਬਜ਼ਿਆਂ ਨੂੰ ਹਟਾਉਣ ਗਈ ਪ੍ਰਸ਼ਾਸਨ ਅਤੇ ਨਗਰ ਨਿਗਮ ਦੀ ਟੀਮ ਨੂੰ ਲੋਕਾਂ ਦੇ ਵਿਰੋਧ ਕਾਰਨ ਬੇਰੰਗ ਪਰਤਣਾ ਪਿਆ। ਚੰਡੀਗੜ੍ਹ ਪ੍ਰਦੇਸ਼ ਭਾਜਪਾ ਅਤੇ ਕਾਂਗਰਸ ਦੇ ਨੇਤਾ ਅਤੇ ਸਮਰਥਕ ਵੀ ਮੌਕੇ ’ਤੇ ਪੁੱਜੇ ਅਤੇ ਕਾਰਵਾਈ ਦਾ ਵਿਰੋਧ ਕੀਤਾ। ਤੈਅ ਯੋਜਨਾ ਅਨੁਸਾਰ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸੈਕਟਰ 26 ਸਥਿਤ ਬਾਪੂ ਧਾਮ ਕਲੋਨੀ ਦੇ ਮਕਾਨਾਂ ਅੱਗੇ ਸਰਕਾਰੀ ਥਾਂ ’ਤੇ ਕੀਤੀਆਂ ਨਾਜਾਇਜ਼ ਆਰਜ਼ੀ ਉਸਾਰੀਆਂ ਹਟਾਉਣ ਲਈ ਟੀਮ ਪੁੱਜੀ।
ਇਸ ਤੋਂ ਪਹਿਲਾਂ ਸਵੇਰੇ ਹੀ ਭਾਜਪਾ ਅਤੇ ਕਾਂਗਰਸ ਦੇ ਆਗੂ ਵੀ ਵਰਕਰਾਂ ਨਾਲ ਇੱਥੇ ਪੁੱਜ ਗਏ ਅਤੇ ਆਪਣੇ ਤੌਰ ’ਤੇ ਪ੍ਰਸ਼ਾਸਨ ਦੀ ਕਾਰਵਾਈ ਦੇ ਵਿਰੋਧ ਵਿੱਚ ਪ੍ਰਦਰਸ਼ਨ ਕਰਨ ਲੱਗੇ। ਇਸ ਦੌਰਾਨ ਕਾਂਗਰਸੀ ਆਗੂਆਂ ਦੀ ਪ੍ਰਸ਼ਾਸਨਿਕ ਮੁਲਾਜ਼ਮਾਂ ਨਾਲ ਇਸ ਮੁਹਿੰਮ ਨੂੰ ਲੈ ਕੇ ਬਹਿਸ ਵੀ ਹੋਈ। ਉੱਧਰ, ਭਾਜਪਾ ਆਗੂਆਂ ਨੇ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਪ੍ਰਸ਼ਾਸਨ ਨੇ ਸਥਿਤੀ ਬੇਕਾਬੂ ਹੁੰਦੀ ਦੇਖ ਕੇ ਇਸ ਕਾਰਵਾਈ ਨੂੰ ਫਿਲਹਾਲ ਰੋਕ ਦਿੱਤਾ ਗਿਆ। ਜਿਵੇਂ ਹੀ ਪ੍ਰਸ਼ਾਸਨ ਵੱਲੋਂ ਕਾਰਵਾਈ ਰੋਕਣ ਦੇ ਸੂਚਨਾ ਮਿਲੀ, ਇਸ ਬਾਰੇ ਕਾਂਗਰਸ ਅਤੇ ਭਾਜਪਾ ਵਿਚਾਲੇ ਲਾਹਾ ਲੈਣ ਦੀ ਵਾਰ ਸ਼ੁਰੂ ਹੋ ਗਈ। ਇਸ ਤੋਂ ਪਹਿਲਾਂ ਇਲਾਕੇ ਵਿੱਚ ਨਾਜਾਇਜ਼ ਕਬਜ਼ੇ ਹਟਾਉਣ ਦਾ ਦਸਤਾ ਅੱਜ ਸਵੇਰੇ ਲਗਪਗ 8 ਵਜੇ ਪੂਰੀ ਤਿਆਰੀਆਂ ਨਾਲ ਬਾਪੂਧਾਮ ਕਲੋਨੀ ਪੁੱਜ ਗਿਆ ਸੀ। ਸੁਰੱਖਿਆ ਲਈ ਪੁਲੀਸ ਸੁਰੱਖਿਆ ਦਾ ਵੀ ਭਾਰੀ ਬੰਦੋਬਸਤ ਸੀ। ਉਧਰ ਪ੍ਰਸ਼ਾਸਨ ਦੀ ਕਾਰਵਾਈ ਦੇ ਵਿਰੋਧ ਵਿੱਚ ਭਾਜਪਾ ਤੇ ਕਾਂਗਰਸ ਦੇ ਆਗੂ ਵੀ ਇੱਥੇ ਪੁੱਜੇ। ਇੱਥੇ ਵਿਰੋਧ ਪ੍ਰਦਰਸ਼ਨ ਕਰ ਰਹੇ ਕਾਂਗਰਸੀ ਅਤੇ ਭਾਜਪਾ ਸਮਰਥਕਾਂ ਵੱਲੋਂ ਇਸ ਕਾਰਵਾਈ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਗਈ। ਕਾਂਗਰਸ ਨੇ ਦੋਸ਼ ਲਗਾਇਆ ਕਿ ਭਾਜਪਾ ਦੇ ਸੀਨੀਅਰ ਡਿਪਟੀ ਮੇਅਰ ਅਤੇ ਸਥਾਨਕ ਕੌਂਸਲਰ ਦਲੀਪ ਸ਼ਰਮਾ ਪ੍ਰਸ਼ਾਸਨ ਨੂੰ ਸਥਾਨਕ ਲੋਕਾਂ ’ਤੇ ਹਥੌੜਾ ਬਣਾ ਕੇ ਵਰਤ ਰਹੇ ਹਨ। ਭਾਜਪਾ ਨੇ ਕਿਹਾ ਕਿ ਕਾਂਗਰਸ ਸਸਤੀ ਰਾਜਨੀਤੀ ਕਰ ਰਹੀ ਹੈ ਅਤੇ ਉਹ (ਭਾਜਪਾ) ਪ੍ਰਸ਼ਾਸਨ ਦਾ ਹਥੌੜਾ ਇਥੋਂ ਦੇ ਘਰਾਂ ’ਤੇ ਨਹੀਂ ਚੱਲਣ ਦੇਣਗੇ। ਇਸ ਮੁੱਦੇ ਨੂੰ ਲੈ ਕੇ ਅੱਜ ਕੌਂਸਲਰ ਦਲੀਪ ਸ਼ਰਮਾ ਅਤੇ ਭਾਜਪਾ ਦੇ ਨਵ-ਨਿਯੁਕਤ ਉਪ ਪ੍ਰਧਾਨ ਤੇ ਸਾਬਕਾ ਕੌਂਸਲਰ ਦਵਿੰਦਰ ਸਿੰਘ ਬਬਲਾ ਨੇ ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ ਨਾਲ ਮੁਲਾਕਾਤ ਕੀਤੀ। ਦਵਿੰਦਰ ਸਿੰਘ ਬਬਲਾ ਨੇ ਸਲਾਹਕਾਰ ਨੂੰ ਜਾਣਕਾਰੀ ਦਿੱਤੀ ਕਿ ਸਥਾਨਕ ਲੋਕਾਂ ਨੇ ਕਲੋਨੀ ਵਿੱਚ ਲੋੜ ਅਨੁਸਾਰ ਆਪਣੇ ਮਕਾਨਾਂ ਵਿੱਚ ਬਦਲਾਅ ਕੀਤੇ ਹਨ। ਇਸ ਦੇ ਨਾਲ ਹੀ ਵਾਧੂ ਉਸਾਰੀ ਨੂੰ ਕਾਫੀ ਹੱਦ ਤੱਕ ਹਟਾ ਦਿੱਤਾ ਗਿਆ ਹੈ ਅਤੇ ਬਾਕੀ ਦੇ ਇਤਰਾਜਯੋਗ ਉਸਾਰੀ ਨੂੰ ਇਲਾਕੇ ਦੇ ਲੋਕ ਖੁਦ ਹਟਾ ਲੈਣਗੇ। ਉਨ੍ਹਾਂ ਦਲੀਲ ਦਿੱਤੀ ਕਿ ਇਸ ਮਾਮਲੇ ਵਿੱਚ ਇਸ ਡਰਾਈਵ ਨੂੰ ਬੰਦ ਕੀਤਾ ਜਾਣਾ ਚਾਹੀਦਾ ਹੈ।
ਦੂਜੇ ਪਾਸੇ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਹਰਮੋਹਿੰਦਰ ਸਿੰਘ ਲੱਕੀ ਸਮੇਤ ਹੋਰ ਕਾਂਗਰਸੀ ਆਗੂਆਂ ਨੇ ਇਲਾਕਾ ਵਾਸੀਆਂ ਨਾਲ ਮਿਲ ਕੇ ਇਸ ਮੁਹਿੰਮ ਦਾ ਵਿਰੋਧ ਕੀਤਾ। ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਮੁਹੰਮਦ ਸੁਲੇਮਾਨ ਦੀ ਅਗਵਾਈ ਹੇਠ ਇਲਾਕਾ ਵਾਸੀਆਂ ਨੇ ਭਾਜਪਾ ਅਤੇ ਨਿਗਮ ਵਿਰੋਧੀ ਨਾਅਰੇਬਾਜ਼ੀ ਕੀਤੀ।
ਕਾਂਗਰਸ ਪ੍ਰਧਾਨ ਲੱਕੀ ਨੇ ਕਿਹਾ ਕਿ ਅਧਿਕਾਰੀਆਂ ਨੇ ਬਾਪੂਧਾਮ ਦੇ ਲੋਕਾਂ ’ਤੇ ਬੁਲਡੋਜ਼ਰ ਲਾਉਣ ਦਾ ਫੈਸਲਾ ਅਜਿਹੇ ਸਮੇਂ ਵਿੱਚ ਕੀਤਾ ਹੈ ਜਦੋਂ ਪਹਿਲਾਂ ਹੀ ਲਗਾਤਾਰ ਹੋ ਰਹੀ ਬਰਸਾਤ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਸਥਾਨਕ ਆਗੂ ਯੈਂਕੀ ਕਾਲੀਆ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਭਾਜਪਾ ਇੱਥੇ ਬੁਲਡੋਜ਼ਰ ਚਲਾਉਣ ਲਈ ਦੋਹਰੀ ਰਾਜਨੀਤੀ ਕਰ ਰਹੀ ਹੈ।
ਸੀਐੱਚਬੀ ਨੇ ਡੱਡੂਮਾਜਰਾ ਸਥਿਤ ਚਾਰ ਫਲੈਟਾਂ ਨੂੰ ਕਬਜ਼ਾ-ਮੁਕਤ ਕਰਵਾਇਆ
