ਅਤਰ ਸਿੰਘ
ਡੇਰਾਬੱਸੀ, 17 ਅਗਸਤ
ਡੇਰਾਬੱਸੀ ਵਿੱਚ ਥਾਂ-ਥਾਂ ਲੱਗੇ ਗੰਦਗੀ ਦੇ ਢੇਰਾਂ ਤੋਂ ਲੋਕ ਪ੍ਰੇਸ਼ਾਨ ਹੋ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇਲਾਕਾ ਵਾਸੀਆਂ ਨੇ ਦੱਸਿਆ ਕਿ ਡੇਰਾਬੱਸੀ ਤੋਂ ਬਰਵਾਲਾ ਅਤੇ ਹੋਰ ਕਈਂ ਪਿੰਡਾਂ ਨੂੰ ਜਾਣ ਵਾਲੀ ਸੜਕਾਂ ਤੇ ਕੂੜਾ ਖਿਲਰਿਆ ਪਿਆ ਰਹਿੰਦਾ ਹੈ ਅਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਜਿਸ ਨਾਲ ਕੋਈ ਵੀ ਘਾਤਕ ਬਿਮਾਰੀ ਫੈਲਣ ਦਾ ਖਤਰਾ ਬਣਿਆ ਹੋਇਆ ਹੈ। ਸੜਕਾਂ ਤੇ ਪਈ ਗੰਦਗੀ ਵੱਲ ਨਗਰ ਕੌਂਸਲ ਦੇ ਅਧਿਕਾਰੀਆਂ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਲੋਕਾਂ ਨੇ ਦੋਸ਼ ਲਾਇਆ ਹੈ ਕਿ ਨਗਰ ਕੌਂਸਲ ਵੱਲੋਂ ਰੱਖੇ ਗਏ ਸਫਾਈ ਕਰਮਚਾਰੀਆਂ ਵੱਲੋਂ ਸਮੇਂ ਸਿਰ ਕੂੜਾ ਨਾ ਚੁੱਕਣ ਕਾਰਨ ਮੱਛਰ ਅਤੇ ਮੱਖਿਆਂ ਦੀ ਭਰਮਾਰ ਲਗੀ ਰਹਿੰਦੀ ਹੈ, ਜਿਸ ਕਰ ਕੇ ਬਿਮਾਰੀਆਂ ਫੈ਼ਲਣ ਦਾ ਡਰ ਬਣਿਆ ਰਹਿੰਦਾ ਹੈ। ਲਾਵਾਰਸ ਪਸ਼ੂ ਵੀ ਗੰਦਗੀ ਵਿੱਚ ਮੁੰਹ ਮਾਰਦੇ ਹਨ, ਜਿਸ ਕਰ ਕੇ ਗੰਧ ਵੀ ਬਹੁਤ ਆਉਂਦੀ ਹੈ। ਫਲਾਈਓਵਰ ਤੋਂ ਕੁਝ ਹੀ ਦੂਰੀ ’ਤੇ ਸੜਕ ਕਿਨਾਰੇ ਕੂੜੇ ਦੇ ਢੇਰ ਤੋਂ ਬਦਬੂ ਕਰ ਕੇ ਲੰਘਣਾਂ ਵੀ ਮੁਸ਼ਕਿਲ ਹੋਇਆ ਪਿਆ ਹੈ।
ਦੁਕਾਨਦਾਰਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਸ਼ਹਿਰ ਦੀ ਮਾੜੀ ਸਫਾਈ ਵਿਵਸਥਾ ਬਾਰੇ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਗਿਆ ਹੈ, ਪਰ ਪ੍ਰਸ਼ਾਸਨ ਵੱਲੋਂ ਬਹੁਤਾ ਧਿਆਨ ਨਹੀਂ ਦਿੱਤਾ ਗਿਆ। ਉਨ੍ਹਾਂ ਪ੍ਰਸ਼ਾਸਨ ਤੋਂ ਸਫਾਈ ਪ੍ਰਬਧਾਂ ਨੂੰ ਪੁਖ਼ਤਾ ਰੱਖਣ ਦੀ ਮੰਗ ਕੀਤੀ। ਸਥਾਨਕ ਲੋਕਾਂ ਨੇ ਦੱਸਿਆ ਕਿ ਨਗਰ ਕੌਂਸਲ ਵੱਲੋਂ ਕੂੜੇ ਲਈ ਕਨਟੇਨਰ ਵੀ ਰੱਖੇ ਗਏ ਹਨ, ਪਰ ਲੋਕ ਬਾਹਰ ਕੂੜਾ ਸੁੱਟ ਕੇ ਚਲੇ ਜਾਂਦੇ ਹਨ ਤੇ ਪਸ਼ੂਆਂ ਦੇ ਮੁੰਹ ਮਾਰਨ ਕਰ ਕੇ ਕੂੜਾ ਸੜਕ ’ਤੇ ਫੈਲ ਜਾਂਦਾ ਹੈ। ਇਸ ਸਬੰਧੀ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਜਗਜੀਤ ਸਿੰਘ ਜੱਜ ਨਾਲ ਗਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਕਰੋਨਾ ਦੇ ਚਲਦਿਆਂ ਸ਼ਹਿਰ ਵਿੱਚ ਸਫਾਈ ਦਾ ਖਾਸ ਧਿਆਨ ਰੱਖਿਆ ਜਾ ਰਿਹਾ ਹੈ ਤੇ ਉਨ੍ਹਾਂ ਭਰੋਸਾ ਦਿਵਾਇਆ ਕਿ ਇਸ ਸਮੱਸਿਆ ਦਾ ਛੇਤੀ ਹੱਲ ਕੀਤਾ ਜਾਵੇਗਾ।