ਮੁੱਖ ਅੰਸ਼
- ਚੰਡੀਗੜ੍ਹ ਨਗਰ ਨਿਗਮ ਨੇ ਮੇਲਾ ਲਗਾਉਣ ਦਾ ਲਿਆ ਫੈਸਲਾ
- ਪਿਛਲੇ ਦੋ ਸਾਲਾਂ ਦੌਰਾਨ ਸੰਕੇਤਕ ਰੂਪ ’ਚ ਲੱਗ ਰਿਹਾ ਸੀ ‘ਗੁਲਾਬ ਮੇਲਾ’
ਮੁਕੇਸ਼ ਕੁਮਾਰ
ਚੰਡੀਗੜ੍ਹ, 8 ਫ਼ਰਵਰੀ
ਨਗਰ ਨਿਗਮ ਚੰਡੀਗੜ੍ਹ ਵੱਲੋਂ ਸੈਕਟਰ 16 ਸਥਿਤ ਰੋਜ਼ ਗਾਰਡਨ ਵਿੱਚ ਸਾਲਾਨਾ ‘ਗੁਲਾਬ ਮੇਲਾ’ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ। ਹਾਲਾਂਕਿ ਕਿ ਪਿਛਲੇ ਦੋ ਸਾਲ ਤੋਂ ਕਰੋਨਾ ਕਾਰਨ ਇਹ ਮੇਲਾ ਸੰਕੇਤਕ ਤੌਰ ਹੀ ਲਗਾਇਆ ਜਾ ਰਿਹਾ ਸੀ, ਪਰ ਇਸ ਵਾਰ ਨਿਗਮ ਇਹ ਮੇਲਾ ਪਹਿਲਾਂ ਵਾਂਗ ਪੂਰੇ ਜ਼ੋਰ ਸ਼ੋਰ ਨਾਲ ਲਗਾਉਣ ਦੇ ਰੌਂਅ ਵਿੱਚ ਹੈ।
ਜਾਣਕਾਰੀ ਅਨੁਸਾਰ ਨਿਗਮ ਵਲੋਂ ਇਸ ਮਹੀਨੇ ਦੇ ਆਖ਼ਰੀ ਹਫਤੇ ਜਾਂ ਮਾਰਚ ਦੇ ਪਹਿਲੇ ਹਫਤੇ ਇਹ ਮੇਲਾ ਲਗਾਇਆ ਜਾ ਸਕਦਾ ਹੈ। ਨਗਰ ਨਿਗਮ ਨੇ ਇਸ ਮੇਲੇ ਨੂੰ ਲੈ ਕੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਥੇ ਇਹ ਦੱਸਣਯੋਗ ਹੈ ਕਿ ਹਰ ਮਹੀਨੇ ਫ਼ਰਵਰੀ ਮਹੀਨੇ ਦਾ ਆਖ਼ਰੀ ਸ਼ੁੱਕਰਵਾਰ ਤੋਂ ਐਤਵਾਰ (ਤਿੰਨ ਦਿਨਾ) ਤੱਕ ਲਗਾਇਆ ਜਾਣ ਵਾਲਾ ਇਹ ਕੌਮਾਂਤਰੀ ਪੱਧਰ ਦਾ ਮੇਲਾ ਪਿਛਲੇ ਦੋ ਸਾਲ ਤੋਂ ਸੰਕੇਤਕ ਹੀ ਰਿਹਾ ਹੈ।
ਮਤਲਬ ਗੁਲਾਬ ਮੇਲਾ ਤਾਂ ਲਗਾਇਆ ਜਾ ਰਿਹਾ ਸੀ ਲੇਕਿਨ ਆਮ ਲੋਕਾਂ ਨੂੰ ਇਸ ਵਿੱਚ ਆਉਣ ਦੀ ਆਗਿਆ ਨਹੀਂ ਸੀ ਅਤੇ ਇਸ ਦੇ ਨਾਲ ਹੀ ਮੇਲੇ ਦੌਰਾਨ ਹੋਣ ਵਾਲੇ ਕਿਸੇ ਵੀ ਤਰ੍ਹਾਂ ਦੇ ਵੱਡੇ ਪ੍ਰਬੰਧ ਵੀ ਨਹੀਂ ਕੀਤੇ ਜਾ ਰਹੇ ਸਨ। ਲੇਕਿਨ ਇਸ ਵਾਰ ਇਸ ਮੇਲੇ ਦਾ ਆਨੰਦ ਦਰਸ਼ਕ ਵੀ ਮਾਣ ਸਕਣਗੇ। ਗੁਲਾਬ ਮੇਲੇ ਨੂੰ ਲੈ ਕੇ ਨਗਰ ਨਿਗਮ ਦੇ ਬਾਗਵਾਨੀ ਵਿਭਾਗ ਦੇ ਕਰਮਚਾਰੀ ਤਿਆਰੀਆਂ ਵਿੱਚ ਜੁੱਟ ਗਏ ਹਨ। ਚੰਡੀਗੜ੍ਹ ਸ਼ਹਿਰ ਵਿੱਚ ਕਰੋਨਾ ਦੇ ਮਾਮਲੇ ਘੱਟ ਹੋ ਰਹੇ ਹਨ। ਕਰੋਨਾ ਦੀਆਂ ਪਾਬੰਦੀਆਂ ਵਿੱਚ ਵੀ ਛੋਟ ਦਿੱਤੀ ਜਾ ਰਹੀ ਹੈ। ਅਜਿਹੇ ਵਿੱਚ ਨਗਰ ਨਿਗਮ ਵਲੋਂ ਇਸ ਸਾਲ ਗੁਲਾਬ ਮੇਲੇ ਨੂੰ ਪਿਛਲੇ ਸਾਲਾਂ ਦੀ ਤਰ੍ਹਾਂ ਪੂਰੇ ਜੋਸ਼ ਨਾਲ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ।