ਮੁਕੇਸ਼ ਕੁਮਾਰ
ਚੰਡੀਗੜ੍ਹ, 27 ਮਈ
ਚੰਡੀਗੜ੍ਹ ਦੇ ਵਾਹਨ ਰਜਿਸਟ੍ਰੇਸ਼ਨ ਅਤੇ ਲਾਇਸੈਂਸਿੰਗ ਅਥਾਰਿਟੀ (ਆਰਐੱਲਏ) ਦਫਤਰ ਕਰੋਨਾ ਕਾਰਨ ਪਿਛਲੇ ਕਈ ਹਫਤਿਆਂ ਤੋਂ ਪਬਲਿਕ ਡੀਲਿੰਗ ਲਈ ਬੰਦ ਸੀ ਜਿਸ ਨੂੰ ਪ੍ਰਸ਼ਾਸਨ ਨੇ ਪਬਲਿਕ ਡੀਲਿੰਗ ਲਈ 1 ਜੂਨ ਤੋਂ ਖੋਲ੍ਹਣ ਦਾ ਫੈਂਸਲਾ ਕੀਤਾ ਹੈ। ਪਿਛਲੇ ਕਈ ਹਫ਼ਤੇ ਤੋਂ ਦਫ਼ਤਰ ਬੰਦ ਰਹਿਣ ਕਾਰਨ ਨਾਲ ਸਬੰਧਿਤ ਵਾਹਨ ਰਜਿਸਟ੍ਰੇਸ਼ਨ ਅਤੇ ਲਾਇਸੈਂਸ ਆਦਿ ਨਾਲ ਸਬੰਧਤ ਕਾਰਜਾਂ ਦਾ ਲੋਡ ਵੱਧ ਗਿਆ ਸੀ ਅਤੇ ਲੋਕਾਂ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਪ੍ਰਸ਼ਾਸਨ ਨੇ ਸ਼ਹਿਰ ਵਿੱਚ ਕਰੋਨਾ ਮਾਮਲਿਆਂ ਦੇ ਅੰਕੜਿਆਂ ਵਿੱਚ ਸੁਧਾਰ ਨੂੰ ਦੇਖਦੇ ਹੋਏ ਅਗਲੇ ਮਹੀਨੇ 1 ਜੂਨ ਤੋਂ ਆਰਐਲਏ ਦਫਤਰ ਨੂੰ ਜ਼ਰੂਰੀ ਕਾਰਜਾਂ ਲਈ ਖੋਲ੍ਹਣ ਦਾ ਫੈਸਲਾ ਕੀਤਾ ਹੈ। ਰਜਿਸਟ੍ਰੇਸ਼ਨ ਅਤੇ ਲਾਇਸੈਂਸਿੰਗ ਅਥਾਰਿਟੀ ਅਧਿਕਾਰੀ ਪਰਦੂਮਨ ਸਿੰਘ ਨੇ ਦੱਸਿਆ ਕਿ ਆਰਐਲਏ ਨਾਲ ਸਬੰਧਤ ਸੇਵਾਵਾਂ ਲਈ ਪਹਿਲਾਂ ਆਨਲਾਈਨ ਅਪਾਇੰਟਮੈਂਟ ਲੈਣੀ ਹੋਵੇਗੀ। ਪਹਿਲੀ ਜੂਨ ਤੋਂ ਆਰਐਲਏ ਵਿਖੇ ਫਿਲਹਾਲ ਵਾਹਨ ਰਜਿਸਟ੍ਰੇਸ਼ਨ ਅਤੇ ਲਾਇਸੈਂਸ ਨਾਲ ਸਬੰਧਤ ਲਈ ਜ਼ਰੂਰੀ ਸੇਵਾਵਾਂ ਨੂੰ ਹੀ ਸ਼ੁਰੂ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਤੋਂ ਲਈਆਂ ਆਨਲਾਈਨ ਅਪਾਇੰਟਮੈਂਟਸ ਰੱਦ ਮੰਨੀਆਂ ਜਾਣਗੀਆਂ। ਆਰਐਲਏ ਵਲੋਂ ਆਨਲਾਈਨ ਅਪਾਇੰਟਮੈਂਟ 29 ਮਈ ਸਵੇਰੇ 10 ਵਜੇ ਤੋਂ ਮਿਲਣੀ ਸ਼ੁਰੂ ਹੋਵੇਗੀ। ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਟਰਾਂਸਪੋਰਟ chdtransport.gov.in ਜਾ ਆਰਐਲਏ ਦੀ ਸਾਈਟ ‘ਤੇ ਜਾ ਕੇ ਅਪਾਇੰਟਮੈਂਟ ਬੁੱਕ ਕਰਵਾਈ ਜਾ ਸਕਦੀ ਹੈ। ਇਸ ਤੋਂ ਇਲਾਵਾ ਆਰਐਲਏ ਦੇ ਟੈਲੀਫੋਨ ਨੰਬਰ 0172- 2700341 ਜਾਂ 0172-2700076 ’ਤੇ ਸੰਪਰਕ ਕੀਤਾ ਜਾ ਸਕਦਾ ਹੈ।