ਕਰਮਜੀਤ ਸਿੰਘ ਚਿੱਲਾ
ਬਨੂੜ, 12 ਫਰਵਰੀ
ਪਿਛਲੇ ਦਿਨਾਂ ਵਿੱਚ ਹੋਈ ਭਰਵੀਂ ਬਾਰਿਸ਼ ਕਾਰਨ ਨੀਵੇਂ ਖੇਤਾਂ ਵਿੱਚ ਭਰੇ ਪਾਣੀ ਦੀ ਮਾਰ ਝੱਲਣ ਵਾਲੀ ਕਣਕ ਦੀ ਫ਼ਸਲ ਹੁਣ ਸੁੱਕਣ ਲੱਗੀ ਹੈ। ਠੇਕੇ ਉੱਤੇ ਜ਼ਮੀਨ ਲੈ ਕੇ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਇਸ ਨਾਲ ਦੂਹਰੀ ਮਾਰ ਝੱਲਣੀ ਪੈ ਰਹੀ ਹੈ।
ਪਿੰਡ ਬਾਸਮਾਂ, ਖਲੌਰ, ਗੁਰਨਾ ਖੇੜੀ, ਸਨੇਟਾ, ਅਬਰਾਵਾਂ, ਗੋਬਿੰਦਗੜ੍ਹ ਤੇ ਹੋਰ ਕਈ ਪਿੰਡਾਂ ਵਿੱਚ ਦਰਜਨਾਂ ਕਿਸਾਨਾਂ ਦੀ ਕਣਕ ਸੁੱਕ ਗਈ ਹੈ। ਪਿੰਡ ਦੇਵੀਨਗਰ (ਅਬਰਾਵਾਂ) ਦੇ ਕਿਸਾਨਾਂ ਇੰਦਰਜੀਤ ਸਿੰਘ, ਸੁਖਵਿੰਦਰ ਸਿੰਘ, ਕਮਲਜੀਤ ਲਵਲੀ ਅਤੇ ਪਰਮਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ 200 ਵਿਘੇ ਦੇ ਕਰੀਬ ਕਣਕ ਸੁੱਕ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਵਿੱਚ ਬਹੁਤਾਤ ਜ਼ਮੀਨ ਉਨ੍ਹਾਂ ਕਿਸਾਨਾਂ ਦੀ ਹੈ, ਜਿਹੜੇ ਠੇਕੇ ਉੱਤੇ ਜ਼ਮੀਨ ਲੈ ਕੇ ਖੇਤੀ ਕਰਦੇ ਹਨ। ਪਿੰਡ ਸਨੇਟਾ ਦੇ ਕਿਸਾਨ ਚੌਧਰੀ ਪਾਲ ਰਾਮ ਨੇ ਦੱਸਿਆ ਕਿ ਉਨ੍ਹਾਂ ਦੀ ਨੀਵੇਂ ਖੇਤਾਂ ਵਿੱਚ ਤਿੰਨ ਏਕੜ ਦੇ ਕਰੀਬ ਕਣਕ ਬਿਲਕੁਲ ਸੁੱਕ ਗਈ ਹੈ। ਪਿੰਡ ਗੋਬਿੰਦਗੜ੍ਹ ਦੇ ਕਿਸਾਨ ਗੁਰਜਿੰਦਰ ਸਿੰਘ, ਨੰਬਰਦਾਰ ਸੁਰਿੰਦਰ ਸਿੰਘ ਅਤੇ ਰਣਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿੱਚ ਵੱਡੇ ਪੱਧਰ ’ਤੇ ਕਣਕ ਦੀ ਫ਼ਸਲ ਸੁੱਕ ਗਈ ਹੈ। ਪਿੰਡ ਗੁਰਨਾ ਖੇੜੀ ਤੇ ਬਾਸਮਾਂ ਕਲੋਨੀ ਵਿੱਚ ਕੌਮੀ ਮਾਰਗ ਦੇ ਨੇੜੇ ਕਣਕ ਵਿੱਚ ਹਾਲੇ ਵੀ ਪਾਣੀ ਭਰਿਆ ਖੜ੍ਹਾ ਹੈ।
ਕਿਸਾਨਾਂ ਨੇ ਦੱਸਿਆ ਕਿ ਕਣਕ ਦੀ ਅਗੇਤੀ ਫਸਲ ਨੂੰ ਬੇਮੌਸਮੇ ਮੀਹਾਂ ਦੀ ਮਾਰ ਜ਼ਿਆਦਾ ਪਈ ਹੈ ਅਤੇ ਅਗੇਤੀ ਕਣਕ ਹੀ ਵੱਡੀ ਮਾਤਰਾ ਵਿੱਚ ਸੁੱਕ ਰਹੀ ਹੈ। ਕਿਸਾਨਾਂ ਨੇ ਕਿਹਾ ਕਿ ਮਹਿੰਗੇ ਭਾਅ ਦੇ ਬੀਜ, ਖਾਦਾਂ, ਡੀਜ਼ਲ ਤੇ ਸਪਰੇਆਂ ਉੱਤੇ ਉਨ੍ਹਾਂ ਦਾ ਭਾਰੀ ਖਰਚ ਹੋਇਆ ਹੈ। ਠੇਕੇ ਉੱਤੇ ਜ਼ਮੀਨਾਂ ਵਾਲੇ ਕਿਸਾਨਾਂ ਨੂੰ ਠੇਕਾ ਵੀ ਦੇਣਾ ਪੈ ਰਿਹਾ ਹੈ। ਕਿਸਾਨਾਂ ਤੇ ਕਿਸਾਨ ਸਭਾ ਦੇ ਆਗੂ ਗੁਰਦਰਸ਼ਨ ਸਿੰਘ ਖਾਸਪੁਰ ਨੇ ਪੰਜਾਬ ਸਰਕਾਰ ਤੋਂ ਸੁੱਕ ਰਹੀ ਕਣਕ ਸਬੰਧੀ ਤੁਰੰਤ ਵਿਸ਼ੇਸ਼ ਗਿਰਦਾਵਰੀ ਕਰਵਾਉਣ ਤੇ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।