ਕੁਲਦੀਪ ਸਿੰਘ
ਚੰਡੀਗੜ੍ਹ, 20 ਮਾਰਚ
ਵਿਸ਼ਵ ਦੰਦਾਂ ਦੀ ਸੰਭਾਲ ਦਿਵਸ ਮੌਕੇ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਵੱਲੋਂ ਅੱਜ ਪੀਜੀਆਈ ਵਿੱਚ ਪੰਜ ਨਵੀਆਂ ਸਿਹਤ ਸਹੂਲਤਾਂ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਪੀਜੀਆਈ ਦੇ ਡਾਇਰੈਕਟਰ ਪ੍ਰੋ. ਜਗਤ ਰਾਮ ਅਤੇ ਵੱਖ ਵੱਖ ਵਿਭਾਗਾਂ ਦੇ ਮੁਖੀ ਵੀ ਮੌਜੂਦ ਸਨ।
ਸੰਸਥਾਨ ਦੇ ਭਾਰਗਵਾ ਆਡੀਟੋਰੀਅਮ ਵਿੱਚ ਕਰਵਾਏ ਗਏ ਇਸ ਪ੍ਰੋਗਰਾਮ ਵਿੱਚ ਸੰਬੋਧਨ ਕਰਦਿਆਂ ਡਾ. ਹਰਸ਼ ਵਰਧਨ ਨੇ ਪੀਜੀਆਈ ਵੱਲੋਂ ਸਿਹਤ ਖੇਤਰ ਵਿੱਚ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਪੀਜੀਆਈ ਦੇਸ਼ ਦਾ ਇਕ ਅਜਿਹਾ ਪ੍ਰਮੁੱਖ ਮੈਡੀਕਲ ਇੰਸਟੀਚਿਊਟ ਹੈ ਜਿਹੜਾ ਉੱਤਰੀ ਭਾਰਤ ਦੇ ਪੰਜ ਸੂਬਿਆਂ ਵਿੱਚ ਬਹੁਤ ਵਧੀਆ ਮੈਡੀਕਲ ਸਹੂਲਤਾਂ ਪ੍ਰਦਾਨ ਕਰ ਰਿਹਾ ਹੈ। ਸਿਹਤ ਮੰਤਰੀ ਨੇ ਮੈਡੀਕਲ ਪੇਸ਼ੇਵਰਾਂ ਅਤੇ ਵਿਗਿਆਨੀ ਭਾਈਚਾਰੇ ਨੂੰ ਵਧਾਈ ਦਿੰਦਿਆਂ ਕਿਹਾ ਕਿ ਜਿਨ੍ਹਾਂ ਨੇ ਕੋਵਿਡ-19 ਨਾਲ ਲੜਦੇ ਹੋਏ ਬਹੁਤ ਹੀ ਥੋੜ੍ਹੇ ਸਮੇਂ ਵਿੱਚ ਕਰੋਨਾ ਵੈਕਸੀਨ ਤਿਆਰ ਕੀਤੀ। ਉਨ੍ਹਾਂ ਕਿਹਾ ਕਿ ਇਤਿਹਾਸ ਵਿੱਚ ਸਾਲ-2020 ਨੂੰ ਭਾਵੇਂਂ ਕੋਵਿਡ ਵਰ੍ਹੇ ਵਜੋਂ ਜਾਣਿਆ ਜਾਵੇਗਾ ਪ੍ਰੰਤੂ ਇਸ ਵਰ੍ਹੇ ਨੂੰ ਵਿਗਿਆਨਕ ਕਮਿਊਨਿਟੀ ਵਜੋਂ ਵੀ ਯਾਦ ਕੀਤਾ ਜਾਂਦਾ ਰਹੇਗਾ। ਕੇਂਦਰੀ ਸਿਹਤ ਮੰਤਰੀ ਵਲੋਂ ਪੀ.ਜੀ.ਆਈ. ਦੇ ਵੱਖ -ਵੱਖ ਵਿਭਾਗਾਂ ਵਿਚ ਨੈਸ਼ਨਲ ਰਿਸੋਰਸ ਸੈਂਟਰ ਫਾਰ ਓਰਲ ਹੈਲਥ ਕੇਅਰ ਆਫ਼ ਚਿਲਡਰਨ ਐਂਡ ਐਲਡਰਲੀ, ਐਡਵਾਂਸਡ ਪੀ.ਈ.ਟੀ.-ਸੀ.ਟੀ. ਸਹੂਲਤ, ਐਡਵਾਂਸਡ ਵੈਸਕੂਲਰ ਇੰਟਰਵੈਨਸ਼ਨਲ ਲੈਬ, 384 ਸਲਾਈਸ ਡਿਊਲ ਸੋਰਸ ਸਿਟੀ ਸਕੈਨ ਅਤੇ ਰਿਫਰੈਕਟਿਵ ਸਰਜਰੀ ਸੂਟ (ਸਮਾਈਲ) ਸਹੂਲਤਾਂ ਦਾ ਉਦਘਾਟਨ ਕੀਤਾ ਗਿਆ। ਉਨ੍ਹਾਂ ਨੇ ਵਿਸ਼ਵ ਓਰਲ ਹੈਲਥ ਦਿਵਸ ਮੌਕੇ ਕਿਹਾ ਕਿ ਭਾਰਤ ਸਰਕਾਰ ਨੇ ਕੌਮੀ ਸਿਹਤ ਮਿਸ਼ਨ ਤਹਿਤ ਕੌਮੀ ਓਰਲ ਹੈਲਥ ਪ੍ਰੋਗਰਾਮ ਦਾ ਉਪਰਾਲਾ ਕੀਤਾ ਹੈ ਜਿਹੜਾ ਕਿ ਘੱਟ ਪੈਸੇ ਵਿਚ ਜਲਦੀ ਸਾਰਿਆਂ ਵਾਸਤੇ ਪੂਰੀ ਮੌਖਿਕ ਸਿਹਤ (ਓਰਲ ਹੈਲਥ) ਸਹੂਲਤਾਂ ਪ੍ਰਦਾਨ ਕਰੇਗਾ। ਡਾ. ਹਰਸ਼ ਵਰਧਨ ਨੇ ਪੀ.ਜੀ.ਆਈ. ਦੀ ਸਾਰੀ ਟੀਮ ਨੂੰ ਉਨ੍ਹਾਂ ਵਲੋਂ ਸਿਹਤ ਸਹੂਲਤਾਂ ਵਿਚ ਪਾਏ ਯੋਗਦਾਨ ਲਈ ਵਧਾਈ ਦਿੱਤੀ। ਪ੍ਰੋਗਰਾਮ ਦੇ ਅੰਤ ਵਿੱਚ ਡਿਪਟੀ ਡਾਇਰੈਕਟਰ (ਐਡਮਿਨ) ਕੁਮਾਰ ਗੌਰਵ ਧਵਨ ਨੇ ਸਭਨਾਂ ਦਾ ਧੰਨਵਾਦ ਕੀਤਾ।