ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 9 ਫਰਵਰੀ
ਯੂਟੀ ਦੇ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੂੰ ਟਰੈਫਿਕ ਨਿਯਮ ਪੜ੍ਹਾਏ ਜਾਣਗੇ। ਵਿਭਾਗ ਨੇ ਆਵਾਜਾਈ ਨਿਯਮਾਂ ਨੂੰ ਪਾਠਕ੍ਰਮ ਦਾ ਹਿੱਸਾ ਬਣਾ ਦਿੱਤਾ ਹੈ ਤੇ ਵਿਦਿਆਰਥੀਆਂ ਨੂੰ ਇਸ ਸਾਲ ਅਪਰੈਲ ਤੋਂ ਟਰੈਫਿਕ ਨਿਯਮਾਂ ਦੀ ਪੜ੍ਹਾਈ ਕਰਵਾਈ ਜਾਵੇਗੀ। ਜਾਣਕਾਰੀ ਅਨੁਸਾਰ ਵਿਭਾਗ ਨੇ ਹਿੰਦੀ ਤੇ ਅੰਗਰੇਜ਼ੀ ਵਿਚ ਪੁਸਤਕਾਂ ਛਪਵਾਉਣ ਦਾ ਆਰਡਰ ਦੇ ਦਿੱਤਾ ਹੈ ਤੇ ਤੀਜੀ ਤੋਂ ਪੰਜਵੀਂ ਜਮਾਤ ਲਈ ਇਕੋ ਕਿਤਾਬ ਹੋਵੇਗੀ। ਇਸੇ ਤਰ੍ਹਾਂ ਛੇਵੀਂ ਤੋਂ ਅੱਠਵੀਂ ਤੇ ਨੌਵੀਂ ਤੋਂ ਦਸਵੀਂ ਲਈ ਵੱਖ-ਵੱਖ ਪੁਸਤਕਾਂ ਹੋਣਗੀਆਂ।
ਵਿਭਾਗ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਯੂਟੀ ਦੇ ਪ੍ਰਸ਼ਾਸਕ ਦੇ ਹੁਕਮਾਂ ’ਤੇ ਇਹ ਪੁਸਤਕਾਂ ਚੰਡੀਗੜ੍ਹ ਟਰੈਫਿਕ ਪੁਲੀਸ ਵਲੋਂ ਤਿਆਰ ਕਰਵਾਈਆਂ ਗਈਆਂ ਹਨ ਤੇ ਇਨ੍ਹਾਂ ਪੁਸਤਕਾਂ ਵਿਚ ਸਮੱਗਰੀ ਐੱਸਸੀਈਆਰਟੀ ਵਲੋਂ ਮੁਹੱਈਆ ਕਰਵਾਈ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਪੁਸਤਕਾਂ ਪਹਿਲੀ ਤੋਂ ਅੱਠਵੀਂ ਜਮਾਤ ਦੇ ਬੱਚਿਆਂ ਨੂੰ ਮੁਫਤ ਦਿੱਤੀਆਂ ਜਾਣਗੀਆਂ ਜਦਕਿ ਨੌਵੀਂ ਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਪੁਸਤਕਾਂ ਨਹੀਂ ਦਿੱਤੀਆਂ ਜਾਣਗੀਆਂ ਤੇ ਇਹ ਪੁਸਤਕਾਂ ਸਕੂਲ ਦੀ ਲਾਇਬ੍ਰੇਰੀ ਵਿੱਚ ਰੱਖੀਆਂ ਜਾਣਗੀਆਂ ਜਿਥੋਂ ਬੱਚੇ ਗਿਆਨ ਹਾਸਲ ਕਰ ਸਕਣਗੇ।
ਐੱਸਸੀਈਆਰਟੀ ਦੇ ਡਾਇਰੈਕਟਰ ਐੱਸਐੱਸ ਦਹੀਆ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪੁਸਤਕਾਂ ਸਬੰਧੀ ਸਮੱਗਰੀ ਟਰੈਫਿਕ ਪੁਲੀਸ ਤੇ ਸਿੱਖਿਆ ਵਿਭਾਗ ਨੂੰ ਦੇ ਦਿੱਤੀ ਗਈ ਹੈ। ਡਾਇਰੈਕਟਰ ਪਾਲਿਕਾ ਅਰੋੜਾ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਮਨੋਰੰਜਨ ਦੇ ਨਾਲ-ਨਾਲ ਆਵਜਾਈ ਨਿਯਮਾਂ ਲਈ ਜਾਗਰੂਕ ਕੀਤਾ ਜਾਵੇਗਾ। ਇਨ੍ਹਾਂ ਪੁਸਤਕਾਂ ਵਿਚ ਨਿਯਮਾਂ ਦਾ ਪਾਲਣਾ ਨਾ ਕਰਨ ’ਤੇ ਹੋਣ ਵਾਲੇ ਜਾਨੀ ਨੁਕਸਾਨ ਤੇ ਮਾਲੀ ਜੁਰਮਾਨੇ ਬਾਰੇ ਵੀ ਦੱਸਿਆ ਜਾਵੇਗਾ।
ਸੀਰੀਜ਼ ‘ਟੂਵਰਡਜ਼ ਰੋਡ ਸੇਫਟੀ’ ਉੱਤੇ ਆਧਾਰਿਤ ਹਨ ਪੁਸਤਕਾਂ
ਪੰਜਾਬ ਦੇ ਰਾਜਪਾਲ ਨੇ ਟਰੈਫਿਕ ਨਿਯਮਾਂ ’ਤੇ ਸੀਰੀਜ਼ ‘ਟੂਵਰਡਜ਼ ਰੋਡ ਸੇਫਟੀ’ ਜਾਰੀ ਕੀਤੀ ਸੀ ਤੇ ਟਰੈਫਿਕ ਪੁਲੀਸ ਅਧਿਕਾਰੀਆਂ ਨੂੰ ਕਿਹਾ ਸੀ ਕਿ ਇਸ ਲੜੀ ’ਤੇ ਪੁਸਤਕਾਂ ਤਿਆਰ ਕਰਵਾ ਕੇ ਵਿਦਿਆਰਥੀਆਂ ਦੇ ਪਾਠਕ੍ਰਮ ਦਾ ਹਿੱਸਾ ਬਣਾਈਆਂ ਜਾਣ। ਜ਼ਿਲ੍ਹਾ ਸਿੱਖਿਆ ਅਧਿਕਾਰੀ ਪ੍ਰਭਜੋਤ ਕੌਰ ਨੇ ਦੱਸਿਆ ਕਿ ਵਿਭਾਗ ਨੇ ਵਿਦਿਆਰਥੀਆਂ ਨੂੰ ਆਵਾਜਾਈ ਸਬੰਧੀ ਪਾਠ ਪੜ੍ਹਾਉਣ ਦਾ ਖਾਕਾ ਤਿਆਰ ਕਰ ਲਿਆ ਹੈ ਤੇ ਇਨ੍ਹਾਂ ਪੁਸਤਕਾਂ ਜ਼ਰੀਏ ਉਨ੍ਹਾਂ ਨੂੰ ਦੇਸ਼ ਦੇ ਜ਼ਿੰਮੇਵਾਰ ਨਾਗਰਿਕ ਬਣਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਟਰੈਫਿਕ ਸਬੰਧੀ ਵਿਦਿਆਰਥੀ ਦੇ ਰੋਜ਼ਾਨਾ ਪੀਰੀਅਡ ਲਾਏ ਜਾਣਗੇ।