ਸਰਬਜੀਤ ਸਿੰਘ ਭੱਟੀ
ਲਾਲੜੂ, 26 ਅਕਤੂਬਰ
ਲਾਲੜੂ ਖੇਤਰ ਵਿਚ ਫੈਲ ਰਹੇ ਸਨਅਤੀ ਪ੍ਰਦੂਸ਼ਣ ਦੇ ਕਾਰਨ ਇਲਾਕਾ ਵਾਸੀਆਂ ਦਾ ਜਿਉਣਾ ਮੁਹਾਲ ਹੁੰਦਾ ਜਾ ਰਿਹਾ ਹੈ। ਖੇਤਰ ਦੀਆਂ ਬਰਸਾਤੀ ਨਦੀਆਂ, ਨਾਲੇ ਤੇ ਚੋਏ, ਜੋ ਕਿਸੇ ਵੇਲੇ ਸਾਫ਼-ਸੁਥਰੇ ਪਾਣੀ ਨਾਲ ਭਰੇ ਰਹਿੰਦੇ ਸਨ, ਹੁਣ ਕੈਮੀਕਲ ਪਲਾਂਟਾਂ, ਦਵਾਈ ਫੈਕਟਰੀਆਂ ਅਤੇ ਮੀਟ ਪਲਾਂਟਾਂ ਦੀ ਗੰਦਗੀ ਨਾਲ ਨੱਕੋ-ਨੱਕ ਭਰੇ ਪਏ ਹਨ। ਇਸ ਮੁੱਦੇ ਸਬੰਧੀ ਇਲਾਕਾ ਵਾਸੀਆਂ ਨੇ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜੇ ਸਮਾਂ ਰਹਿੰਦੇ ਇਸ ਪਾਸੇ ਧਿਆਨ ਨਹੀਂ ਦਿੱਤਾ ਤਾਂ ਇਕ ਦਿਨ ਸਾਹ ਲੈਣਾ ਵੀ ਮੁਸ਼ਕਲ ਹੋ ਜਾਵੇਗਾ।
ਜ਼ਿਕਰਯੋਗ ਹੈ ਕਿ ਲਾਲੜੂ ਖੇਤਰ ਵਿਚ ਵੱਡੇ ਪੱਧਰ ’ਤੇ ਧਾਗਾ, ਗੱਤਾ, ਕੱਪੜਾ, ਕੈਮੀਕਲ, ਦਵਾਈਆਂ, ਸ਼ਰਾਬ ਦੀਆਂ ਫੈਕਟਰੀਆਂ, ਰਾਈਸ ਮਿੱਲ ਤੇ ਮੀਟ ਪਲਾਂਟ ਲੱਗੇ ਹੋਏ ਹਨ, ਜਿਨ੍ਹਾਂ ਦਾ ਪ੍ਰਦੂਸ਼ਣ ਲਗਾਤਾਰ ਇਲਾਕੇ ਦੀ ਆਬੋ-ਹਵਾ ਨੂੰ ਗੰਦਲਾ ਅਤੇ ਦੂਸ਼ਿਤ ਕਰਦਾ ਜਾ ਰਿਹਾ ਹੈ। ਪ੍ਰਦੂਸ਼ਣ ਨੁੂੰ ਰੋਕਣ ਲਈ ਸਨਅਤਕਾਰਾਂ ਨੇ ਲੋੜੀਂਦੇ ਪ੍ਰਬੰਧ ਨਹੀਂ ਕੀਤੇ, ਜਿਸ ਕਾਰਨ ਇਲਾਕੇ ਦੀਆਂ ਕੁਦਰਤੀ ਨਦੀਆਂ, ਨਾਲੇ ਤੇ ਚੋਅ ਗੰਦਗੀ ਵਿੱਚ ਤਬਦੀਲ ਹੋ ਗਏ ਹਨ। ਇਸ ਦੇ ਨਾਲ ਮਨੁੱਖਾਂ ਅਤੇ ਪਸ਼ੂਆਂ ਨੂੰ ਕਈ ਬਿਮਾਰੀਆਂ ਨੇ ਜਕੜ ਲਿਆ ਹੈ। ਪ੍ਰਦੂਸ਼ਣ ਕਾਰਨ ਸਾਹ, ਦਮਾ, ਬੁਖਾਰ, ਚਮੜੀ ਦੇ ਰੋਗ ਸਮੇਤ ਕਈ ਬਿਮਾਰੀਆਂ ਵਿੱਚ ਲਗਾਤਾਰ ਵਾਧਾ ਹੋਇਆ ਹੈ। ਦੁਧਾਰੂ ਪਸ਼ੂ ਵੀ ਪ੍ਰਦੂਸ਼ਣ ਦੀ ਮਾਰ ਹੇਠ ਆਏ ਹੋਏ ਹਨ।
ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਸਮੇਤ ਪ੍ਰਸ਼ਾਸਨ ਨੂੰ ਇਸ ਪਾਸੇ ਵਿਸ਼ੇਸ਼ ਧਿਆਨ ਦੇਣ ਬਾਰੇ ਨਿਰਦੇਸ਼ ਦਿੱਤੇ ਹਨ ਅਤੇ ਕਿਹਾ ਕਿ ਨਿਯਮਾਂ ਦੇ ਖ਼ਿਲਾਫ਼ ਜਾ ਕੇ ਪ੍ਰਦੂਸ਼ਣ ਫੈਲਾਉਣ ਵਾਲੀ ਸਨਅਤ ਅਤੇ ਹੋਰ ਸੰਸਥਾਵਾਂ ਦੇ ਖ਼ਿਲਾਫ਼ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।