ਚੰਡੀਗੜ੍ਹ: ਚੰਡੀਗੜ੍ਹ ਹਾਊਸਿੰਗ ਬੋਰਡ ਦੇ ਐਨਫੋਰਸਮੈਂਟ ਵਿੰਗ ਨੇ ਇੱਥੇ ਡੱਡੂਮਾਜਰਾ ਸਥਿਤ ਚਾਰ ਰਿਹਾਇਸ਼ੀ ਯੂਨਿਟਾਂ ਵਿੱਚ ਨਾਜਾਇਜ਼ ਕਬਜ਼ਿਆਂ ਨੂੰ ਲੈ ਕੇ ਕਾਰਵਾਈ ਕੀਤੀ। ਬੋਰਡ ਨੇ ਇਨ੍ਹਾਂ ਫਲੈਟਾਂ ਵਿੱਚ ਨਾਜਾਇਜ਼ ਤੌਰ ’ਤੇ ਕੀਤੇ ਕਬਜ਼ੇ ਖ਼ਿਲਾਫ਼ ਕਾਰਵਾਈ ਕਰਦਿਆਂ ਫਲੈਟ ਖਾਲੀ ਕਰਵਾਏ। ਇਨ੍ਹਾਂ ਫਲੈਟਾਂ ਦੇ ਅਣਅਧਿਕਾਰਤ ਕਬਜ਼ਿਆਂ ਨੂੰ ਲੈ ਕੇ ਬੋਰਡ ਵੱਲੋਂ ਅੱਜ ਇਹ ਫਲੈਟ ਖਾਲੀ ਕਰਨ ਦੀ ਮੋਹਲਤ ਦਿੱਤੀ ਗਈ ਸੀ। ਬੋਰਡ ਦੇ ਅਧਿਕਾਰੀਆਂ ਵੱਲੋਂ ਅੱਜ ਇਹ ਮਿਆਦ ਖਤਮ ਹੋਣ ਤੋਂ ਬਾਅਦ ਕਬਜ਼ਾਧਾਰੀਆਂ ਦਾ ਸਾਮਾਨ ਬਾਹਰ ਕੱਢ ਦਿੱਤਾ ਗਿਆ ਅਤੇ ਰਿਹਾਇਸ਼ੀ ਯੂਨਿਟਾਂ ਨੂੰ ਸੀਲ ਕਰ ਦਿੱਤਾ ਗਿਆ। ਹੁਣ ਇਨ੍ਹਾਂ ਚਾਰਾਂ ਘਰਾਂ ਦਾ ਕਬਜ਼ਾ ਚੰਡੀਗੜ੍ਹ ਹਾਊਸਿੰਗ ਬੋਰਡ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਇਨ੍ਹਾਂ ਫਲੈਟਾਂ ਦੇ ਵਾਸੀਆਂ ਵੱਲੋਂ ਕੀਤੀਆਂ ਗਈਆਂ ਕੁਝ ਉਸਾਰੀਆਂ ਪਹਿਲਾਂ ਹੀ ਢਾਹ ਦਿੱਤੀਆਂ ਜਾ ਚੁੱਕੀਆਂ ਹਨ ਅਤੇ ਬਾਕੀ ਰਹਿੰਦੀਆਂ ਗੈਰ-ਕਾਨੂੰਨੀ/ਅਣ-ਅਧਿਕਾਰਤ ਉਸਾਰੀਆਂ ਅਗਲੇ ਕੁਝ ਦਿਨਾਂ ਵਿੱਚ ਢਾਹ ਦਿੱਤੀਆਂ ਜਾਣਗੀਆਂ। ਬੋਰਡ ਦੇ ਸੀਈਓ ਯਸ਼ਪਾਲ ਗਰਗ ਨੇ ਦੱਸਿਆ ਕਿ ਇਨ੍ਹਾਂ ਰਿਹਾਇਸ਼ੀ ਇਕਾਈਆਂ ‘ਤੇ ਨਾਜਾਇਜ਼ ਕਬਜ਼ਿਆਂ ਅਤੇ ਢਾਹੁਣ ਦੇ ਖਰਚੇ ਦਾ ਅਨੁਮਾਨ ਲਾਇਆ ਜਾ ਰਿਹਾ ਹੈ ਅਤੇ ਇਹ ਉਨ੍ਹਾਂ (ਡਿਫਾਲਟਰਾਂ) ਤੋਂ ਵਸੂਲਿਆ ਜਾਵੇਗਾ। -ਖੇਤਰੀ ਪ੍ਰਤੀਨਿਧ