ਪੱਤਰ ਪ੍ਰੇਰਕ
ਮੋਰਿੰਡਾ, 10 ਜੂਨ
ਇੱਥੋਂ ਦੇ ਰੇਲਵੇ ਅੰਡਰਬ੍ਰਿਜ ਦਾ ਉਦਘਾਟਨ ਲੋਕ ਨਿਰਮਾਣ ਤੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਅਤੇ ਹਲਕਾ ਵਿਧਾਇਕ ਡਾ. ਚਰਨਜੀਤ ਸਿੰਘ ਵੱਲੋਂ ਪਹਿਲੀ ਜੂਨ ਨੂੰ ਕੀਤਾ ਗਿਆ ਸੀ। ਇਸ ਅੰਡਰਬ੍ਰਿਜ ’ਤੇ ਲਗਭਗ 22 ਕਰੋੜ ਦਾ ਖ਼ਰਚਾ ਹੋਇਆ ਸੀ। ਪਹਿਲਾਂ ਤਾਂ ਇਹ ਰੇਲਵੇ ਅੰਡਰਬ੍ਰਿਜ ਡੇਢ ਸਾਲ ਦੇ ਸਮੇਂ ਦੀ ਦੇਰੀ ਨਾਲ ਮੁਕੰਮਲ ਕੀਤਾ ਗਿਆ ਹੈ ਅਤੇ ਹੁਣ ਉਦਘਾਟਨ ਤੋਂ ਹਫ਼ਤੇ ਬਾਅਦ ਹੀ ਟੁੱਟਣਾ ਸ਼ੁਰੂ ਹੋ ਗਿਆ ਹੈ। ਇਸ ਪੁਲ ਦੇ ਉਦਘਾਟਨ ਤੋਂ ਪਹਿਲਾਂ ਵੀ ਇੱਕ ਬਹੁਤ ਵੱਡਾ ਖੱਡਾ ਸੜਕ ’ਤੇ ਪੈ ਗਿਆ ਸੀ। ਇਸੇ ਕਾਰਨ ਇਸ ਪੁਲ ਦਾ ਉਦਘਾਟਨ ਕੁੱਝ ਦਿਨ ਅੱਗੇ ਪਾ ਦਿੱਤਾ ਗਿਆ ਸੀ। ਹੁਣ ਇਸ ਪੁਲ ਵਿੱਚ ਪਾਣੀ ਦੇ ਨਿਕਾਸ ਲਈ ਬਣੀ ਡਰੇਨ ਉੱਪਰ ਰੱਖੀ ਲੋਹੇ ਦੀ ਜਾਲੀ ਹਫ਼ਤੇ ਵਿੱਚ ਹੀ ਟੁੱਟ ਗਈ ਹੈ ਅਤੇ ਵੱਡਾ ਖੱਡਾ ਪੈ ਗਿਆ ਹੈ।
ਇਸੇ ਮਾਮਲੇ ਬਾਰੇ ਜਦੋਂ ਵਿਧਾਇਕ ਡਾ. ਚਰਨਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਨੂੰ ਜਲਦੀ ਠੀਕ ਕਰਵਾਉਣ ਲਈ ਕਾਰਜਸਾਧਕ ਅਫ਼ਸਰ ਮੋਰਿੰਡਾ ਨੂੰ ਹਦਾਇਤ ਜਾਰੀ ਕਰ ਦਿੱਤੀ ਗਈ ਹੈ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਕਰੋੜਾਂ ਰੁਪਏ ਖ਼ਰਚ ਕਰਨ ਤੋਂ ਬਾਅਦ ਵੀ ਜੇ ਲੋਹੇ ਦੀ ਜਾਲੀ ਅੱਠ ਦਿਨ ਵਿੱਚ ਹੀ ਟੁੱਟ ਜਾਂਦੀ ਹੈ ਤਾਂ ਅੰਡਰਬ੍ਰਿਜ ਕਿੰਨੇ ਦਿਨ ਲਈ ਟਿਕੇਗਾ, ਇਸ ਲਈ ਕੰਮ ਕਰਨ ਵਾਲੀ ਏਜੰਸੀ ਅਤੇ ਮਹਿਕਮੇ ਦੀ ਜ਼ਿੰਮੇਵਾਰੀ ਤਹਿ ਕਰਨੀ ਬਣਦੀ ਹੈ।