ਪੀ.ਪੀ. ਵਰਮਾ
ਪੰਚਕੂਲਾ, 18 ਮਈ
ਰਾਜਕੀਯ ਪ੍ਰਾਇਮਰੀ ਸਿੱਖਿਅਕ ਸੰਘ ਹਰਿਆਣਾ ਵੱਲੋਂ ਆਪਣੀਆਂ ਮੰਗਾਂ ਦੇ ਹੱਕ ’ਚ ਇੱਥੇ ਮੁਜ਼ਾਹਰਾ ਕੀਤਾ ਗਿਆ। ਇਹ ਅਧਿਆਪਕ ਸੈਕਟਰ 5 ਦੇ ਹੁੱਡਾ ਗਰਾਊਂਡ ਵਿੱਚ ਇਕੱਤਰ ਹੋਏ ਅਤੇ ਫਿਰ ਸਿੱਖਿਆ ਸਦਨ ਦੇ ਬਾਹਰ ਧਰਨਾ ਦਿੱਤਾ। ਇਸ ਤੋਂ ਬਾਅਦ ਇਹ ਹਰਿਆਣਾ ਦੇ ਮੁੱਖ ਮੰਤਰੀ ਦੇ ਘਰ ਦਾ ਘਿਰਾਓ ਕਰਨ ਲਈ ਤੁਰ ਪਏ, ਜਿਨ੍ਹਾਂ ਨੂੰ ਚੰਡੀਗੜ੍ਹ ਅਤੇ ਹਰਿਆਣਾ ਪੁਲੀਸ ਨੇ ਹਾਊਸਿੰਗ ਬੋਰਡ ਚੌਕ ’ਚ ਘੇਰ ਲਿਆ। ਇਸ ਦੌਰਾਨ ਢਾਈ ਘੰਟੇ ਆਵਾਜਾਈ ਬੰਦ ਰਹੀ। ਇਸ ਮੁਜ਼ਾਹਰੇ ਨੂੰ ਸੰਘ ਦੇ ਪ੍ਰਧਾਨ ਜਗਜੀਤ ਸਿੰਘ, ਸੂਬਾ ਜਨਰਲ ਸਕੱਤਰ ਤਰੁਣ ਸਿਹਾਗ, ਸੂਬਾਈ ਖਜ਼ਾਨਚੀ ਸਤੀਸ਼ ਵਤਸ ਨੇ ਸੰਬੋਧਨ ਕੀਤਾ। ਇਸ ਮੌਕੇ ਪ੍ਰਧਾਨ ਜਗਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀਆਂ ਮੁੱਖ ਮੰਗਾਂ ਵਿੱਚ ਸ਼ਾਮਲ ਹੈ ਕਿ ਬੱਚਿਆਂ ਦੇ ਦਾਖ਼ਲੇ ਵੇਲੇ ਅਧਿਆਪਕਾਂ ਦੀ ਆਈਡੀ ਉੱਤੇ ਦਾਖ਼ਲਾ ਨਾ ਕੀਤਾ ਜਾਵੇ ਸਗੋਂ ਬੱਚਿਆਂ ਦੇ ਨਾਮ ਦੀ ਆਈਡੀ ਉੱਤੇ ਆਨਲਾਈਨ ਦਾਖ਼ਲਾ ਕੀਤਾ ਜਾਵੇ, ਮਿਡ-ਡੇਅ ਮੀਲ ਨੂੰ ਸਹੀ ਢੰਗ ਨਾਲ ਸ਼ੁਰੂ ਕੀਤਾ ਜਾਵੇ, ਅਧਿਆਪਕਾਂ ਦੀ ਰੈਗੂਲਰਾਈਜੇਸ਼ਨ ਕੀਤੀ ਜਾਵੇ, ਬੱਚਿਆਂ ਦੇ ਦਾਖ਼ਲੇ ਵੇਲੇ ਪਰਿਵਾਰ ਪਹਿਚਾਣ ਪੱਤਰ ਦੀ ਸ਼ਰਤ ਨਾ ਹੋਵੇ, ਬੀਤੇ ਦੋ ਸਾਲਾਂ ਤੋਂ ਬੱਚਿਆਂ ਨੂੰ ਸਰਕਾਰੀ ਕਿਤਾਬਾਂ ਨਹੀਂ ਮਿਲ ਰਹੀਆਂ ਜੋ ਜਲਦੀ ਤੋਂ ਜਲਦੀ ਦਿੱਤੀਆਂ ਜਾਣ। ਇਸ ਮੌਕੇ ਇਹ ਮੰਗ ਵੀ ਕੀਤੀ ਗਈ ਕਿ ਪ੍ਰਾਈਵੇਟ ਸਕੂਲਾਂ ਨੂੰ ਸਰਕਾਰ ਹੱਲਾਸ਼ੇਰੀ ਦੇਣਾ ਬੰਦ ਕਰੇ ਅਤੇ ਸਰਕਾਰੀ ਸਕੂਲਾਂ ਦਾ ਸੁਧਾਰ ਕਰੇ।
ਮੁੱਖ ਸਕੱਤਰ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦੇਣ ਮਗਰੋਂ ਧਰਨਾ ਚੁੱਕਿਆ
ਅਖ਼ੀਰ ਵਿੱਚ ਮੁੱਖ ਮੰਤਰੀ ਦੇ ਓਐੱਸਡੀ ਭੂਪੇਸ਼ਵਰ ਦਿਆਲ ਆਏ ਅਤੇ ਉਨ੍ਹਾਂ ਅਧਿਆਪਕਾਂ ਕੋਲੋਂ ਮੰਗ ਪੱਤਰ ਲਿਆ ਅਤੇ ਅਧਿਆਪਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਦੋ ਦਿਨਾਂ ’ਚ ਰਾਜਕੀਯ ਪ੍ਰਾਇਮਰੀ ਸਿੱਖਿਆ ਸੰਘ ਦੇ ਇੱਕ ਵਫ਼ਦ ਨੂੰ ਹਰਿਆਣਾ ਸਰਕਾਰ ਦੇ ਮੁੱਖ ਸਕੱਤਰ ਨਾਲ ਮਿਲਾਇਆ ਜਾਵੇਗਾ। ਓਐੱਸਡੀ ਭੂਪੇਸ਼ਵਰ ਦਿਆਲ ਨੇ ਕਿਹਾ ਕਿ ਤੁਹਾਡੀਆਂ ਮੰਗਾਂ ਮੰਨਣ ਬਾਰੇ ਵਿਚਾਰ ਕੀਤਾ ਜਾਵੇਗਾ ਜਿਸ ਤੋਂ ਬਾਅਦ ਅਧਿਆਪਕਾਂ ਨੇ ਆਪਣਾ ਪ੍ਰ੍ਦਰਸ਼ਨ ਖਤਮ ਕੀਤਾ।