ਪੱਤਰ ਪ੍ਰੇਰਕ
ਬਨੂੜ, 11 ਸਤੰਬਰ
ਸ਼ਿਵਾਲਿਕ ਕਾਨਵੈਂਟ ਸਕੂਲ ਬਨੂੜ ਦੇ ਵਿਦਿਆਰਥੀਆਂ ਨੇ ਅੱਜ ਵਿਸ਼ਵ ਸਾਖਰਤਾ ਦਿਵਸ ਮੌਕੇ ਪਿੰਡ ਝੱਜੋਂ, ਬੁੱਢਣਪੁਰ, ਬੂਟਾ ਸਿੰਘ ਵਾਲਾ ਅਤੇ ਬਨੂੜ ਸ਼ਹਿਰ ਵਿੱਚ ਸਾਖਰਤਾ ਰੈਲੀਆਂ ਕੱਢ ਕੇ ਅਨਪੜਾਂ ਨੂੰ ਪੜ੍ਹਨ ਦਾ ਹੋਕਾ ਦਿੱਤਾ। ਇਸ ਮੌਕੇ ਵਿਦਿਆਰਥੀਆਂ ਨੇ ਪਿੰਡਾਂ ਦੇ ਬਜ਼ੁਰਗਾਂ ਨੂੰ ਹਸਤਾਖ਼ਰ ਕਰਨੇ ਵੀ ਸਿਖਾਏ। ਸਕੂਲ ਦੀ ਪ੍ਰਿੰਸੀਪਲ ਚੀਨੂੰ ਸ਼ਰਮਾ ਅਤੇ ਡਾਇਰੈਕਟਰ ਆਸ਼ੂਤੋਸ਼ ਭਾਰਦਵਾਜ ਦੀ ਅਗਵਾਈ ਹੇਠ ਕੱਢੀਆਂ ਗਈਆਂ ਰੈਲੀਆਂ ਵਿੱਚ ਸਕੂਲੀ ਬੱਚਿਆਂ ਤੋਂ ਇਲਾਵਾ ਸਕੂਲ ਦੇ ਅਧਿਆਪਕਾਂ, ਸਕੂਲ ਬੱਸਾਂ ਦੇ ਡਰਾਈਵਰਾਂ-ਕੰਡਕਟਰਾਂ, ਮਾਲੀਆਂ ਅਤੇ ਹੋਰ ਸਟਾਫ਼ ਨੇ ਵੀ ਹਿੱਸਾ ਲਿਆ। ਪ੍ਰਿੰਸੀਪਲ ਚੀਨੂੰ ਸ਼ਰਮਾ ਨੇ ਦੱਸਿਆ ਕਿ ਇਨ੍ਹਾਂ ਪਿੰਡਾਂ ਦੇ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਆਪੋ-ਆਪਣੇ ਪਿੰਡ ਦੇ ਅਨਪੜ੍ਹ ਬਜ਼ੁਰਗਾਂ ਨੂੰ ਰੋਜ਼ਾਨਾ ਪੜ੍ਹਾਉਣ ਤੇ ਹਸਤਾਖਰ ਕਰਨ ’ਚ ਪਰਪੱਕ ਬਣਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।