ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 13 ਜੂਨ
ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੀ ਮੈਨੇਜਮੈਂਟ ਨਾਲ ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਦੀ ਮੀਟਿੰਗ ਅੱਜ ਗੈਸਟ ਹਾਊਸ ਮੁਹਾਲੀ ਵਿਚ ਪਾਵਰਕੌਮ ਦੇ ਚੇਅਰਮੈਨ ਏ.ਵੇਨੂੰ ਪ੍ਰਸ਼ਾਦ ਦੀ ਪ੍ਰਧਾਨਗੀ ਹੇਠ ਹੋਈ। ਬਿਜਲੀ ਮੁਲਾਜ਼ਮ ਏਕਤਾ ਮੰਚ ਦੇ ਸੂਬਾ ਕਨਵੀਨਰ ਹਰਭਜਨ ਸਿੰਘ ਪਿਲਖਣੀ, ਜਨਰਲ ਸਕੱਤਰ ਗੁਰਵੇਲ ਸਿੰਘ ਬੱਲਪੁਰੀਆਂ, ਜਰਨੈਲ ਸਿੰਘ ਚੀਮਾ, ਮਹਿੰਦਰ ਸਿੰਘ ਅਤੇ ਮੁੱਖ ਬੁਲਾਰੇ ਮਨਜੀਤ ਸਿੰਘ ਚਾਹਲ ਨੇ ਦੱਸਿਆ ਕਿ ਬਿਜਲੀ ਮੁਲਾਜ਼ਮਾਂ ਦੇ ਤਨਖ਼ਾਹ ਸਕੇਲ ਸੋਧਣ ਲਈ ਤਨਖ਼ਾਹ ਸੋਧ ਕਮੇਟੀ ਬਣਾਈ ਜਾਵੇਗੀ।
ਚੇਅਰਮੈਨ ਨੇ ਦੱਸਿਆ ਕਿ ਬਿਜਲੀ ਮੁਲਾਜ਼ਮਾਂ ਅਤੇ ਅਫ਼ਸਰਾਂ ਦੇ ਸਕੇਲਾਂ ਦੀ ਸੋਧ ਨਾਲ ਬਿਜਲੀ ਨਿਗਮ ’ਤੇ 60 ਕਰੋੜ ਰੁਪਏ ਮਹੀਨਾ ਅਤੇ 3000 ਕਰੋੜ ਰੁਪਏ ਏਰੀਅਰ ਬਣੇਗਾ, ਬਿਜਲੀ ਮੁਲਾਜ਼ਮਾਂ ਨੂੰ 23 ਪ੍ਰਮੋਸ਼ਨ ਲਾਭ ਤੀਜੀ ਤਰੱਕੀ ਤੱਕ ਮਿਲੇਗਾ, ਪੇਅ ਬੈਡ ਦਾ ਮਾਮਲਾ 1 ਦਸੰਬਰ 2011 ਤੋਂ ਇਕ ਹਫ਼ਤੇ ਵਿੱਚ ਹੱਲ ਕਰ ਦਿੱਤਾ ਜਾਵੇਗਾ। ਲਾਈਨਮੈਨ ਤੋਂ ਜੇਈ ਦੀ ਤਰੱਕੀ ਲਈ 19 ਹਜ਼ਾਰ ਸੀਨੀਅਰਤਾ ਤੱਕ ਵੇਰਵੇ ਮੰਗ ਲਏ ਜਾਣਗੇ। ਉਨ੍ਹਾਂ ਕਿਹਾ ਕਿ ਬਾਹਰੀ ਸਰੋਤਾ ’ਤੇ ਕੰਮ ਕਰਦੇ ਬਿਜਲੀ ਕਾਮੇ ਪੰਜਾਬ ਸਰਕਾਰ ਦੀ ਨੀਤੀ ਮੁਤਾਬਕ ਪੱਕੇ ਕੀਤੇ ਜਾਣਗੇ, 3500 ਸਹਾਇਕ ਲਾਈਨਮੈਨਾਂ ਦੀ ਭਰਤੀ ਕੀਤੀ ਜਾਵੇਗੀ।