ਜਗਮੋਹਨ ਸਿੰਘ
ਘਨੌਲੀ, 15 ਅਕਤੂਬਰ
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਆਪਣੇ ਜ਼ਿਲ੍ਹੇ ਰੂਪਨਗਰ ਦੇ ਪੈਟਰੋਲ ਪੰਪ ਮਾਲਕਾਂ ਨੇ ਆਪਣੇ ਪੈਟਰੋਲ ਪੰਪਾਂ ਨੂੰ ਬੰਦ ਕਰਕੇ ਚਾਬੀਆਂ ਮੁੱਖ ਮੰਤਰੀ ਨੂੰ ਸੌਂਪਣ ਦੀ ਤਿਆਰੀ ਕਰ ਲਈ ਹੈ। ਪੈਟਰੋਲ ਪੰਪ ਡੀਲਰਜ਼ ਅਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਸ਼ਿਵ ਕੁਮਾਰ ਜਗੋਤਾ ਨੇ ਦੱਸਿਆ ਕਿ ਡੀਜ਼ਲ ਤੇ ਪੈਟਰੋਲ ਦੀਆਂ ਨਿੱਤ ਵਧ ਰਹੀਆਂ ਕੀਮਤਾਂ ਕਾਰਨ ਤੇਲ ਖ਼ਰੀਦਣਾ ਆਮ ਲੋਕਾਂ ਦੇ ਵੱਸ ਤੋਂ ਬਾਹਰ ਹੁੰਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਗੁਆਂਢੀ ਸੂਬਿਆਂ ਹਿਮਾਚਲ ਪ੍ਰਦੇਸ਼ ਤੇ ਹਰਿਆਣਾ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਪੈਟਰੋਲ ਤੇ ਡੀਜ਼ਲ ’ਤੇ ਟੈਕਸ ਘੱਟ ਹੋਣ ਕਾਰਨ ਉਥੇ ਤੇਲ ਪੰਜਾਬ ਨਾਲੋਂ ਸਸਤਾ ਹੈ। ਇਸ ਦਾ ਨੁਕਸਾਨ ਰੂਪਨਗਰ ਅਤੇ ਮੁਹਾਲੀ ਜ਼ਿਲ੍ਹੇ ਦੇ ਪੈਟਰੋਲ ਪੰਪ ਮਾਲਕਾਂ ਨੂੰ ਹੁੰਦਾ ਹੈ। ਸ੍ਰੀ ਜਗੋਤਾ ਨੇ ਕਿਹਾ ਕਿ ਉਹ ਡੀਜ਼ਲ ਤੇ ਪੈਟਰੋਲ ਦਾ ਟੈਕਸ ਗੁਆਂਢੀ ਸੂਬਿਆਂ ਦੇ ਬਰਾਬਰ ਕਰਨ ਦੀ ਕਈ ਵਾਰ ਮੰਗ ਕਰ ਚੁੱਕੇ ਹਨ, ਪਰ ਕੋਈ ਕਾਰਵਾਈ ਨਹੀਂ ਹੋਈ। ਹੁਣ ਪੈਟਰੋਲ ਪੰਪ ਮਾਲਕਾਂ ਨੇ ਆਪਣੇ ਪੰਪ ਬੰਦ ਕਰਕੇ ਚਾਬੀਆਂ ਮੁੱਖ ਮੰਤਰੀ ਨੂੰ ਸੌਂਪਣ ਦੀ ਤਿਆਰੀ ਕਰ ਲਈ ਹੈ ।
ਫੋਟੋ ਕੈਪਸ਼ਨ:- ਪੈਟਰੋਲੀਅਮ ਡੀਲਰਜ਼ ਐਸੋਸੀਏਸ਼ਨ ਜਿ਼ਲ੍ਹਾ ਰੂਪਨਗਰ ਦੇ ਪ੍ਰਧਾਨ ਸਿ਼ਵ ਕੁਮਾਰ ਜਗੋਤਾ