ਪੱਤਰ ਪ੍ਰੇਰਕ
ਮੋਰਿੰਡਾ, 5 ਫਰਵਰੀ
ਬੱਸ ਸਟੈਂਡ ਮੋਰਿੰਡਾ ਨੇੜੇ ਬਣ ਰਹੇ ਰੇਲਵੇ ਅੰਡਰਬ੍ਰਿੱਜ ਦੀ ਉਸਾਰੀ ਕਾਰਨ ਟ੍ਰੈਫਿਕ ਸਮੱਸਿਆ ਦੇ ਨਾਲ-ਨਾਲ ਲਗਪਗ 100 ਦੁਕਾਨਦਾਰਾਂ ਦੀ ਰੋਜ਼ੀ-ਰੋਟੀ ਪਿਛਲੇ ਇੱਕ ਸਾਲ ਤੋਂ ਬੰਦ ਹੈ। ਇਸ ਪੁਲ ਦੀ ਉਸਾਰੀ ਇੰਨੀ ਧੀਮੀ ਗਤੀ ਨਾਲ ਚੱਲ ਰਹੀ ਹੈ ਕਿ ਦੁਕਾਨਦਾਰੀ ਬੰਦ ਹੋ ਗਈ ਹੈ। ਦੁਕਾਨਦਾਰਾਂ ਨੇ ਦੱਸਿਆ ਕਿ ਬੀਤੀ ਰਾਤ ਬੱਸ ਸਟੈਂਡ ਮੋਰਿੰਡਾ ’ਚ ਬਣੀਆਂ ਦੁਕਾਨਾਂ ਨੇੜੇ ਪੁੱਟੇ ਖੱਡਿਆਂ ਕਾਰਨ ਦੁਕਾਨਾਂ ਡਿੱਗਣ ਦਾ ਖਤਰਾ ਬਣ ਗਿਆ ਹੈ। ਦੁਕਾਨਾਂ ਨੇੜਲੇ ਨਵੇਂ ਲੱਗੇ ਬਿਜਲੀ ਦੇ ਪੋਲ ਵੀ ਡਿੱਗਣ ਕਿਨਾਰੇ ਆ ਗਏ ਹਨ। ਉਨ੍ਹਾਂ ਦੱਸਿਆ ਕਿ ਪੁਲ 9 ਮਹੀਨੇ ਵਿੱਚ ਮੁਕੰਮਲ ਹੋਣਾ ਸੀ, ਜਦਕਿ 1 ਸਾਲ ਬੀਤਣ ਮਗਰੋਂ ਵੀ ਇਸ ਦਾ ਅੱਧਾ ਕੰਮ ਨਹੀਂ ਹੋਇਆ। ਇਸ ਸਬੰਧੀ ਜਦੋਂ ਰੇਲਵੇ ਅੰਡਰਬ੍ਰਿੱਜ ਦਾ ਕੰਮ ਕਰਵਾ ਰਹੇ ਐੱਸਡੀਓ ਲੋਕ ਨਿਰਮਾਣ ਵਿਭਾਗ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ।