ਮੁੱਖ ਅੰਸ਼
- ਕਿਸ਼ਨਗੜ੍ਹ ਤੇ ਨਾਲ ਲੱਗਦੇ ਇਲਾਕਿਆਂ ਦੇ ਵਸਨੀਕਾਂ ਦਾ ਜਿਉਣਾ ਹੋਇਆ ਸੀ ਦੁੱਭਰ
- ਹੁਣ ਰਾਹਤ ਮਿਲਣ ਦੀ ਆਸ ਬੱਝੀ
ਆਤਿਸ਼ ਗੁਪਤਾ
ਚੰਡੀਗੜ੍ਹ, 23 ਜੁਲਾਈ
ਇਥੋਂ ਦੀ ਸੁਖਨਾ ਝੀਲ ਦੇ ਰੈਗੂਲੇਟਰੀ ਐਂਡ ’ਤੇ ਦੋ ਦਿਨਾਂ ਤੋਂ ਮਰੀਆਂ ਹੋਈਆਂ ਮੱਛੀਆਂ ਨੂੰ ਮੱਛੀ ਪਾਲਣ ਵਿਭਾਗ ਦੇ ਅਮਲੇ ਨੇ ਕੱਢਣਾ ਸ਼ੁਰੂ ਕਰ ਦਿੱਤਾ ਹੈ। ਇਨ੍ਹਾਂ ਮਰੀਆਂ ਹੋਈਆਂ ਮੱਛੀਆਂ ਦੀ ਬਦਬੂ ਕਾਰਨ ਸ਼ਹਿਰ ਵਾਸੀ ਤੇ ਸੈਲਾਨੀ ਪ੍ਰੇਸ਼ਾਨ ਹੋ ਰਹੇ ਸਨ ਅਤੇ ਕਿਸ਼ਨਗੜ੍ਹ ਅਤੇ ਨਾਲ ਲੱਗਦੇ ਇਲਾਕੇ ਅਤੇ ਝੀਲ ਕੰਢੇ ਬਦਬੂ ਫੈਲ ਹੋਈ ਸੀ ਤੇ ਲੋਕਾਂ ਦਾ ਜਿਊਣਾ ਦੁੱਭਰ ਹੋਇਆ ਪਿਆ ਸੀ। ਉੱਥੇ ਹੀ ਸੁਖਨਾ ਝੀਲ ’ਤੇ ਸੈਰ ਕਰਨ ਆਉਣ ਵਾਲੇ ਅਤੇ ਹੋਰਨਾਂ ਸੈਲਾਨਿਆਂ ਵਿੱਚ ਅਸਹਿਣਯੋਗ ਮਾਹੌਲ ਬਣਿਆ ਹੋਇਆ ਸੀ। ਮਰੀਆਂ ਮੱਛੀਆਂ ਨੂੰ ਕੱਢਣ ਤੋਂ ਪਹਿਲਾਂ ਯੂਟੀ ਪ੍ਰਸ਼ਾਸਨ ਅਤੇ ਜੰਗਲਾਤ ਵਿਭਾਗ ਇਕ ਦੂਜੇ ’ਤੇ ਗੱਲ ਸੁੱਟ ਕੇ ਖੁਦ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸਨ ਹਾਲਾਂਕਿ ਪਸ਼ੂ ਪਾਲਣ ਅਤੇ ਮੱਛੀ ਪਾਲਣ ਵਿਭਾਗ ਵੱਲੋਂ ਮੱਛੀਆਂ ਦੀ ਮੌਤ ਦੇ ਕਾਰਨਾਂ ਬਾਰੇ ਜਾਂਚ ਕੀਤੀ ਜਾ ਰਹੀ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਸੁਖਨਾ ਝੀਲ ਵਿੱਚ ਪਾਣੀ ਦਾ ਪੱਧਰ ਵਧਣ ਕਰਕੇ ਪਿਛਲੇ ਹਫ਼ਤੇ 12 ਘੰਟਿਆਂ ਲਈ ਫਲੱਡ ਗੇਟ ਖੋਲ੍ਹੇ ਗਏ ਸਨ। ਸੁਖਨਾ ਝੀਲ ਵਿੱਚ ਮਿੱਟੀ ਵਾਲੇ ਪਾਣੀ ਦੀ ਆਮਦ ਅਤੇ ਫਲੱਡ ਗੇਟ ਖੋਲ੍ਹਣ ਕਾਰਨ ਪਾਣੀ ਵਿੱਚ ਆਕਸੀਜਨ ਦਾ ਪੱਧਰ ਘੱਟ ਜਾਂਦਾ ਹੈ ਜਿਸ ਕਾਰਨ ਮੱਛੀਆਂ ਦੀ ਅਕਸਰ ਮੌਤ ਹੋ ਜਾਂਦੀ ਹੈ। ਸੁਖਨਾ ਝੀਲ ’ਤੇ ਨਿੱਤ ਸੈਰ ਕਰਨ ਵਾਲੇ ਜੀਐੱਸ ਢਿੱਲੋਂ ਨੇ ਕਿਹਾ ਕਿ ਪ੍ਰਸ਼ਾਸਨ ਦੀ ਕਥਿਤ ਅਣਦੇਖੀ ਕਰਕੇ ਸੁਖਨਾ ਝੀਲ ’ਤੇ ਆਉਣ ਵਾਲੇ ਸੈਲਾਨੀਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਚੰਡੀਗੜ੍ਹ ਵਾਸੀਆਂ ਵੱਲੋਂ ਰੋਜ਼ਾਨਾ ਕੀਤੀਆਂ ਜਾ ਰਹੀਆਂ ਸ਼ਿਕਾਇਕਤਾਂ ਕਾਰਨ ਹੀ ਮੱਛੀ ਪਾਲਣ ਵਿਭਾਗ ਨੇ ਕਾਰਵਾਈ ਕਰਦਿਆਂ ਮਰੀਆਂ ਮੱਛੀਆਂ ਨੂੰ ਝੀਲ ਵਿੰਚੋਂ ਕੱਢਣ ਦੀ ਕਾਰਵਾਈ ਆਰੰਭੀ ਹੈ। ਦੱਸਣਯੋਗ ਹੈ ਕਿ ਪਿਛਲੇ ਸਾਲ 2021 ਵਿੱਚ ਵੀ ਮੌਨਸੂਨ ਦੌਰਾਨ ਸੁਖਨਾ ਝੀਲ ਵਿੱਚ ਪਾਣੀ ਦਾ ਪੱਧਰ ਵਧਣ ਕਰਕੇ ਮਰੀਆਂ ਹੋਈਆਂ ਮੱਛੀਆਂ ਮਿਲੀਆਂ ਸਨ। ਇਸ ਤੋਂ ਪਹਿਲਾਂ ਸਾਲ 2018 ਅਤੇ ਉਸ ਦੇ ਪਹਿਲਾਂ ਸਾਲ 2008 ਵਿੱਚ ਵੀ ਝੀਲ ਵਿੱਚ ਮੱਛੀਆਂ ਮਰੀਆਂ ਹੋਈਆਂ ਮਿਲੀਆਂ ਸਨ।
ਮੱਛੀਆਂ ਦੀ ਮੌਤ ਬਾਰੇ ਜਾਂਚ ਜਾਰੀ
ਪਸ਼ੂ ਪਾਲਣ ਵਿਭਾਗ ਦੇ ਸੰਯੁਕਤ ਸਕੱਤਰ ਡਾ. ਕੰਵਰਜੀਤ ਸਿੰਘ ਅਨੁਸਾਰ ਮੌਨਸੂਨ ਸੀਜ਼ਨ ਦੌਰਾਨ ਪਾਣੀ ਵਿੱਚ ਰਹਿਣ ਵਾਲੇ ਕਈ ਜੀਵਾਂ ਦੀ ਮੌਤ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਕਿਸੇ ਨੂੰ ਡਰਨ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਮੱਛੀਆਂ ਦੀ ਮੌਤ ਦੇ ਕਾਰਨਾਂ ਦੀ ਜਾਂਚ ਵੀ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਪਿਛਲੇ ਦੋ-ਤਿੰਨ ਸਾਲਾਂ ਤੋਂ ਲਗਾਤਾਰ ਸੁਖਨਾ ਝੀਲ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਮੱਛੀਆਂ ਦੀ ਮੌਤ ਹੋ ਜਾਂਦੀ ਹੈ।