ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 13 ਜਨਵਰੀ
ਯੂਟੀ ਵਿੱਚ ਸਟੇਟ ਤਾਲਮੇਲ ਅਫਸਰ ਦੀ ਅਸਾਮੀ ਪਿਛਲੇ ਇਕ ਸਾਲ ਤੋਂ ਖਾਲੀ ਪਈ ਹੈ ਜਿਸ ਕਾਰਨ ਕੇਂਦਰ ਵੱਲੋਂ ਆਈਆਂ ਗਰਾਂਟਾਂ ਅਣਵਰਤੀਆਂ ਹੀ ਵਾਪਸ ਹੋ ਗਈਆਂ ਹਨ। ਇਸ ਤੋਂ ਇਲਾਵਾ ਐੱਨਐੱਸਐੱਸ ਦੇ ਕੰਮ ਵੀ ਪ੍ਰਭਾਵਿਤ ਹੋ ਰਹੇ ਹਨ। ਦੂਜੇ ਪਾਸੇ ਸਿੱਖਿਆ ਵਿਭਾਗ ਨੇ ਜਲਦੀ ਹੀ ਅਸਾਮੀ ਭਰਨ ਦਾ ਦਾਅਵਾ ਕੀਤਾ ਹੈ।
ਜਾਣਕਾਰੀ ਅਨੁਸਾਰ ਚੰਡੀਗੜ੍ਹ ਵਿੱਚ ਲੰਮਾ ਸਮਾਂ ਤਾਇਨਾਤ ਰਹੇ ਬਿਕਰਮ ਸਿੰਘ ਰਾਣਾ ਨੂੰ ਪਿਛਲੇ ਸਾਲ ਪਿੱਤਰੀ ਰਾਜ ਭੇਜਣ ਦੇ ਹੁਕਮ ਜਾਰੀ ਹੋ ਗਏ ਸਨ। ਇਸ ਅਧਿਕਾਰੀ ਨੇ ਪਿੱਤਰੀ ਰਾਜ ਜਾਣ ਦੀ ਬਜਾਏ ਵੀਆਰਐੱਸ ਲੈ ਲਈ। ਇਸ ਤੋਂ ਬਾਅਦ ਸ਼ਹਿਰ ਵਿੱਚ ਇਸ ਅਸਾਮੀ ’ਤੇ ਕੋਈ ਤਾਇਨਾਤੀ ਨਹੀਂ ਹੋਈ। ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਸ ਅਧਿਕਾਰੀ ਦਾ ਕੰਮ ਸ਼ਹਿਰ ਦੇ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਦੀ ਬਿਹਤਰੀ ਲਈ ਕੰਮ ਕਰਨਾ ਹੁੰਦਾ ਹੈ। ਇਸ ਤੋਂ ਇਲਾਵਾ ਕਾਲਜਾਂ ਦੇ ਦਾਖਲੇ ਵੀ ਇਸ ਅਧਿਕਾਰੀ ਜ਼ਰੀਏ ਹੁੰਦੇ ਸਨ। ਇਹ ਅਧਿਕਾਰੀ ਐੱਨਐੱਸਐੱਸ ਦੀਆਂ ਕੇਂਦਰ ਤੋਂ ਆਈਆਂ ਗਰਾਂਟਾਂ ਨੂੰ ਅੱਗੇ ਭੇਜਦਾ ਸੀ ਪਰ ਅਸਾਮੀ ਖਾਲੀ ਹੋਣ ਕਾਰਨ ਕੇਂਦਰ ਵੱਲੋਂ ਆਈ ਪੰਜ ਲੱਖ ਦੀ ਇਕ ਗਰਾਂਟ ਤੇ ਹੋਰ ਵੀ ਕਈ ਗਰਾਂਟਾਂ ਅਣਵਰਤੀਆਂ ਹੀ ਰਹਿ ਗਈਆਂ ਹਨ।
ਕੋਵਿਡ ਕਾਰਨ ਅਸਾਮੀ ਭਰਨ ਦੀ ਪ੍ਰਕਿਰਿਆ ਰੁਕੀ: ਡਾਇਰੈਕਟਰ
ਡਾਇਰੈਕਟਰ ਪਾਲਿਕਾ ਅਰੋੜਾ ਨੇ ਦੱਸਿਆ ਕਿ ਉਨ੍ਹਾਂ ਦੇ ਚੰਡੀਗੜ੍ਹ ਵਿੱਚ ਜੁਆਇਨ ਕਰਨ ਤੋਂ ਪਹਿਲਾਂ ਤੋਂ ਇਹ ਅਸਾਮੀ ਖਾਲੀ ਪਈ ਹੈ। ਵਿਭਾਗ ਨੇ ਇਕ ਵਾਰ ਇੰਟਰਵਿਊ ਵੀ ਸੱਦੀ ਸੀ ਪਰ ਕਰੋਨਾ ਕਾਰਨ ਇਹ ਪ੍ਰਕਿਰਿਆ ਮੁਕੰਮਲ ਨਹੀਂ ਹੋਈ ਪਰ ਉਹ ਅੱਜ ਹੀ ਇਸ ਸਬੰਧੀ ਫਾਈਲ ਕਢਵਾ ਕੇ ਬਣਦੀ ਕਾਰਵਾਈ ਕਰਨਗੇ।