ਬਹਾਦਰਜੀਤ ਸਿੰਘ
ਰੂਪਨਗਰ, 23 ਜਨਵਰੀ
ਰੂਪਨਗਰ ਜੰਗਲੀ ਜੀਵ ਡਵੀਜ਼ਨ, ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ, ਪੰਜਾਬ ਵੱਲੋਂ ਕਰਵਾਏ ਜਾ ਰਹੇ ਬਰਡ ਫੈਸਟ ਦੌਰਾਨ ਅੱਜ ਬਰਡ ਵਾਚ ਟੂਰ ਕਰਵਾਇਆ ਗਿਆ।
ਇਸ ਪ੍ਰੋਗਰਾਮ ਵਿੱਚ ਵੱਡੀ ਗਿਣਤੀ ਵਿੱਚ ਸਕੂਲ ਅਤੇ ਕਾਲਜ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਉਨ੍ਹਾਂ ਪੰਛੀਆਂ ਨੂੰ ਵੇਖਣ ਅਤੇ ਉਨ੍ਹਾਂ ਬਾਰੇ ਜਾਣਨ ਲਈ ਕਾਫੀ ਉਤਸੁਕਤਾ ਦਿਖਾਈ।
ਵਣ ਮੰਡਲ ਅਫਸਰ ਜੰਗਲੀ ਜੀਵ ਡਾ. ਮੋਨਿਕਾ ਯਾਦਵ ਨੇ ਕਿਹਾ ਕਿ ਇਹ ਚੰਗਾ ਸੰਕੇਤ ਹੈ ਕਿ ਇੱਥੇ ਲੋਕ ਪੰਛੀਆਂ ਬਾਰੇ ਜਾਣਨ ਲਈ ਉਤਸੁੱਕ ਨਜ਼ਰ ਆਏ।
ਅੱਜ ਹਵਾਲਦਾਰ ਸ਼ਿਵੰਦਰ ਸਿੰਘ ਦੀ ਅਗਵਾਈ ਹੇਠ ਐੱਨਸੀਸੀ ਕੈਡਿਟਾਂ ਦਾ ਜਥਾ ਅਤੇ ਹੌਲਦਾਰ ਸੁਖਰਾਜ ਦੀ ਅਗਵਾਈ ਵਿੱਚ ਦੂਸਰਾ ਜਥਾ ਬਰਡ ਵਾਚ ਸੈਂਟਰ ਵਿੱਚ ਇਕੱਤਰ ਹੋਇਆ ਜਿਨ੍ਹਾਂ ਨੇ ਇਸ ਜਗ੍ਹਾ ’ਤੇ ਵਿਦੇਸ਼ੀ ਪਰਵਾਸੀ ਪੰਛੀਆਂ ਨੂੰ ਵੇਖਿਆ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ, ਰੂਪਨਗਰ ਦੇ ਵਿਦਿਆਰਥੀਆਂ ਨੇ ਵੀ ਸੈਰ ਵਿੱਚ ਹਿੱਸਾ ਲਿਆ।
ਇਸ ਮੌਕੇ ਪੰਛੀ ਪ੍ਰੇਮੀ ਜਸਪ੍ਰੀਤ ਸਿੰਘ ਸਣੇ ਵੱਡੀ ਗਿਣਤੀ ਵਿੱਚ ਲੋਕ ਮੌਜੂਦ ਸਨ।