ਕਰਮਜੀਤ ਸਿੰਘ ਚਿੱਲਾ
ਬਨੂੜ, 4 ਸਤੰਬਰ
ਇੱਥੋਂ ਰਾਜਪੁਰਾ ਨੂੰ ਜਾਂਦੇ ਕੌਮੀ ਮਾਰਗ ਉੱਤੇ ਸ਼ਹਿਰ ਦੀ ਹਦੂਦ ਖਤਮ ਹੁੰਦਿਆਂ ਹੀ ਗੋਦਾਮਾਂ ਸਾਹਮਣੇ ਸੜਕ ਉੱਤੇ ਖੜ੍ਹੇ ਕੰਟੇਨਰ ਨਾਲ ਐਕਟਿਵਾ ਟਕਰਾਉਣ ਕਾਰਨ ਦੋ ਸਕੀਆਂ ਭੈਣਾਂ ਦੀ ਮੌਤ ਹੋ ਗਈ। ਦੋਵੇ ਜਣੀਆਂ ਬਨੂੜ ਨੇੜਲੇ ਪਿੰਡ ਫ਼ਰੀਦਪੁਰ ਦੀਆਂ ਵਸਨੀਕ ਸਨ ਤੇ ਐਕਟਿਵਾ ਉੱਤੇ ਬਨੂੜ ਤੋਂ ਆਪਣੇ ਘਰ ਜਾ ਰਹੀਆਂ ਸਨ। ਹਾਦਸਾ ਸ਼ਾਮ ਪੰਜ ਕੁ ਵਜੇ ਵਾਪਰਿਆ।
ਮਾਮਲੇ ਦੇ ਜਾਂਚ ਅਧਿਕਾਰੀ ਏਐੱਸਆਈ ਗੁਰਨਾਮ ਸਿੰਘ ਨੇ ਦੱਸਿਆ ਕਿ ਦੋਵੇਂ ਭੈਣਾਂ ਗੁਰਿੰਦਰ ਕੌਰ (30) ਅਤੇ ਭੁਪਿੰਦਰ ਕੌਰ (20) ਐਕਟਿਵਾ ’ਤੇ ਸਵਾਰ ਹੋ ਕੇ ਬਨੂੜ ਤੋਂ ਪਿੰਡ ਵੱਲ ਜਾ ਰਹੀਆਂ ਸਨ। ਜਦੋਂ ਉਹ ਗੋਦਾਮਾਂ ਨੇੜੇ ਪੁੱਜੀਆਂ ਤਾਂ ਸੜਕ ’ਤੇ ਖੜ੍ਹਿਆ ਕੰਟੇਨਰ ਉਨਾਂ ਨੂੰ ਵਿਖਾਈ ਨਾ ਦਿੱਤਾ ਤੇ ਐਕਟਿਵਾ ਕੰਟੇਨਰ ਨਾਲ ਟਕਰਾ ਕੇ ਊਸ ਦੇ ਹੇਠਾਂ ਵੜ ਗਿਆ। ਮੌਕੇ ’ਤੇ ਇਕੱਤਰ ਰਾਹਗੀਰਾਂ ਨੇ ਖੂਨ ਨਾਲ ਲੱਥਪੱਥ ਦੋਵੇਂ ਭੈਣਾਂ ਨੂੰ ਕੰਟੇਨਰ ਥੱਲਿਉਂ ਕੱਢਿਆ। ਉਨ੍ਹਾਂ ਦੱਸਿਆ ਕਿ ਗੁਰਿੰਦਰ ਕੌਰ ਦੀ ਮੌਕੇ ’ਤੇ ਮੌਤ ਹੋ ਗਈ ਸੀ ਤੇ ਉਸ ਦੀ ਦੂਜੀ ਭੈਣ ਨੂੰ ਐਂਬੂਲੈਂਸ ਰਾਹੀਂ ਰਾਜਪੁਰਾ ਦੇ ਏਪੀਜੈਨ ਹਸਪਤਾਲ ਪਹੁੰਚਾਇਆ ਗਿਆ ਜਿਥੇ ਉਸ ਦੀ ਵੀ ਮੌਤ ਹੋ ਗਈ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਕੰਟੇਨਰ ਚਾਲਕ ਖ਼ਿਲਾਫ਼ ਪਰਚਾ ਦਰਜ ਕਰਨ ਦੀ ਕਾਰਵਾਈ ਆਰੰਭ ਦਿੱਤੀ ਗਈ ਹੈ। ਦੋਵੇਂ ਭੈਣਾਂ ਵਿੱਚੋਂ ਵੱਡੀ ਭੈਣ ਵਿਆਹੀ ਹੋਈ ਸੀ ਤੇ ਤਿੰਨ ਬੱਚਿਆਂ ਦੀ ਮਾਂ ਸੀ। ਛੋਟੀ ਭੈਣ ਅਣਵਿਆਹੀ ਸੀ।
ਗੋਦਾਮਾਂ ਅੱਗੇ ਸੜਕ ’ਤੇ ਖੜ੍ਹਦੇ ਨੇ ਕੰਟੇਨਰ
ਗੋਦਾਮਾਂ ਵਿੱਚੋਂ ਵੱਡੀ ਪੱਧਰ ’ਤੇ ਵਸਤਾਂ ਦੀ ਢੋਅ-ਢੋਆਈ ਹੁੰਦੀ ਹੈ ਤੇ ਗੋਦਾਮਾਂ ਦੀ ਕੋਈ ਆਪਣੀ ਪਾਰਕਿੰਗ ਨਾ ਹੋਣ ਕਾਰਨ ਜ਼ਿਆਦਾਤਰ ਕੰਟੇਨਰ ਸੜਕ ਉੱਤੇ ਹੀ ਖੜ੍ਹੇ ਰਹਿੰਦੇ ਹਨ। ਲੋਕਾਂ ਨੇ ਕੌਮੀ ਮਾਰਗ ਉੱਤੇ ਖੜ੍ਹਦੇ ਕੰਟੇਨਰਾਂ ਖ਼ਿਲਾਫ਼ ਸਖਤ ਕਾਰਵਾਈ ਦੀ ਮੰਗ ਕੀਤੀ ਹੈ।