ਪੱਤਰ ਪ੍ਰੇਰਕ
ਲਾਲੜੂ, 8 ਸਤੰਬਰ
ਪੰਜਾਬ ਸਕੂਲ ਸਿੱਖਿਆ ਵਿਭਾਗ ਦੀ ਖੇਡ ਨੀਤੀ ਤਹਿਤ ਬਲਾਕ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਸਰਕਾਰੀ ਪ੍ਰਾਇਮਰੀ ਸਕੂਲ ਲਾਲੜੂ ਵਿੱਚ ਸਮਾਪਤ ਹੋਈਆਂ। ਖੇਡਾਂ ਦੌਰਾਨ ਵਿਦਿਆਰਥੀਆਂ ਨੇ ਆਪਣੇ ਕਲਾ ਦੇ ਜੌਹਰ ਦਿਖਾਏ। ਵਿਭਾਗ ਦੇ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਦੇਵਕਰਨ ਸਿੰਘ ਨੇ ਦੱਸਿਆ ਕਿ ਖੇਡਾਂ ਦੂਜੇ ਤੇ ਆਖਰੀ ਦਿਨ ਉਪ ਜ਼ਿਲ੍ਹਾ ਸਿੱਖਿਆ ਅਫਸਰ ਮੁਹਾਲੀ ਸੁਰਜੀਤ ਕੌਰ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਅਤੇ ਜੇਤੂ ਟੀਮਾਂ ਨੂੰ ਇਨਾਮ ਵੰਡੇ। ਇਨ੍ਹਾਂ ਖੇਡਾਂ ਵਿੱਚ ਪ੍ਰਾਇਮਰੀ ਸਕੂਲ ਦੇ ਸੱਤ ਕਲੱਸਟਰਾਂ ਨੇ ਆਪਣੀ ਟੀਮਾਂ ਨਾਲ ਭਾਗ ਲਿਆ, ਜਿਨ੍ਹਾਂ ਵਿੱਚ ਕਬੱਡੀ ਮੁੰਡੇ ਅਤੇ ਕੁੜੀਆਂ ਲਾਲੜੂ ਮੰਡੀ, ਖੋ-ਖੋ ਮੁੰਡੇ ਅਤੇ ਕੁੜੀਆਂ ਵੀ ਲਾਲੜੂ ਮੰਡੀ, ਰੱਸੀ ਟੱਪਣਾ ਮੁੰਡੇ ਲਾਲੜੂ ਪਿੰਡ ਅਤੇ ਕੁੜੀਆਂ ਦੱਪਰ, ਸ਼ਤਰੰਜ ਮੁੰਡੇ ਲਾਲੜੂ ਮੰਡੀ ਤੇ ਕੁੜੀਆਂ ਰਾਣੀਮਾਜਰਾ, ਤੈਰਾਕੀ ਵਿੱਚ ਮੁੰਡੇ ਦੱਪਰ, ਕੁੜੀਆਂ ਰਾਣੀਮਾਜਰਾ, ਗੋਲਾ ਸੁੱਟਣ ਵਿੱਚ ਮੁੰਡੇ ਲਾਲੜੂ ਮੰਡੀ ਅੱਵਲ ਰਹੇ।
ਕੁਰਾਲੀ (ਪੱਤਰ ਪ੍ਰੇਰਕ): ਸੈਂਟਰ ਕੁਰਾਲੀ-2 ਦੀਆਂ ਖੇਡਾਂ ਸਰਕਾਰੀ ਪ੍ਰਾਇਮਰੀ ਸਕੂਲ ਚਨਾਲੋਂ ਦੇ ਖੇਡ ਦੇ ਮੈਦਾਨ ਵਿੱਚ ਹੋਈਆਂ। ਮੁੱਖ ਅਧਿਆਪਕ ਰਵਿੰਦਰ ਸਿੰਘ ਪੱਪੀ ਸਿੱਧੂ ਨੇ ਦੱਸਿਆ ਕਿ 100 ਮੀਟਰ ਦੌੜ ਦੇ ਮੁੰਡਿਆਂ ਦੇ ਮੁਕਾਬਲੇ ਵਿੱਚ ਗੋਰੀ ਕੁਰਾਲੀ (ਨੰਬਰ-2) ਨੇ ਪਹਿਲਾ ਤੇ ਅੰਕਿਤ ਚਨਾਲੋਂ ਨੇ ਦੂਜਾ, ਕੁੜੀਆਂ ਦੀ ਦੌੜ ਵਿੱਚ ਮਾਲਤੀ ਚਨਾਲੋਂ ਨੇ ਪਹਿਲਾ ਤੇ ਸਵੇਤਾ ਕੁਰਾਲੀ ਨੰਬਰ-1 ਨੇ ਦੂਜਾ ਸਥਾਨ ਹਾਸਲ ਕੀਤਾ। ਦੌੜਾਂ ਦੇ 200 ਮੀਟਰ ਦੇ ਮੁਕਾਬਲੇ ਦੇ ਲੜਕਿਆਂ ਦੇ ਵਰਗ ਵਿੱਚ ਗੋਰੀ ਕੁਰਾਲੀ (ਨੰਬਰ-2) ਨੇ ਜਦਕਿ ਕੁੜੀਆਂ ਵਿੱਚ ਸੋਨੀਆ ਸਕੂਲ ਚਨਾਲੋ ਨੇ ਪਹਿਲਾ, 400 ਮੀਟਰ ਮੁੰਡਿਆਂ ਦੇ ਮੁਕਾਬਲੇ ਵਿੱਚ ਨਵਦੀਪ ਚਟੌਲੀ ਤੇ ਕੁੜੀਆਂ ਦੇ ਵਰਗ ਵਿੱਚ ਸਵੇਤਾ ਕੁਰਾਲੀ (ਨੰਬਰ-1) ਨੇ ਪਹਿਲਾ ਸਥਾਨ ਹਾਸਲ ਕੀਤਾ। ਲੜਕਿਆਂ ਦੀ ਲੰਬੀ ਛਾਲ ਵਿੱਚ ਸੂਰਜ ਚਨਾਲੋਂ ਤੇ ਕੁੜੀਆਂ ਵਿੱਚੋਂ ਰਾਗਨੀ ਚਨਾਲੋਂ ਜਦਕਿ, ਰੱਸੀ ਟੱਪਣ ਵਿੱਚ ਸੋਨੀਆ ਚਟੌਲੀ ਅੱਵਲ ਰਹੇ। ਕੁਸ਼ਤੀ ਦੇ 25 ਕਿੱਲੋਭਾਰ ਵਰਗ ਵਿੱਚ ਬਿਸ਼ਨ ਕੁਰਾਲੀ (ਨੰਬਰ-2) ਨੇ ਤੇ 30 ਕਿੱਲੋ ਵਰਗ ਵਿੱਚ ਸੁਖਜੀਤ ਚਟੌਲੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।