ਹਰਜੀਤ ਸਿੰਘ
ਡੇਰਾਬੱਸੀ, 29 ਜੂਨ
ਇਲਾਕੇ ਵਿੱਚ ਲੰਘੀ ਰਾਤ ਚੱਲੀ ਤੇਜ਼ ਹਨੇਰੀ ਅਤੇ ਝੱਖੜ ਨਾਲ ਇਥੋਂ ਦੇ ਸਿਵਲ ਹਸਪਤਾਲ ਵਿਖੇ ਸਫੈਦੇ ਦੇ ਦੋ ਵੱਡੇ ਦਰਖ਼ਤ ਤਿੰਨ ਐਂਬੂਲੈਂਸਾਂ ’ਤੇ ਡਿੱਗ ਗਏ। ਇਸ ਦੌਰਾਨ ਹਸਪਤਾਲ ਵਿੱਚ ਖੜ੍ਹੀਆਂ ਦੋ ਐਂਬੂਲੈਂਸਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ। ਹਾਦਸਾ ਰਾਤ ਵੇਲੇ ਵਾਪਰਿਆ ਜਿਸ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਉਂਝ ਹਾਦਸੇ ਵਿੱਚ ਹਸਪਤਾਲ ਦੀ ਇਮਾਰਤ ਨੂੰ ਵੀ ਨੁਕਸਾਨ ਪੁੱਜਿਆ ਹੈ। ਦੋ ਐਂਬੂਲੈਂਸ ਤਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਜਦਕਿ ਤੀਜੀ ਵਾਲ ਵਾਲ ਬਚ ਗਈ। ਹਸਪਤਾਲ ਪ੍ਰਸ਼ਾਸਨ ਵੱਲੋਂ ਹਾਲੇ ਡਿੱਗੇ ਦਰਖ਼ਤਾਂ ਦੇ ਹੇਠੋਂ ਐਂਬੂਲੈਂਸਾਂ ਨੂੰ ਕੱਢਣ ਦੀ ਕਵਾਇਦ ਜਾਰੀ ਹੈ। ਐਂਬੂਲੈਂਸਾਂ ਨੁਕਸਾਨੀਆਂ ਜਾਣ ਕਾਰਨ ਅੱਜ ਸਵੇਰ ਸਿਵਲ ਹਸਪਤਾਲ ਤੋਂ ਮਰੀਜ਼ਾਂ ਨੂੰ ਹੋਰਨਾਂ ਹਸਪਤਾਲਾਂ ਵਿਚ ਲਿਜਾਣ ਵਿੱਚ ਭਾਰੀ ਦਿੱਕਤ ਪੇਸ਼ ਆਈ। ਗੱਲ ਕਰਨ ਤੇ ਹਸਪਤਾਲ ਦੀ ਐਸ.ਐਮ.ਓ. ਡਾ. ਸੰਗੀਤਾ ਜੈਨ ਨੇ ਕਿਹਾ ਕਿ ਊਨ੍ਹਾਂ ਨੂੰ ਕੁਝ ਸਮੇਂ ਤੋਂ ਉਕਤ ਦਰੱਖਤਾਂ ਦੀ ਹਾਲਤ ਡਿਗਣ ਵਾਲੀ ਲੱਗ ਰਹੀ ਸੀ ਜਿਸ ਬਾਰੇ ਉਨ੍ਹਾਂ ਜੰਗਲਾਤ ਵਿਭਾਗ ਨੂੰ ਪੱਤਰ ਲਿਖ ਕੇ ਸੂਚਿਤ ਕੀਤਾ ਸੀ। ਇਸ ਤੋਂ ਬਾਅਦ ਜੰਗਲਾਤ ਵਿਭਾਗ ਦੇ ਮੁਲਾਜ਼ਮਾਂ ਨੇ ਮੌਕੇ ਦਾ ਦੌਰਾ ਕਰਦਿਆਂ ਉਕਤ ਦਰੱਖਤਾਂ ਨੂੰ ਛੇਤੀ ਕੱਟਣ ਦਾ ਭਰੋਸਾ ਦਿੱਤਾ ਸੀ। ਪਰ ਉਨ੍ਹਾਂ ਦੇ ਕੱਟਣ ਤੋਂ ਪਹਿਲਾਂ ਹੀ ਦੇਰ ਰਾਤ ਨੂੰ ਦਰੱਖਤ ਡਿੱਗ ਗਏ ਜਿਸ ਦੌਰਾਨ ਐਂਬੂਲੈਂਸ ਨੁਕਸਾਨੀਆਂ ਗਈਆਂ।
ਬਨੂੜ (ਕਰਮਜੀਤ ਸਿੰਘ ਚਿੱਲਾ): ਐਤਵਾਰ ਅੱਧੀ ਰਾਤ ਦੇ ਕਰੀਬ ਤੇਜ਼ ਝੱਖੜ ਨਾਲ ਬਨੂੜ ਖੇਤਰ ਵਿੱਚ ਕਈਂ ਇਮਾਰਤਾਂ ਦੀਆਂ ਛੱਤਾਂ ਨੁਕਸਾਨੀਆਂ ਗਈਆਂ। ਬਿਜਲੀ ਸਪਲਾਈ ਵੀ ਠੱਪ ਰਹੀ। ਕਸਬਾ ਖੇੜਾ ਗੱਜੂ ਵਿਖੇ ਸਥਿਤ ਪੈਟਰੋਲ ਪੰਪ ਦੀ ਸੀਲਿੰਗ ਉੱਡ ਗਈ। ਪਲਾਸਟਿਕ ਦੀਆਂ ਟੈਕੀਆਂ ਬਣਾਉਣ ਵਾਲੀ ਫੈਕਟਰੀ ਦੀ ਕੰਧ ਡਿੱਗਣ ਕਾਰਨ ਮਸ਼ੀਨਰੀ ਦਾ ਨੁਕਸਾਨ ਹੋਇਆ। ਜਾਨੀ ਨੁਕਸਾਨ ਤੋਂ ਬਚਾਓ ਰਿਹਾ। ਫੈਕਟਰੀ ਦੇ ਮਾਲਿਕ ਨਾਨਕ ਚੰਦ ਨੇ ਦੱਸਿਆ ਕਿ ਉਸ ਨੇ ਖੇੜਾ ਗੱਜੂ ਊਰਨਾ ਰੋਡ ’ਤੇ ਸ਼ਿਵ ਸੰਕਰ ਇੰਟਰਪ੍ਰਾਇਜ਼ਜ ਦੇ ਨਾਮ ’ਤੇ ਊਸ ਦੀ ਫੈਕਟਰੀ ਦੀ ਬੀਤੀ ਰਾਤ ਕੰਧ ਡਿੱਗਣ ਕਾਰਨ ਮਸ਼ੀਨਾਂ ਦਾ ਵੱਡੇ ਪੱਧਰ ’ਤੇ ਨੁਕਸਾਨ ਹੋ ਗਿਆ। ਖੇੜਾ ਗੱਜੂ ਦੇ ਇੰਡੀਅਨ ਆਇਲ ਦੇ ਪੰਪ ਉੱਤੇ ਬਣੇ ਸੈੱਡ ਦੀ ਸੀਲਿੰਗ ਬੁਰੀ ਤਰ੍ਹਾਂ ਟੁੱਟ ਗਈ। ਇਸ ਤੋਂ ਇਲਾਵਾ ਬਨੂੜ ਸ਼ਹਿਰ ਅਤੇ ਪਿੰਡਾਂ ਵਿਚ ਤੇਜ਼ ਹਨੇਰੀ ਤੋਂ ਬਾਅਦ ਪੂਰੀ ਰਾਤ ਬਿਜਲੀ ਸਪਲਾਈ ਬੰਦ ਰਹੀ ਤੇ ਅੱਜ ਦੁਪਹਿਰ ਤੋਂ ਬਾਅਦ ਬਿਜਲੀ ਸਪਲਾਈ ਬਹਾਲ ਹੋਈ। ਕੁੱਝ ਪਿੰਡਾਂ ਵਿੱਚ ਬਿਜਲੀ ਸਪਲਾਈ ਹਾਲੇ ਵੀ ਬਹਾਲ ਨਹੀਂ ਹੋ ਸਕੀ।