ਆਤਿਸ਼ ਗੁਪਤਾ
ਚੰਡੀਗੜ੍ਹ, 5 ਅਪਰੈਲ
ਚੰਡੀਗੜ੍ਹ ਵਾਸੀ ਇੰਡਸਟਰੀਅਲ ਏਰੀਆ ਅਤੇ ਪਿੰਡਾਂ ਦੀ ਜ਼ਮੀਨ ਦੇ ਕੁਲੈਕਟਰ ਰੇਟਾਂ ਵਿੱਚ ਬਦਲਾਅ ਸਬੰਧੀ ਪਿਛਲੇ ਲੰਬੇ ਸਮੇਂ ਤੋਂ ਮੰਗ ਕਰਦੇ ਆ ਰਹੇ ਸਨ। ਯੂਟੀ ਪ੍ਰਸ਼ਾਸਨ ਨੇ ਲੋਕਾਂ ਦੀ ਮੰਗ ’ਤੇ ਕੁਲੈਕਟਰ ਰੇਟਾਂ ਵਿੱਚ ਸੋਧ ਕਰਨ ਦਾ ਮਹਿਜ ਦਿਖਾਵਾ ਕੀਤਾ ਹੈ। ਡਿਪਟੀ ਕਮਿਸ਼ਨਰ ਮਨਦੀਪ ਸਿੰਘ ਬਰਾੜ ਦੀ ਅਗਵਾਈ ਹੇਠ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮੀਟਿੰਗ ਹੋਈ ਜਿਸ ਵਿੱਚ ਸ਼ਹਿਰ ਦੇ ਕੁਲੈਕਟਰ ਰੇਟਾਂ ਵਿੱਚ ਸੋਧ ਕੀਤੀ ਗਈ ਜਿਨ੍ਹਾਂ ਉਦਯੋਗਿਕ ਖੇਤਰ ਦੀ ਜ਼ਮੀਨ ਦੀਆਂ ਕੀਮਤਾਂ ਵਿੱਚ 5 ਫ਼ੀਸਦੀ ਦੀ ਕਟੌਤੀ ਕੀਤੀ ਜਦਕਿ ਖੇਤੀਬਾੜੀ ਜ਼ਮੀਨ ਦੀ ਕੀਮਤ ਵਿੱਚ 10 ਫ਼ੀਸਦੀ ਦਾ ਵਾਧਾ ਕੀਤਾ ਹੈ।
ਮੀਟਿੰਗ ਵਿੱਚ ਪਿੰਡਾਂ ਦੀ ਖੇਤੀਬਾੜੀ ਦੀ ਜ਼ਮੀਨ ਦੀ ਕੀਮਤ ਵਿੱਚ 10 ਫ਼ੀਸਦੀ ਦਾ ਵਾਧਾ ਕੀਤਾ ਗਿਆ ਹੈ। ਇੰਡਸਟਰੀਅਲ ਏਰੀਆ ਫੇਜ਼-1 ਅਤੇ 2 ਦੀ ਜ਼ਮੀਨ ਦੀਆਂ ਕੀਮਤਾਂ 5 ਫੀਸਦੀ ਘਟਾਈ ਗਈ ਹੈ ਜਦਕਿ ਸ਼ਹਿਰ ਦੇ ਮੱਧਿਆ ਮਾਰਗ, ਅਨਾਜ ਮੰਡੀ ਸੈਕਟਰ-26, ਸੈਕਟਰ-17, ਸਬ ਸਿਟੀ ਸੈਂਟਰ ਸੈਕਟਰ-34, 22 ਅਤੇ ਮੋਟਰ ਮਾਰਕੀਟ ਮਨੀਮਾਜਰਾ ਦੀਆਂ ਸ਼ੋਅਰੂਮ ਅਤੇ ਦੁਕਾਨਾਂ ਦੀ ਕੀਮਤਾਂ 10 ਫ਼ੀਸਦੀ ਘਟਾ ਦਿੱਤੀਆਂ ਹਨ। ਇਸ ਦੇ ਨਾਲ ਹੀ ਸ਼ਹਿਰ ਦੇ ਰਿਹਾਇਸ਼ੀ ਖੇਤਰ ਦੀਆਂ ਜ਼ਮੀਨਾਂ ਦੇ ਕੁਲੈਕਟਰ ਰੇਟ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ।
ਪ੍ਰਸ਼ਾਸਨਿਕ ਅਧਿਕਾਰੀਆਂ ਨੇ ਨਗਰ ਨਿਗਮ ਅਧੀਨ ਆਏ ਪ੍ਰਾਪਤ ਜਾਣਕਾਰੀ ਅਨੁਸਾਰ ਯੂਟੀ ਪ੍ਰਸ਼ਾਸਨ ਨੇ ਸ਼ਹਿਰ ਦੇ ਕੁਲੈਕਟਰ ਰੇਟ ਨੂੰ ਲੈ ਕੇ ਸਰਵੇਅ ਕਰਵਾਇਆ ਸੀ ਜਿਸ ਦੇ ਆਧਾਰ ’ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਮੀਟਿੰਗ ਕਰਕੇ ਫ਼ੈਸਲਾ ਲਿਆ ਗਿਆ ਜੋ 12 ਅਪਰੈਲ 2021 ਤੋਂ ਲਾਗੂ ਹੋਵੇਗਾ। ਦੱਸਣਯੋਗ ਹੈ ਕਿ ਚੰਡੀਗੜ੍ਹ ਪਿੰਡਾਂ ਦੇ ਨਗਰ ਨਿਗਮ ਅਧੀਨ ਆਉਣ ਤੋਂ ਬਾਅਦ ਪਿੰਡ ਵਾਸੀਆਂ ਵੱਲੋਂ ਲਗਾਤਾਰ ਖੇਤੀਬਾੜੀ ਖੇਤਰ ਦੀਆਂ ਜ਼ਮੀਨਾਂ ਦੇ ਕੁਲੈਕਟਰ ਰੇਟ ਵਧਾਉਣ ਦੀ ਮੰਗ ਕੀਤੀ ਜਾ ਰਹੀ ਸੀ ਜਿਸ ਲਈ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੇ ਵੀ ਪ੍ਰਸ਼ਾਸਕ ਨੂੰ ਮਿਲ ਕੇ ਮੰਗ ਕੀਤੀ ਗਈ ਸੀ ਪਰ ਪ੍ਰਸ਼ਾਸਨ ਦੀ ਤਰਫੋਂ ਖੇਤੀਬਾੜੀ ਖੇਤਰ ਦੀ ਜ਼ਮੀਨ ਵਿੱਚ ਕੀਤੇ 10 ਫ਼ੀਸਦੀ ਵਾਅਦੇ ਨਾਲ ਪਿੰਡਾਂ ਦੇ ਲੋਕਾਂ ਵਿੱਚ ਨਰਾਜ਼ਗੀ ਹੈ।