ਕਰਮਜੀਤ ਸਿੰਘ ਚਿੱਲਾ
ਬਨੂੜ, 24 ਸਤੰਬਰ
ਇਲਾਕੇ ਵਿੱਚ ਸਵੇਰ ਤੋਂ ਹੀ ਪੈ ਰਿਹਾ ਭਾਰੀ ਮੀਂਹ ਕਿਸਾਨਾਂ ਲਈ ਆਫ਼ਤ ਬਣ ਗਿਆ ਹੈ। ਬਨੂੜ ਖੇਤਰ ਵਿੱਚ ਵੱਡੀ ਪੱਧਰ ’ਤੇ ਹੁੰਦੀ ਗੋਭੀ ਅਤੇ ਆਲੂ ਦੀ ਕਾਸ਼ਤ ਲਈ ਤਾਜ਼ਾ ਮੀਂਹ ਨੁਕਸਾਨਦੇਹ ਸਾਬਿਤ ਹੋ ਰਿਹਾ ਹੈ। ਕਈ ਥਾਵਾਂ ’ਤੇ ਕਿਸਾਨਾਂ ਦਾ ਹੱਥਾਂ ਨਾਲ ਕੱਟਿਆ ਝੋਨਾ ਪਾਣੀ ਵਿੱਚ ਡੁੱਬ ਗਿਆ ਹੈ। ਜ਼ਮੀਨਾਂ ਗਿੱਲੀਆਂ ਹੋਣ ਕਾਰਨ ਪੱਕੇ ਝੋਨੇ ਦੀ ਵਢਾਈ ਦਸ ਦਿਨ ਪਛੜ ਗਈ ਹੈ। ਬਨੂੜ ਦੀ ਮੰਡੀ ਵਿੱਚ ਵੀ ਨੀਂਵੀਆਂ ਥਾਵਾਂ ਉੱਤੇ ਪਾਣੀ ਭਰ ਗਿਆ ਹੈ।
ਜਾਣਕਾਰੀ ਅਨੁਸਾਰ ਪਿੰਡ ਤਸੌਲੀ, ਅਬਰਾਵਾਂ, ਨੱਤਿਆਂ, ਜੰਗਪੁਰਾ, ਬੂਟਾ ਸਿੰਘ ਵਾਲਾ, ਬੱਸੀ ਈਸੇ ਖਾਂ ਆਦਿ ਵਿੱਚ ਗੋਭੀ ਦੀ ਫ਼ਸਲ ਪਾਣੀ ਦੀ ਮਾਰ ਹੇਠ ਆ ਗਈ ਹੈ। ਜੰਗਪੁਰਾ ਦੇ ਸਾਬਕਾ ਸਰਪੰਚ ਪਰਮਜੀਤ ਸਿੰਘ ਨੇ ਦੱਸਿਆ ਕਿ ਜੇ ਪਾਣੀ ਦਾ ਨਿਕਾਸ ਨਾ ਹੋਇਆ ਤਾਂ ਗੋਭੀ ਸੁੱਕ ਜਾਵੇਗੀ। ਬੱਸੀ ਈਸੇ ਖਾਂ ਦੇ ਗੁਰਬਚਨ ਸਿੰਘ ਨੇ ਦੱਸਿਆ ਕਿ ਉਸ ਦੀ ਸਾਰੀ ਗੋਭੀ ਵਿੱਚ ਪਾਣੀ ਭਰ ਗਿਆ ਹੈ ਜੋ ਫ਼ਸਲ ਲਈ ਮਾਰੂ ਸਾਬਿਤ ਹੋਵੇਗਾ।
ਪਿੰਡ ਤਸੌਲੀ ਦੇ ਕੇਸਰ ਸਿੰਘ, ਹਰਿੰਦਰ ਸਿੰਘ, ਜਗਤਾਰ ਸਿੰਘ, ਗੁਰਭਗਤ ਸਿੰਘ, ਅਵਤਾਰ ਸਿੰਘ ਨੇ ਕਿਹਾ ਕਿ ਮੀਂਹ ਨਾਲ ਗੋਭੀ ਦਾ ਵੱਡੀ ਪੱਧਰ ਉੱਤੇ ਨੁਕਸਾਨ ਹੋਵੇਗਾ। ਕਿਸਾਨ ਬਾਰਸ਼ ਦੇ ਬਾਵਜੂਦ ਆਪਣੀਆਂ ਫ਼ਸਲਾਂ ਨੂੰ ਬਚਾਉਣ ਲਈ ਤਰੱਦਦ ਕਰ ਰਹੇ ਹਨ।
ਦੂਜੇ ਪਾਸੇ ਕਈ ਕਿਸਾਨਾਂ ਨੇ ਦੱਸਿਆ ਕਿ ਤਾਜ਼ਾ ਬੀਜੇ ਗਏ ਆਲੂ ਮੀਂਹ ਕਾਰਨ ਉੱਗਣਗੇ ਨਹੀਂ। ਉਨ੍ਹਾਂ ਦਾ ਆਲੂਆਂ ਦੀ ਬਿਜਾਈ ਉੱਤੇ ਕੀਤਾ ਖ਼ਰਚਾ ਅਜਾਈਂ ਜਾਵੇਗਾ। ਹੋਰਨਾਂ ਸਬਜ਼ੀਆਂ ਲਈ ਵੀ ਭਾਰੀ ਮੀਂਹ ਨੁਕਸਾਨਦੇਹ ਹੈ। ਨੀਵੇਂ ਖੇਤਾਂ ਵਿੱਚ ਪਾਣੀ ਭਰਨ ਨਾਲ ਵੀ ਦੂਜੀਆਂ ਫ਼ਸਲਾਂ ਵੀ ਪ੍ਰਭਾਵਿਤ ਹੋਣਗੀਆਂ।
ਡੇਰਾਬੱਸੀ (ਨਿੱਜੀ ਪੱਤਰ ਪ੍ਰੇਰਕ): ਇੱਥੋਂ ਦੇ ਧਨੌਨੀ ਸਥਿਤ ਅਨਾਜ ਮੰਡੀ ਵਿੱਚ ਸ਼ੈੱਡ ਨਾ ਹੋਣ ਕਾਰਨ ਕਿਸਾਨਾਂ ਵੱਲੋਂ ਲਿਆਂਦੀ ਝੋਨੇ ਦੀ ਫ਼ਸਲ ਭਿੱਜ ਗਈ। ਇਲਾਕੇ ਦੇ ਕਿਸਾਨਾਂ ਵੱਲੋਂ ਤਿਆਰ ਝੋਨੇ ਦੀ ਫ਼ਸਲ ਨੂੰ ਵੇਚਣ ਲਈ ਪਹਿਲਾਂ ਹੀ ਮੰਡੀ ਵਿੱਚ ਪਹੁੰਚਾ ਦਿੱਤਾ ਗਿਆ ਸੀ ਪਰ ਮੀਂਹ ਕਾਰਨ ਫ਼ਸਲ ਖ਼ਰਾਬ ਹੋਣ ਦਾ ਡਰ ਪੈਦਾ ਹੋ ਗਿਆ ਹੈ। ਭਿੱਜਣ ਤੋਂ ਬਚਾਉਣ ਲਈ ਝੋਨੇ ਨੂੰ ਤਰਪਾਲਾਂ ਨਾਲ ਢਕਿਆ ਗਿਆ ਹੈ।
ਜਾਣਕਾਰੀ ਅਨੁਸਾਰ ਧਨੌਨੀ ਅਨਾਜ ਮੰਡੀ ਵਿੱਚ ਲੰਮੇਂ ਸਮੇਂ ਤੋਂ ਕਿਸਾਨ ਸ਼ੈੱਡ ਪਾਉਣ ਦੀ ਮੰਗ ਰਹੇ ਹਨ। ਸਰਕਾਰ ਕਿਸਾਨਾਂ ਦੀ ਮੰਗ ਨੂੰ ਅਣਗੌਲਿਆ ਕਰ ਰਹੀ ਹੈ। ਉਂਜ ਸਰਕਾਰ ਵੱਲੋਂ ਹਾਲੇ ਮੰਡੀ ਵਿੱਚ ਫ਼ਸਲ ਦੀ ਖ਼ਰੀਦ ਸ਼ੁਰੂ ਨਹੀਂ ਕੀਤੀ ਗਈ। ਕਿਸਾਨ ਅਮਰਜੀਤ ਸਿੰਘ, ਸੁਰਮੁੱਖ ਸਿੰਘ ਤੇ ਹਰਚਰਨ ਸਿੰਘ ਨੇ ਦੱਸਿਆ ਕਿ ਇਸ ਵਾਰ ਪਹਿਲਾਂ ਹੀ ਚੀਨੀ ਵਾਇਰਸ ਕਾਰਨ ਝਾੜ ਘੱਟ ਨਿਕਲਿਆ ਹੈ, ਹੁਣ ਮੀਂਹ ਨੇ ਫ਼ਸਲ ਬਰਬਾਦ ਕਰ ਦਿੱਤੀ ਹੈ।
ਇਸ ਸਬੰਧੀ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਹਲਕੇ ਦੀਆਂ ਸਮੱਸਿਆਵਾਂ ਸਬੰਧੀ ਜਾਣੂ ਕਰਵਾਇਆ ਗਿਆ ਹੈ, ਇਨ੍ਹਾਂ ਦੇ ਜਲਦ ਹੱਲ ਹੋਣ ਦੀ ਆਸ ਹੈ।