ਆਤਿਸ਼ ਗੁਪਤਾ
ਚੰਡੀਗੜ੍ਹ, 23 ਅਗਸਤ
ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਦੇ ਨਾਲ ਲਗਦੇ ਮੁੱਲਾਪੁਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੇਰੀ ਕਾਰਨ ਸਾਰਾ ਦਿਨ ਸਿਟੀ ਬਿਊਟੀਫੁੱਲ ਦੀ ਰਫ਼ਤਾਰ ਨੂੰ ਬਰੇਕਾਂ ਲੱਗੀਆਂ ਰਹੀਆਂ। ਸ਼ਹਿਰ ਵਿੱਚ ਥਾਂ-ਥਾਂ ’ਤੇ ਜਾਮ ਲੱਗੇ ਰਹੇ, ਜਿਸ ਕਰਕੇ ਆਉਣ-ਜਾਉਣ ਵਿੱਚ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹੈ। ਪ੍ਰਧਾਨ ਮੰਤਰੀ ਨੇ 24 ਅਗਸਤ ਨੂੰ ਕੈਂਸਰ ਹਸਪਤਾਲ ਦਾ ਉਦਘਾਟਨ ਕਰਨ ਲਈ ਪਹੁੰਚਣ ਹੈ। ਇਸ ਲਈ ਪੰਜਾਬ ਅਤੇ ਚੰਡੀਗੜ੍ਹ ਪੁਲੀਸ ਤੋਂ ਇਲਾਵਾ ਸ਼ਹਿਰ ਭਰ ’ਚ ਵੱਡੀ ਗਿਣਤੀ ਵਿੱਚ ਕੇਂਦਰੀ ਸੁਰੱਖਿਆ ਬੱਸ ਵੀ ਤਾਇਨਾਤ ਕੀਤੇ ਗਏ ਹਨ। ਜਿਨ੍ਹਾਂ ਵੱਲੋਂ ਮੁੱਲਾਪੁਰ ਵੱਲ ਜਾਣ ਵਾਲੀਆਂ ਸਾਰੀਆਂ ਸੜਕਾਂ ’ਤੇ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਇਸ ਕਰਕੇ ਸ਼ਹਿਰ ਦੇ ਲੋਕਾਂ ਨੂੰ ਬਹੁਤ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਹੀ ਨਹੀਂ ਸਮਾਗਮ ਵਾਲੀ ਥਾਂ ਪੀਜੀਆਈ ਤੋਂ ਕੁਝ ਦੁਰੀ ’ਤੇ ਹੋਣ ਕਰਕੇ ਪੀਜੀਆਈ ਆਉਣ ਵਾਲੇ ਮਰੀਜ਼ਾਂ ਨੂੰ ਵੀ ਭਾਰੀ ਪ੍ਰੇਸ਼ਾਨੀ ਹੋਈ।
ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਵਾਈ ਜਹਾਜ਼ ਰਾਹੀ ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ ’ਤੇ ਪਹੁੰਚਣਗੇ। ਉਸ ਤੋਂ ਬਾਅਦ ਹੈਲੀਕਾਪਟਰ ਰਾਹੀਂ ਜਾਂ ਸੜਕ ਰਾਹੀ ਸਮਾਗਮ ਵਾਲੀ ਥਾਂ ’ਤੇ ਜਾਉਣਗੇ। ਜਿਸ ਕਰਕੇ ਪੁਲੀਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਚਲਦਿਆਂ ਅੱਜ ਰਿਹਰਸਲ ਵੀ ਕੀਤੀ ਗਈ ਤਾਂ ਜੋ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿੱਚ ਕੋਈ ਕੋਤਾਹੀ ਨਾ ਵਰਤੀ ਜਾ ਸਕੇ। ਪੁਲੀਸ ਪ੍ਰਸ਼ਾਸਨ ਤੇ ਹੋਰਨਾਂ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵਾਰ-ਵਾਰ ਸ਼ਹਿਰ ਵਿੱਚ ਗਸ਼ਤ ਕਰਕੇ ਵੀ ਸ਼ਹਿਰ ਦੀਆਂ ਸੜਕਾਂ ’ਤੇ ਜਾਮ ਵਰਗੇ ਹਾਲਾਤ ਬਣੇ ਰਹੇ। ਸ਼ਹਿਰ ਦੇ ਚੌਕਾ ਨੂੰ ਪਾਰ ਕਰਨ ਲਈ ਲੋਕਾਂ ਨੂੰ ਕਾਫੀ-ਕਾਫੀ ਸਮਾਂ ਇੰਤਜ਼ਾਰ ਕਰਨਾ ਪਿਆ ਹੈ। ਸ਼ਹਿਰ ਵਾਸੀਆਂ ਦਾ ਮੰਨਣਾ ਹੈ ਕਿ ਜੇ ਪ੍ਰਧਾਨ ਮੰਤਰੀ ਦੀ ਫੈਰੀ ਦੀਆਂ ਤਿਆਰੀਆਂ ਕਰਕੇ ਸ਼ਹਿਰ ਵਿੱਚ ਇੰਨਾ ਜਾਮ ਲੱਗਿਆ ਰਿਹਾ ਤਾਂ 24 ਅਗਸਤ ਦਿਨ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਦੀ ਫੈਰੀ ਸਮੇਂ ਕਿਸ ਤਰ੍ਹਾਂ ਦਾ ਹਾਲ ਹੋਵੇਗਾ।
ਸਿਟੀ ਬਿਊਟੀਫੁੱਲ ’ਚ ਧਾਰਾ 144 ਲਾਗੂ; ਡਰੋਨ ਉਡਾਉਣ ’ਤੇ ਪਾਬੰਦੀ
ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ) ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਦੇ ਨਾਲ ਲਗਦੇ ਇਲਾਕੇ ਮੁੱਲਾਪੁਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੇਰੀ ਨੂੰ ਲੈ ਕੇ ਚੰਡੀਗੜ੍ਹ ਤੇ ਪੰਜਾਬ ਪੁਲੀਸ ਪੁਰੀ ਤਰ੍ਹਾਂ ਚੌਕਸੀ ਵਰਤ ਰਹੀ ਹੈ। ਜਿਨ੍ਹਾਂ ਵੱਲੋਂ ਸਮਾਗਮ ਵਾਲੀ ਥਾਂ ਦੇ ਆਲੇ-ਦੁਆਲੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਉਸ ਦੇ ਨਾਲ ਹੀ ਯੂਟੀ ਪ੍ਰਸ਼ਾਸਨ ਨੇ ਸ਼ਹਿਰ ਵਿੱਚ ਧਾਰਾ 144 ਲਾਗੂ ਕਰ ਦਿੱਤੀ ਹੈ। ਇਸ ਦੌਰਾਨ 24 ਅਗਸਤ ਨੂੰ ਸ਼ਹਿਰ ਵਿੱਚ ਡਰੋਨ ਉਡਾਉਣ ਤੇ ਹਥਿਆਰ ਲੈ ਕੇ ਨਿਕਲਣ ’ਤੇ ਪੁਰੀ ਤਰ੍ਹਾਂ ਪਾਬੰਦੀ ਲਗਾਈ ਗਈ ਹੈ। ਇਹ ਆਦੇਸ਼ ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਵਿਨੈ ਪ੍ਰਤਾਪ ਸਿੰਘ ਨੇ ਜਾਰੀ ਕੀਤੇ ਹਨ। ਡਿਪਟੀ ਕਮਿਸ਼ਨਰ ਵਿਨੈ ਪ੍ਰਤਾਪ ਸਿੰਘ ਵੱਲੋਂ ਜਾਰੀ ਆਦੇਸ਼ਾਂ ਅਨੁਸਾਰ ਸਿਟੀ ਬਿਊਟੀਫੁੱਲ ਵਿੱਚ ਪ੍ਰਧਾਨ ਮੰਤਰੀ ਦੀ ਫੇਰੀ ਦੇ ਚਲਦਿਆਂ 24 ਅਗਸਤ ਨੂੰ ਸਾਰਾ ਦਿਨ ਸ਼ਹਿਰ ’ਚ ਵੀਵੀਆਈਪੀ ਮੂਵਮੈਂਟ ਕਰਕੇ ਧਾਰਾ 144 ਲਾਗੂ ਕੀਤੀ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਡਰੋਨ ਉਡਾਉਣ ਤੇ ਹਥਿਆਰ ਲੈ ਕੇ ਨਿਕਲਣ ’ਤੇ ਪੁਰੀ ਤਰ੍ਹਾਂ ਪਾਬੰਦੀ ਰਹੇਗੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਪਾਬੰਦੀ ਪੁਲੀਸ ਅਰਧ ਸੈਨਿਕ ਬੱਸ, ਹਵਾਈ ਸੈਨਾ ਤੇ ਐੱਸਪੀਜੀ ਦੇ ਮੁਲਾਜ਼ਮਾਂ ’ਤੇ ਲਾਗੂ ਨਹੀਂ ਹੋਣਗੇ। ਉਨ੍ਹਾਂ ਕਿਹਾ ਕਿ ਜੇ ਕੋਈ ਵਿਅਕਤੀ ਆਦੇਸ਼ਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਹਸਪਤਾਲ ਵੱਲ ਜਾਣ ਵਾਲੀ ਸੜਕ ’ਤੇ ਪੰਜਾਬ ਪੁਲੀਸ ਤੇ ਪੈਰਾ-ਮਿਲਟਰੀ ਤਾਇਨਾਤ
ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 23 ਅਗਸਤ
ਪ੍ਰਧਾਨ ਮੰਤਰੀ ਦੀ ਫੇਰੀ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਮੁਹਾਲੀ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਹਸਪਤਾਲ ਨੂੰ ਜਾਣ ਵਾਲੀ ਸੜਕ ’ਤੇ ਬੈਰੀਕੇਟਿੰਗ ਕਰਕੇ ਸੀਲ ਕੀਤਾ ਗਿਆ ਹੈ ਤੇ ਚੱਪੇ-ਚੱਪੇ ’ਤੇ ਪੰਜਾਬ ਪੁਲੀਸ ਦੇ ਜਵਾਨ ਤੇ ਪੈਰਾ ਮਿਲਟਰੀ ਫੋਰਸ ਤਾਇਨਾਤ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਅਮਿਤ ਤਲਵਾੜ ਤੇ ਰੂਪਨਗਰ ਰੇਂਜ ਦੇ ਡੀਆਈਜੀ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਗੁਆਂਢੀ ਸੂਬਿਆਂ ਨਾਲ ਲੱਗਦੀਆਂ ਹੱਦਾਂ ਸੀਲ ਕੀਤੀਆਂ ਗਈਆਂ ਹਨ ਤੇ ਸ਼ੱਕੀ ਵਿਅਕਤੀਆਂ ’ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਿਊ ਚੰਡੀਗੜ੍ਹ ’ਚ ਭਾਰਤ ਸਰਕਾਰ ਦੇ ਪ੍ਰਮਾਣੂ ਊਰਜਾ ਵਿਭਾਗ ਦੀ ਸਹਾਇਤਾ ਪ੍ਰਾਪਤ ਤੇ 660 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਗਏ ਟਾਟਾ ਮੈਮੋਰੀਅਲ ਸੈਂਟਰ (ਹੋਮੀ ਭਾਭਾ ਕੈਂਸਰ ਹਸਪਤਾਲ ਤੇ ਖੋਜ ਕੇਂਦਰ) ਬੁੱਧਵਾਰ ਨੂੰ ਲੋਕਾਂ ਨੂੰ ਸਮਰਪਿਤ ਕਰਨਗੇ।
ਪ੍ਰਧਾਨ ਮੰਤਰੀ ਦੇ ਹੈਲੀਕਾਪਟਰ ਨੂੰ ਉਤਾਰਨ ਲਈ ਸਮਾਗਮ ਨੇੜੇ ਦੋ ਹੈਲੀਪੈਡ ਬਣਾਏ ਗਏ ਹਨ। ਹਸਪਤਾਲ ਦਾ ਉਦਘਾਟਨ ਕਰਨ ਮਗਰੋਂ ਰੈਲੀ ਕਰਨ ਲਈ ਆਲੀਸ਼ਾਨ ਪੰਡਾਲ ਬਣਾਇਆ ਗਿਆ ਹੈ। ਜਿੱਥੇ ਮਹਿਮਾਨਾਂ ਤੇ ਦਰਸ਼ਕਾਂ ਦੀ ਹਰ ਸੁੱਖ ਸਹੂਲਤ ਦਾ ਖ਼ਾਸ ਖਿਆਲ ਰੱਖਿਆ ਗਿਆ ਹੈ। ਮੁੱਲਾਂਪੁਰ ਗਰੀਬਦਾਸ-ਮਾਜਰਾ 6 ਮਾਰਗੀ ਸੜਕ ਸਣੇ ਓਮੈਕਸ ਰਾਣੀਮਾਜਰਾ ਵੱਲ ਜਾਂਦੀ ਸੜਕ ਨੂੰ ਦੁਲਹਨ ਵਾਂਗ ਸਜਾਇਆ ਗਿਆ ਹੈ। ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਪਹੁੰਚੇ ਆਈਜੀ ਜਸਕਰਨ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਆਮਦ ਨੂੰ ਦੇਖਦਿਆਂ ਪੁਲੀਸ ਵੱਲੋਂ ਸੁਰੱਖਿਆ ਇੰਤਜ਼ਾਮ ਕੀਤੇ ਗਏ ਹਨ। ਇਲਾਕੇ ’ਚ ਤਿੰਨ ਹਜ਼ਾਰ ਤੋਂ ਵੱਧ ਪੁਲੀਸ ਜਵਾਨ ਤਾਇਨਾਤ ਕੀਤੇ ਹਨਅਤੇ ਪੁਲੀਸ ਮੁਲਾਜ਼ਮਾਂ ਨੂੰ ਸੁਰੱਖਿਆ ਡਿਊਟੀ ਦੀ ਅਹਿਮੀਅਤ ਬਾਰੇ ਸਮਝਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੀ ਸੁਰੱਖਿਆ ਲਈ ਵਿਸ਼ੇਸ਼ ਸਿਕਿਉਰਿਟੀ ਸਿਸਟਮ ਬਣਾਇਆ ਗਿਆ ਹੈ ਤੇ ਹਰ ਪਾਸੇ ਪੂਰੀ ਮੁਸਤੈਦੀ ਨਾਲ ਸੁਰੱਖਿਆ ਪ੍ਰਬੰਧ ਮਜ਼ਬੂਤ ਕੀਤੇ ਗਏ ਹਨ। ਇਸ ਤੋਂ ਇਲਾਵਾ ਬੁਲੇਟ ਪਰੂਫ਼ ਵਾਹਨ, ਬੰਬ ਨਿਰੋਧਕ ਦਸਤੇ ਤੇ ਡਾਗ ਸੈਕੁਅਡ ਨੇ ਪਹਿਲਾਂ ਹੀ ਸਮਾਗਮ ਵਾਲੀ ਥਾਂ ’ਤੇ ਤਲਾਸ਼ੀ ਅਭਿਆਨ ਸ਼ੁਰੂ ਕਰ ਦਿੱਤਾ ਹੈ।