ਸੰਜੀਵ ਬੱਬੀ
ਚਮਕੌਰ ਸਾਹਿਬ, 2 ਜੁਲਾਈ
ਪਿਛਲੇ ਦੋ ਦਿਨਾਂ ਤੋਂ ਪਏ ਮੀਂਹ ਨੇ ਨਗਰ ਪੰਚਾਇਤ ਚਮਕੌਰ ਸਾਹਿਬ ਦੇ ਮਾੜੇ ਪ੍ਰਬੰਧਾਂ ਦੀ ਪੋਲ ਖੋਲ੍ਹਕੇ ਰੱਖ ਦਿੱਤੀ, ਕਿਉਂਕਿ ਮੀਂਹ ਦਾ ਪਾਣੀ ਜਿੱਥੇ ਸੰਧੂਆਂ ਚੌਕ ਵਿੱਚ 3 ਤੋਂ 4 ਫੁੱਟ ਖੜ੍ਹਨ ਨਾਲ ਕਈ ਦੋ ਪਹੀਆ ਵਾਹਨ ਸਵਾਰ ਡਿੱਗ ਕੇ ਸੱਟਾਂ ਖਾ ਚੁੱਕੇ ਹਨ, ਉੱਥੇ ਹੀ ਬੈਂਕ ਰੋਡ ਤੇ ਗੰਦੇ ਪਾਣੀ ਨਾਲ ਸੜਕ ਕਈ ਘੰਟੇ ਭਰੀ ਰਹੀ ਜਿਸ ਕਾਰਨ ਘਰਾਂ ਦੇ ਲੋਕ ਗੰਦੀ ਬਦਬੂ ਤੋਂ ਪ੍ਰੇਸ਼ਾਨ ਵੀ ਹੁੰਦੇ ਰਹੇ। ਸੰਧੂਆਂ ਚੌਕ ਵਿੱਚ ਪਾਣੀ ਦੀ ਸਹੀ ਨਿਕਾਸੀ ਨਾ ਹੋਣ ਕਾਰਨ ਮੀਂਹ ਤੋਂ ਬਗੈਰ ਵੀ ਆਮ ਪਾਣੀ ਖੜ੍ਹ ਜਾਂਦਾ ਹੈ ਅਤੇ ਮੀਂਹ ਦੇ ਪਾਣੀ ਕਾਰਨ ਤਾਂ ਸੜਕ ਤੋਂ ਲੰਘਣਾ ਮੁਸ਼ਕਲ ਹੋ ਜਾਂਦਾ ਹੈ, ਕਿਉਂਕਿ ਸੜਕ ਵਿੱਚ ਡੂੰਘੇ ਖੱਡੇ ਹੋਣ ਕਾਰਨ ਪਾਣੀ ਦੌਰਾਨ ਨਾ ਦਿਖਣ ਕਰਕੇ ਕਈ ਸਕੂਟਰ ਤੇ ਮੋਟਰਸਾਈਕਲ ਸਵਾਰ ਡਿੱਗ ਕੇ ਸੱਟਾਂ ਖਾਂਦੇ ਹਨ। ਇੱਥੇ ਹੀ ਬਸ ਨਹੀਂ ਜਦੋਂ ਮੀਂਹ ਪੈਂਦਾ ਹੈ ਤਾਂ ਅਨਾਜ ਮੰਡੀ ਦੇ ਸੀਵਰੇਜ ਦਾ ਗੰਦਾ ਪਾਣੀ ਸੜਕਾਂ ਤੋਂ ਹੁੰਦਾ ਹੋਇਆ ਬੈਂਕ ਰੋਡ ’ਤੇ ਜਮ੍ਹਾਂ ਹੋ ਜਾਂਦਾ ਹੈ ਜਿਸ ਕਾਰਨ ਰਾਹਗੀਰਾਂ ਨੂੰ ਗੰਦੇ ਪਾਣੀ ਵਿੱਚੋਂ ਲੰਘ ਕੇ ਅੱਗੇ ਜਾਣਾ ਪੈਂਦਾ ਹੈ। ਕੌਂਸਲਰ ਭੁਪਿੰਦਰ ਸਿੰਘ ਭੂਰਾ ਨੇ ਦੱਸਿਆ ਕਿ ਸ਼ਹਿਰ ਵਿੱਚ ਪਾਈਪਾਂ ਪਾਉਣ ਦਾ ਕੰਮ ਜਿਹੜੇ ਠੇਕੇਦਾਰ ਨੂੰ ਦਿੱਤਾ ਗਿਆ, ਉਸ ਵਲੋਂ ਅਣਗਹਿਲੀ ਵਰਤੀ ਜਾ ਰਹੀ ਹੈ ਅਤੇ ਨਾ ਹੀ ਚੱਲ ਰਹੇ ਕਾਰਜਾਂ ਦੀ ਨਗਰ ਪੰਚਾਇਤ ਦੇ ਅਧਿਕਾਰੀਆਂ ਵੱਲੋਂ ਜਾਂਚ ਕੀਤੀ ਜਾਂਦੀ ਹੈ। ਅਕਾਲੀ ਦਲ ਦੇ ਸਰਕਲ ਪ੍ਰਧਾਨ ਅਮਨਦੀਪ ਸਿੰਘ ਮਾਂਗਟ, ਕਿਸਾਨ ਆਗੂ ਬਾਈ ਪਰਮਿੰਦਰ ਸਿੰਘ ਸੇਖੋਂ ਅਤੇ ਸੰਦੀਪ ਜੱਸੜਾ ਨੇ ਇਨ੍ਹਾਂ ਕੰਮਾਂ ਵਿੱਚ ਹੋਈ ਅਣਗਿਹਲੀ ਦੀ ਵਿਜੀਲੈਂਸ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ। ਜਦੋਂ ਇਸ ਸਬੰਧੀ ਕਾਰਜ ਸਾਧਕ ਅਫਸਰ ਅਵਤਾਰ ਚੰਦ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸੀਵਰੇਜ ਦੀ ਪ੍ਰੇਸ਼ਾਨੀ ਹੈ ਜਿਸ ਸਬੰਧੀ ਉਨ੍ਹਾਂ ਉਕਤ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਹੈ ਅਤੇ ਜਿੱਥੇ ਬਰਸਾਤੀ ਪਾਣੀ ਦੀ ਨਿਕਾਸੀ ਨਹੀਂ ਹੋ ਰਹੀਂ ਉਸ ਸਬੰਧੀ ਕਰਮਚਾਰੀਆਂ ਦੀ ਡਿਊਟੀ ਲਗਾ ਦਿੱਤੀ ਹੈ।