ਪੱਤਰ ਪ੍ਰੇਰਕ
ਖਰੜ, 28 ਫਰਵਰੀ
‘ਮਨੁੱਖ ਸੁਭਾਵਿਕ ਤੌਰ ’ਤੇ ਤਰਕਸ਼ੀਲ ਹੀ ਹੁੰਦਾ ਹੈ। ਉਹ ਜਨਮ ਤੋਂ ਹੀ ਆਪਣੇ ਆਲੇ-ਦੁਆਲੇ ਤੋਂ ਆਪਣੀ ਤਰਕਸ਼ੀਲਤਾ ਮੁਤਾਬਕ ਸਾਰਾ ਕੁੱਝ ਸਿੱਖਦਾ-ਸਮਝਦਾ ਹੈ ਪਰ ਬਾਅਦ ਵਿੱਚ ਪਰਿਵਾਰਕ ਅਤੇ ਆਪਣੇ ਚੌਗਿਰਦੇ ਦੇ ਸਮਾਜਿਕ ਪ੍ਰਭਾਵ ਹੇਠ ਆਪਣੇ ਕੁਦਰਤੀ ਨਜ਼ਰੀਏ ਨੂੰ ਬਦਲਣਾ ਸ਼ੁਰੂ ਕਰ ਲੈਂਦਾ ਹੈ ਜੋ ਉਸ ਦੀ ਆਜ਼ਾਦ ਸੋਚ ਨੂੰ ਮੋੜਾ ਦਿੰਦੀ ਹੈ।’ ਇਹ ਵਿਚਾਰ ਇੱਥੇ ਅੰਤਰਾਸ਼ਟਰੀ ਵਿਗਿਆਨ ਦਿਵਸ ਮੌਕੇ ਤਰਕਸ਼ੀਲ ਸੁਸਾਇਟੀ ਦੀ ਇਕਾਈ ਖਰੜ ਦੇ ਤਰਕਸ਼ੀਲ ਆਗੂਆਂ ਨੇ ਪ੍ਰਗਟਾਏ।
ਇਕਾਈ ਦੇ ਜਥੇਬੰਦਕ ਮੁਖੀ ਕੁਲਵਿੰਦਰ ਨਗਾਰੀ ਅਤੇ ਚੰਡੀਗੜ੍ਹ ਜ਼ੋਨ ਦੇ ਮੁਖੀ ਗੁਰਮੀਤ ਖਰੜ ਨੇ ਕਿਹਾ ਕਿ ਅੱਜ ਤਰਕਸ਼ੀਲ ਸੁਸਾਇਟੀ ਪੰਜਾਬ ਪੱਧਰ ’ਤੇ ਅੰਤਰਰਾਸ਼ਟਰੀ ਵਿਗਿਆਨ ਦਿਵਸ ਮਨਾ ਰਹੀ ਹੈ। ਆਗੂਆਂ ਨੇ ਕਿਹਾ ਕਿ ਸਾਵੇ-ਪੱਧਰੇ ਵਿਕਾਸ ਅਤੇ ਸੱਚੀ-ਮੁੱਚੀ ਦੇ ਮਨੁੱਖੀ ਭਾਈਚਾਰੇ ਲਈ ਦੇਸ਼ ਦਾ ਮਾਡਲ ਸਮਾਜਵਾਦੀ ਹੋਣਾ ਚਾਹੀਦਾ ਹੈ ਜੋ ਸਾਂਝੀਵਾਲਤਾ ਦਾ ਇੱਕੋ-ਇੱਕ ਤਰੀਕਾ ਹੈ।
ਤਰਕਸ਼ੀਲ ਆਗੂਆਂ ਜਰਨੈਲ ਸਹੌੜਾ, ਬਿਕਰਮਜੀਤ ਸੋਨੀ, ਸੁਜਾਨ ਬਡਾਲਾ, ਹਰਨਾਮ ਡੱਲਾ, ਭੁਪਿੰਦਰ ਮਦਨਹੇੜੀ, ਜਗਵਿੰਦਰ ਸਿੰਬਲਮਾਜਰਾ, ਗਿਆਨ ਸਿੰਘ ਅਤੇ ਸੁਰਿੰਦਰ ਸਿੰਬਲ ਮਾਜਰਾ ਨੇ ਐੱਸਡੀਐੱਮ ਨੂੰ ਮੰਗ ਪੱਤਰ ਦਿੰਦਿਆਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸਥਾਨਕ ਪੱਧਰ ’ਤੇ ਫੈਲੇ ਅੰਧ-ਵਿਸ਼ਵਾਸ ਦੇ ਅੱਡਿਆਂ ’ਤੇ ਕਾਨੂੰਨੀ ਕਾਰਵਾਈ ਕਰਨ ਤੋਂ ਇਲਾਵਾ ਇਲਾਕੇ ਵਿੱਚ ਬੇਲਗਾਮ ਹੋ ਚੁੱਕੇ ਸ਼ੋਰ ਪ੍ਰਦੂਸ਼ਣ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਵਾਉਣ ਲਈ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇ।
ਵਿਦਿਆਰਥੀਆਂ ਵੱਲੋਂ ਸਮਾਜਿਕ ਚੁਣੌਤੀਆਂ ਸਬੰਧੀ ਪ੍ਰਾਜੈਕਟ ਪੇਸ਼
ਮੁਹਾਲੀ (ਪੱਤਰ ਪ੍ਰੇਰਕ): ਕੌਮੀ ਵਿਗਿਆਨ ਦਿਵਸ ਮੌਕੇ ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਲਾਂਡਰਾਂ ਕੈਂਪਸ ’ਚ ਅੰਤਰ-ਕਾਲਜ ਵਿਗਿਆਨ ਮੁਕਾਬਲੇ ਕਰਵਾਏ ਗਏ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਦੇ 1,500 ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ ਅਤੇ ਮੌਜੂਦਾ ਸਮਾਜਿਕ ਚੁਣੌਤੀਆਂ ’ਤੇ ਆਧਾਰਿਤ 300 ਤੋਂ ਪ੍ਰਾਜੈਕਟ ਪੇਸ਼ ਕੀਤੇ। ਮੁੱਖ ਮਹਿਮਾਨ ਵਜੋਂ ਪਹੁੰਚ ਆਈਆਈਟੀ ਰੂਪਨਗਰ ਦੇ ਡਾਇਰੈਕਟਰ ਡਾ. ਰਾਜੀਵ ਅਹੂਜਾ ਨੇ ਕਿਹਾ, ‘‘ਸਾਡਾ ਉਦੇਸ਼ ਹਮੇਸ਼ਾ ਚੋਟੀ ਦੇ 5 ਦੇਸ਼ਾਂ ਵਿੱਚ ਸ਼ੁਮਾਰ ਹੋਣ ਵੱਲ ਕੇਂਦਰਿਤ ਹੋਣਾ ਚਾਹੀਦਾ ਹੈ। ਦੇਸ਼ ਦੇ ਨੌਜਵਾਨਾਂ ਦੇ ਸਹਿਯੋਗ ਨਾਲ ਅਸੀਂ ਨਿਸ਼ਚਿਤ ਤੌਰ ’ਤੇ ਇਸ ਟੀਚੇ ਨੂੰ ਸਰ ਕਰ ਸਕਦੇ ਹਾਂ।’’