ਕਰਮਜੀਤ ਸਿੰਘ ਚਿੱਲਾ
ਐਸ.ਏ.ਐਸ.ਨਗਰ (ਮੁਹਾਲੀ), 20 ਅਗਸਤ
ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਗੁਰਪ੍ਰੀਤ ਸਿੰਘ ਖਹਿਰਾ ਨੇ ਪੰਜਾਬ ਪੰਚਾਇਤੀ ਰਾਜ ਐਕਟ 1994 ਅਧੀਨ ਮੁਹਾਲੀ ਬਲਾਕ ਅਧੀਨ ਪੈਂਦੇ ਪਿੰਡ ਦੁਰਾਲੀ ਦੀ ਸਰਪੰਚ ਸੁਖਬੀਰ ਕੌਰ ਅਤੇ ਦੋ ਪੰਚਾਂ ਗੁਰਪ੍ਰੀਤ ਸਿੰਘ ਤੇ ਕਰਮਜੀਤ ਕੌਰ ਨੂੰ ਉਨ੍ਹਾਂ ਦੇ ਅਹੁਦਿਆਂ ਤੋਂ ਹਟਾ ਦਿੱਤਾ ਹੈ। ਉਨ੍ਹਾਂ ਇਹ ਕਾਰਵਾਈ ਦਸੰਬਰ 2019 ਵਿੱਚ ਪਿੰਡ ਦੇ ਸਾਬਕਾ ਪੰਚਾਇਤ ਮੈਂਬਰ ਧਰਮਪਾਲ ਸਿੰਘ ਵੱਲੋਂ ਦਿੱਤੀ ਸ਼ਿਕਾਇਤ ਦੀ ਪੜਤਾਲ ਤੋਂ ਬਾਅਦ ਕੀਤੀ ਗਈ ਹੈ। ਸ਼ਿਕਾਇਤਕਰਤਾ ਨੇ ਸਰਪੰਚ ਅਤੇ ਪੰਚਾਂ ਉੱਤੇ ਦੁਰਾਲੀ ਪਿੰਡ ਦੇ ਸਮਸ਼ਾਨਘਾਟ ਵਿਚਲੇ ਦਰੱਖਤਾਂ ਦੀ ਬਿਨਾਂ ਮਨਜ਼ੂਰੀ ਅਤੇ ਬਿਨਾਂ ਮਤਾ ਪਾਏ ਕਟਾਈ ਕਰਾਉਣ, ਸਮਸ਼ਾਨਘਾਟ ਵਿੱਚ ਬਿਨਾਂ ਮਤਾ ਪਾਏ ਮਿੱਟੀ ਪਾਉਣ ਅਤੇ ਦੁਰਾਲੀ-ਸਨੇਟਾ ਲਿੰਕ ਰੋਡ ਵਿਚਲੀ ਪੁਲੀ ਬਿਨਾਂ ਮਨਜ਼ੂਰੀ ਲਏ ਬੰਦ ਕਰਨ ਦਾ ਦੋਸ਼ ਲਾਇਆ ਸੀ।
ਪੰਚਾਇਤ ਵਿਭਾਗ ਦੇ ਡਾਇਰੈਕਟਰ ਨੇ ਦੱਸਿਆ ਕਿ ਸਰਪੰਚ ਅਤੇ ਦੋਵੇਂ ਪੰਚਾਂ ਨੂੰ ਆਪਣਾ ਪੱਖ ਰੱਖਣ ਲਈ 18 ਜੁਲਾਈ ਤੇ 21 ਜੁਲਾਈ ਨੂੰ ਬੁਲਾਇਆ ਸੀ ਪਰ ਦੋਵੇਂ ਵਾਰ ਸਰਪੰਚ ਅਤੇ ਪੰਚ ਹਾਜ਼ਰ ਨਹੀਂ ਹੋਏ ਅਤੇ ਨਾ ਹੀ ਆਪਣੀ ਗੈਰਹਾਜ਼ਰੀ ਸਬੰਧੀ ਸੂਚਿਤ ਕੀਤਾ। ਉਤਰਵਾਦੀ ਧਿਰ ਦਾ ਕੋਈ ਵਕੀਲ ਵੀ ਹਾਜ਼ਰ ਨਹੀਂ ਹੋਇਆ, ਜਿਸ ਮਗਰੋਂ ਉਪਰੋਕਤ ਰਿਪੋਰਟਾਂ ਉੱਤੇ ਕਾਰਵਾਈ ਕਰਦਿਆਂ ਡਾਇਰੈਕਟਰ ਨੇ ਸਰਪੰਚ ਅਤੇ ਦੋ ਪੰਚਾਂ ਨੂੰ ਉਪਰੋਕਤ ਦੋਸ਼ਾਂ ਤਹਿਤ ਅਹੁਦੇ ਤੋਂ ਹਟਾਉਣ ਦੇ ਨਿਰਦੇਸ਼ ਜਾਰੀ ਕੀਤੇ।
ਸੁਣਵਾਈ ਸਬੰਧੀ ਨੋਟਿਸ ਦਸ ਦਿਨਾਂ ਬਾਅਦ ਮਿਲਿਆ: ਸਰਪੰਚ
ਪਦ ਤੋਂ ਹਟਾਈ ਗਈ ਦੁਰਾਲੀ ਦੀ ਸਰਪੰਚ ਸੁਖਬੀਰ ਕੌਰ ਦੇ ਪਤੀ ਅਤੇ ਹਟਾਏ ਗਏ ਪੰਚ ਗੁਰਪ੍ਰੀਤ ਸਿੰਘ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਵੱਲੋਂ ਉਨ੍ਹਾਂ ਖ਼ਿਲਾਫ਼ ਕਥਿਤ ਪੱਖਪਾਤੀ ਢੰਗ ਨਾਲ ਪੜਤਾਲਾਂ ਕਰਾਈਆਂ ਗਈਆਂ ਸਨ। ਉਨ੍ਹਾਂ ਕਿਹਾ ਕਿ ਇਸੇ ਮਾਮਲੇ ਵਿੱਚ ਉਨ੍ਹਾਂ ਨੂੰ ਪਿਛਲੀ ਸਰਕਾਰ ਸਮੇਂ ਵੀ ਮੁਅੱਤਲ ਕੀਤਾ ਗਿਆ ਸੀ ਤੇ ਹਾਈ ਕੋਰਟ ਦੇ ਦਖਲ ਮਗਰੋਂ ਉਨ੍ਹਾਂ ਨੂੰ ਬਹਾਲ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਪੰਚਾਇਤ ਵਿਭਾਗ ਦੇ ਡਾਇਰੈਕਟਰ ਵੱਲੋਂ 18 ਜੁਲਾਈ ਨੂੰ ਨਿੱਜੀ ਸੁਣਵਾਈ ਲਈ ਹਾਜ਼ਰ ਹੋਣ ਲਈ ਭੇਜਿਆ ਗਿਆ ਨੋਟਿਸ ਉਨ੍ਹਾਂ ਨੂੰ 28 ਜੁਲਾਈ ਨੂੰ ਮਿਲਿਆ ਅਤੇ ਡਾਕਖਾਨੇ ਦੀ ਮੋਹਰ ਵੀ ਉਸੇ ਦਿਨ ਦੀ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਉਹ ਬੇਕਸੂਰ ਹਨ ਅਤੇ ਉਹ ਡਾਇਰੈਕਟਰ ਦੇ ਫੈਸਲੇ ਵਿਰੁੱਧ ਪੰਚਾਇਤ ਵਿਭਾਗ ਦੇ ਵਿੱਤੀ ਕਮਿਸ਼ਨਰ ਕੋਲ ਅਪੀਲ ਦਾਇਰ ਕਰਨਗੇ।