ਪੱਤਰ ਪ੍ਰੇਰਕ
ਖਰੜ, 30 ਦਸੰਬਰ
ਸੀਐਮ ਸਿਟੀ ਖਰੜ ਵਿਖੇ ਪਿਛਲੇ 7 ਦਿਨਾਂ ਤੋਂ ਧਰਨਾ ਲਾ ਕੇ ਬੈਠੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਅਤੇ ਸਿਹਤ ਵਿਭਾਗ ਅਤੇ ਸਿਹਤ ਵਿਭਾਗ ਦੇ ਠੇਕਾ ਅਧਾਰਿਤ ਫਾਰਮੇਸੀ ਅਫਸਰ ਅਤੇ ਦਰਜਾ ਚਾਰ ਕਰਮਚਾਰੀਆਂ ਨੇ ਸਰਕਾਰ ਦੀ ਟਾਲ-ਮਟੋਲ ਦੀ ਨੀਤੀ ਤੋਂ ਤੰਗ ਆ ਕੇ ਅੱਜ ਖਰੜ ਟੀ-ਪੁਆਇੰਟ ’ਤੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ। ਇਕ ਪ੍ਰੈੱਸ ਬਿਆਨ ਮੁਤਾਬਕ ਇਨ੍ਹਾਂ ਕਰਮਚਾਰੀਆਂ ਦੀ ਪਿਛਲੇ 3 ਦਿਨਾਂ ਵਿੱਚ ਦੋ ਵਾਰ ਮੁੱਖ ਮੰਤਰੀ ਦਫ਼ਤਰ ਦੇ ਅਧਿਕਾਰੀਆਂ ਨਾਲ ਲਿਖਤੀ ਮੀਟਿੰਗ ਫਿਕਸ ਕੀਤੀ ਗਈ ਸੀ, ਜੋ ਅੱਜ ਫਿਰ ਅੱਗੇ ਪਾ ਦਿੱਤੀ ਗਈ। ਸਰਕਾਰ ਦੀ ਇਸ ਵਾਅਦਾਖਿਲਾਫ਼ੀ ਤੋਂ ਰੋਸ ਵਿਚ ਆਏ ਧਰਨਾਕਾਰੀਆਂ ਨੇ ਪੰਜਾਬ ਸਰਕਾਰ ਦੀ ਅਰਥੀ ਫੂਕ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਨਾਲ ਹੀ ਆਉਣ ਵਾਲੇ ਦਿਨਾਂ ਵਿੱਚ ਖਰੜ ਵਿਖੇ ਸੂਬਾ ਪੱਧਰੀ ਰੈਲੀ ਕਰਨ ਦਾ ਫੈਸਲਾ ਕੀਤਾ। ਇਹ ਧਰਨਾਕਾਰੀ ਪਿਛਲੇ 7 ਦਿਨ ਤੋਂ ਖਰੜ ਵਿਖੇ ਪੱਕਾ ਧਰਨਾ ਲਗਾ ਕੇ ਬੈਠੇ ਹਨ ਅਤੇ ਇਨ੍ਹਾਂ ਨੇ ਸਮੂਹ ਪੰਜਾਬ ਵਿੱਚ ਆਪਣੀਆਂ ਡਿਊਟੀਆਂ ਦਾ ਮੁਕੰਮਲ ਬਾਇਕਾਟ ਕੀਤਾ ਹੋਇਆ ਹੈ।