ਪੱਤਰ ਪ੍ਰੇਰਕ
ਕੁਰਾਲੀ, 18 ਅਪਰੈਲ
ਸਥਾਨਕ ਸ਼ਹਿਰ ਦੀ ਗੋਹਰ ਰੋਡ ਵਿੱਚ ਲਟਕ ਰਹੀਆਂ ਬਿਜਲੀ ਦੀਆਂ ਤਾਰਾਂ ਸੜਕ ਤੋਂ ਲੰਘ ਰਹੇ ਟਰੱਕ ਵਿੱਚ ਫਸ ਕੇ ਟੁੱਟ ਗਈਆਂ। ਹਾਈ ਵੋਲਟੇਜ ਤਾਰਾਂ ਟੁੱਟਣ ਦੇ ਬਾਵਜੂਦ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ।
ਜਾਣਕਾਰੀ ਅਨੁਸਾਰ ਵਾਰਡ 14 ਤੇ 15 ’ਚੋਂ ਲੰਘਦੀ ਗੋਹਰ ਰੋਡ ’ਤੇ ਹਾਈ ਵੋਲਟੇਜ ਤਾਰਾਂ ਤੇ ਕਈ ਟਰਾਂਸਫਾਰਮਰ ਲੱਗੇ ਹੋਏ ਹਨ ਤੇ ਸੜਕ ਤੋਂ ਲੰਘਦੀਆਂ ਤਾਰਾਂ ਢਿੱਲੀਆਂ ਹਨ। ਅੱਜ ਗੋਹਰ ਰੋਡ ’ਤੇ ਜਾ ਰਿਹਾ ਟਰੱਕ ਜਦੋਂ ਇਨ੍ਹਾਂ ਤਾਰਾਂ ਹੇਠੋਂ ਲੰਘ ਰਹੇ ਟਰੱਕ ਵਿੱਚ ਤਾਰਾਂ ਫਸ ਗਈਆਂ ਤੇ ਟੁੱਟ ਗਈਆਂ। ਟੁੱਟੀਆਂ ਤਾਰਾਂ ਵਿੱਚ ਬਿਜਲੀ ਦਾ ਕਰੰਟ ਹੋਣ ਦੇ ਬਾਵਜੂਦ ਜਾਨੀ ਨੁਕਸਾਨ ਤੋਂ ਤਾਂ ਬਚਾਅ ਹੋ ਗਿਆ ਪਰ ਲੋਕਾਂ ਵਿੱਚ ਹਫੜਾ-ਦਫੜੀ ਮਚ ਗਈ। ਇਸ ਦੀ ਸੂਚਨਾ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਦਿੱਤੀ ਗਈ। ਸੂਚਨਾ ਮਿਲਦੇ ਹੀ ਮੌਕੇ ’ਤੇ ਪਹੁੰਚੇ ਪਾਵਰਕੌਮ ਦੇ ਮੁਲਾਜ਼ਮਾਂ ਨੇ ਤੁਰੰਤ ਬਿਜਲੀ ਸਪਲਾਈ ਬੰਦ ਕਰਵਾ ਕੇ ਤਾਰਾਂ ਦੀ ਮੁਰੰਮਤ ਦਾ ਕੰਮ ਸ਼ੁਰੂ ਕਰਵਾਇਆ। ਲੋਕਾਂ ਨੇ ਬਿਜਲੀ ਵਿਭਾਗ ਤੋਂ ਮੰਗ ਕੀਤੀ ਹੈ ਕਿ ਢਿੱਲੀਆਂ ਤਾਰਾਂ ਨੂੰ ਠੀਕ ਕੀਤਾ ਜਾਵੇ।